• Home
  • ਹੁਣ ਫ਼ਤਿਹਗੜ੍ਹ ਸਾਹਿਬ ਦੇ ਅਕਾਲੀ ,ਕਾਂਗਰਸੀ ਉਮੀਦਵਾਰਾਂ ਨੇ ਅਪਰਾਧਿਕ ਪਿਛੋਕੜ ਵਾਲਿਆਂ ਤੇ ਡੋਰੇ ਪਾਏ -ਅਕਾਲੀਆਂ ਨੇ ਬਣਾਇਆ ਸ਼ਹਿਰੀ ਪ੍ਰਧਾਨ

ਹੁਣ ਫ਼ਤਿਹਗੜ੍ਹ ਸਾਹਿਬ ਦੇ ਅਕਾਲੀ ,ਕਾਂਗਰਸੀ ਉਮੀਦਵਾਰਾਂ ਨੇ ਅਪਰਾਧਿਕ ਪਿਛੋਕੜ ਵਾਲਿਆਂ ਤੇ ਡੋਰੇ ਪਾਏ -ਅਕਾਲੀਆਂ ਨੇ ਬਣਾਇਆ ਸ਼ਹਿਰੀ ਪ੍ਰਧਾਨ

ਰਾਏਕੋਟ / ਗਿੱਲ
ਮਹਾਰਾਣੀ ਪ੍ਰਨੀਤ ਕੌਰ ਦੀ ਇੱਕ ਚੋਣ ਰੈਲੀ ਵਿਚ ਇੱਕ ਗੈਂਗਸਟਰ ਰਣਦੀਪ ਸਿੰਘ ਖਰੌਦ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਭਾਵੇਂ ਪ੍ਰਨੀਤ ਕੌਰ ਨੇ ਇਹ ਯਕੀਨੀ ਬਣਾਉਣ ਦਾ ਦਾਅਵਾ ਕੀਤਾ ਸੀ ਕਿ ਅਜਿਹੇ ਕਿਸੇ ਵਿਅਕਤੀ ਦੀ ਕਾਂਗਰਸ ਪਾਰਟੀ ਚੋਣਾਂ ਵਿਚ ਵਰਤੋਂ ਨਹੀਂ ਕਰੇਗੀ ਅਤੇ ਉਨ੍ਹਾਂ ਇਹ ਵੀ ਕਿਹਾ ਸੀ ਉਹ ਖ਼ੁਦ ਤਵੱਜੋ ਦੇ ਕੇ "ਗੈਂਗਸਟਰ" ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਦਾ ਰਸਤਾ ਦਿਖਾਉਣਗੇ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਸੁਖਬੀਰ ਸਿੰਘ ਬਾਦਲ ਨੇ ਤਿੱਖੇ ਤੇਵਰ ਦਿਖਾਉਂਦਿਆਂ ਬਿਆਨਬਾਜ਼ੀ ਵੀ ਕੀਤੀ ਸੀ।
ਪਰ ਹਲਕਾ ਫ਼ਤਿਹਗੜ੍ਹ ਵਿਚ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਆਪਣੇ ਵੱਲ ਖਿੱਚਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਸਾਬਕਾ ਨੌਕਰ ਸ਼ਾਹ ਡਾਕਟਰ ਅਮਰ ਸਿੰਘ ਨੇ ਪਿੰਡ ਕਲਸੀਆਂ ਅਤੇ ਜਲਾਲਦੀਵਾਲ ਨਾਲ ਸਬੰਧਿਤ ਕਾਲਾ ਕਲਸੀਆਂ ਅਤੇ ਦੀਪਾ ਜਲਾਲਦੀਵਾਲ ਦੇ ਸਿਰੋਪੇ ਪਾ ਕੇ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਹੀ ਕਾਂਗਰਸ ਵਿਚ ਸ਼ਾਮਲ ਕਰ ਲਿਆ ਸੀ। ਹਾਲੀਆ ਚੋਣ ਦੌਰੇ ਮੌਕੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਅਤੇ ਸਾਬਕਾ ਨੌਕਰ ਸ਼ਾਹ ਦਰਬਾਰਾ ਸਿੰਘ ਗੁਰੂ ਨੇ ਵੀ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਯੂਥ ਅਕਾਲੀ ਆਗੂ ਪ੍ਰਭਜੋਤ ਸਿੰਘ ਧਾਲੀਵਾਲ ਦੀ ਮੌਜੂਦਗੀ ਵਿਚ ਅਪਰਾਧਿਕ ਪਿਛੋਕੜ ਵਾਲੇ ਅਤੇ ਤਲਵੰਡੀ ਪਰਿਵਾਰ ਦੇ ਅਤਿ ਨਜ਼ਦੀਕੀ ਸਮਝੇ ਜਾਂਦੇ ਬਿੰਦਰਜੀਤ ਸਿੰਘ ਨੂੰ ਸਿਰੋਪਾ ਹੀ ਨਹੀਂ ਪਾਇਆ ਸਗੋਂ ਉਸ ਨੂੰ ਰਾਏਕੋਟ ਸ਼ਹਿਰੀ ਯੂਥ ਵਿੰਗ ਦੀ ਪ੍ਰਧਾਨਗੀ ਦੇ ਅਹੁਦੇ ਨਾਲ ਵੀ ਨਿਵਾਜਿਆ ਹੈ। ਇਨ੍ਹਾਂ ਦੋਵੇਂ ਘਟਨਾਵਾਂ ਕਾਰਨ ਰਾਏਕੋਟ ਦੇ ਸ਼ਹਿਰੀ ਵੋਟਰਾਂ ਦੇ ਮੱਥੇ ਦੀਆਂ ਤਿਊੜੀਆਂ ਡੂੰਘੀਆਂ ਜ਼ਰੂਰ ਹੋ ਗਈਆਂ ਹਨ।