• Home
  • ਮੁੱਖ ਖੇਤੀਬਾੜੀ ਅਫ਼ਸਰ ਦੀ ਡੀਲਰਾਂ ਨੂੰ ਤਾੜਨਾ

ਮੁੱਖ ਖੇਤੀਬਾੜੀ ਅਫ਼ਸਰ ਦੀ ਡੀਲਰਾਂ ਨੂੰ ਤਾੜਨਾ

ਫ਼ਾਜ਼ਿਲਕਾ, 28 ਮਾਰਚ: ਖੇਤੀਬਾੜੀ ਵਿਭਾਗ ਫ਼ਾਜ਼ਿਲਕਾ ਵਲੋਂ ਬਲਾਕ ਫਾਜ਼ਿਲਕਾ, ਖੂਈਆਂ ਸਰਵਰ ਅਤੇ ਅਬੋਹਰ ਦੇ ਬੀਜ, ਖਾਦ ਅਤੇ ਪੇਸਟੀਸਾਈਡ ਡੀਲਰਾਂ ਨਾਲ ਮੀਟਿੰਗ ਕਰਕੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਵੱਡੀ ਸੰਖਿਆ ਵਿੱਚ ਜੁੜੇ ਡੀਲਰਾਂ ਨੂੰ ਸੰਬੋਧਨ ਕਰਦਿਆਂ ਡਾ: ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਨੇ ਖਾਸ ਤੌਰ ਤੇ ਨਰਮੇ/ਕਪਾਹ ਦੀ ਫ਼ਸਲ ਨੂੰ ਹੋਰ ਕਾਮਯਾਬ ਕਰਨ ਲਈ ਅਤੇ ਚਿੱਟੀ ਮੱਖੀ ਦੇ ਸੁਚੱਜੇ ਕੰਟਰੋਲ ਲਈ ਦਿਸ਼ਾ ਨਿਰਦੇਸ ਦਿੰਦਿਆਂ ਕਿਹਾ ਕਿ ਸਮੂਹ ਡੀਲਰ ਕਿਸਾਨਾਂ ਨੂੰ ਸਹੀ ਸਲਾਹ ਦੇਣ ਕਿ ਕਿਹੜੀ ਜਮੀਨ ਵਿੱਚ ਕਿਹੜੀ ਕਿਸਮ ਜਾਂ ਫਸਲ ਬੀਜੀ ਜਾ ਸਕਦੀ ਹੈ ਅਤੇ ਕਿਹੜੀ ਨਹੀਂ ਬੀਜਣੀ ਚਾਹੀਦੀ। ਖਾਦਾਂ ਅਤੇ ਪੇਸਟੀਸਾਈਡਸ ਦੀ ਲੋੜ ਅਤੇ ਪੰਜਾਬ ਖੇਤੀਬਾੜੀ ਯੁਨਿਵਰਸਿਟੀ ਵੱਲੋਂ ਸ਼ਿਫਾਰਸ ਕੀਤੀ ਮਾਤਰਾ ਅਨੁਸਾਰ ਹੀ ਵਰਤੋਂ ਕਰਵਾਈ ਜਾਵੇ। ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਬੀਟੀ ਨਰਮੇ ਦੇ ਬੀਜ ਦੀਆਂ ਪੰਜਾਬ ਖੇਤੀਬਾੜੀ ਯੁਨਿਵਰਸਿਟੀ ਵਲੋਂ ਪ੍ਰਮਾਣਤ ਕਿਸਮਾਂ ਦੀ ਲਿਸਟ ਦੁਕਾਨ ਦੇ ਬਾਹਰ ਲਗਾਉਣ ਅਤੇ ਉਹਨਾਂ ਵਿਚੋਂ ਹੀ ਕਿਸਾਨ ਦੀ ਮੰਗ ਅਨੁਸਾਰ ਬੀਜ ਦਿੱਤਾ ਜਾਵੇ। ਉਹਨਾਂ ਸਮੂਹ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਕਿ ਬਿਨਾਂ ਮਨਜ਼ੂਰੀ ਕੋਈ ਵੀ ਖੇਤੀ ਵਸਤੂ ਦੀ ਵਿਕਰੀ ਬਿਲਕੁਲ ਨਾ ਕੀਤੀ ਜਾਵੇ, ਖੇਤੀ ਵਸਤਾਂ ਦੇ ਖਰੀਦ ਅਤੇ ਵਿਕਰੀ ਸਬੰਧੀ ਪੂਰਾ ਰਿਕਾਰਡ ਹਰ ਸਮੇਂ ਦੁਕਾਨ 'ਤੇ ਤਿਆਰ ਰੱਖਿਆ ਜਾਵੇ। ਦੁਕਾਨ ਦੇ ਬਾਹਰ ਸਟਾਕ ਬੋਰਡ ਜ਼ਰੂਰ ਲੱਗਿਆ ਹੋਵੇ ਅਤੇ ਦੁਕਾਨ ਤੇ ਸਿਰਫ ਅਧਿਕਾਰਤ ਵਿਅਕਤੀ ਹੀ ਖੇਤੀ ਵਸਤਾਂ ਦੀ ਵਿਕਰੀ ਕਰੇ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਡੀਲਰਾਂ ਵੱਲੋਂ ਕੋਈ ਵੀ ਅਣਗਹਿਲੀ ਵਰਤੀ ਗਈ ਤਾਂ ਸਬੰਧਤ ਐਕਟ ਅਨੁਸਾਰ ਬਣਦੀ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਫਾਜਿਲਕਾ ਡਾ. ਭੁਪਿੰਦਰ ਕੁਮਾਰ, ਬਲਾਕ ਖੇਤੀਬਾੜੀ ਅਫਸਰ ਅਬੋਹਰ ਡਾ. ਸਰਵਣ ਕੁਮਾਰ, ਬਲਾਕ ਖੇਤੀਬਾੜੀ ਅਫਸਰ ਖੂਈਆਂ ਸਰਵਰ ਡਾ. ਰਣਬੀਰ ਸਿੰਘ, ਖੇਤੀਬਾੜੀ ਅਫਸਰ (ਸ.ਮੁ.) ਡਾ. ਸਰਵਣ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਇੰ.) ਡਾ. ਜਗਸੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਫ਼ਾਜ਼ਿਲਕਾ ਡਾ. ਅਮਰ ਸਿੰਘ ਮੌਜੂਦ ਸਨ।