• Home
  • ਸਰਕਾਰ 12 ਦੀ ਸਰਕਾਰੀ ਛੁੱਟੀ ਤੋਂ ਪਿਛੇ ਹਟੀ

ਸਰਕਾਰ 12 ਦੀ ਸਰਕਾਰੀ ਛੁੱਟੀ ਤੋਂ ਪਿਛੇ ਹਟੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਸਰਕਾਰ 12 ਸਤੰਬਰ ਨੂੰ ਸਾਰਾਗੜੀ ਦੇ ਜੰਗੀ ਨਾਇਕਾਂ ਦੀ ਯਾਦ ਕੀਤੀ ਜਾਣ ਵਾਲੀ ਛੁੱਟੀ ਤੋਂ ਪਿਛੇ ਹਟ ਗਈ ਹੈ ਕਿਉਂਕਿ ਮੀਡੀਆ ਦੇ ਇਕ ਹਿੱਸੇ ਵਲੋਂ ਇਸ ਮਹੀਨੇ ਹੋਈਆਂ ਬੇਲੋੜੀਆਂ ਛੁੱਟੀਆਂ ਕਾਰਨ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਬਾਰੇ ਛਾਪਿਆ ਗਿਆ ਸੀ। ਦਸ ਦਈਏ ਕਿ 8 ਤੇ 9 ਸਤੰਬਰ ਨੂੰ ਸ਼ਨੀਵਾਰ ਤੇ ਐਤਵਾਰ ਹੋਣ ਕਾਰਨ ਛੁੱਟੀ ਸੀ ਤੇ 10 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਥਾਪਨਾ ਦਿਵਸ ਕਾਰਨ ਸਰਕਾਰ ਨੇ ਮੌਕੇ 'ਤੇ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਛੁੱਟੀ ਕਰ ਦਿਤੀ ਸੀ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀ ਸਿਫ਼ਾਰਸ਼ 'ਤੇ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 19 ਸਤੰਬਰ ਦੀ ਵੀ ਛੁੱਟੀ ਸਰਕਾਰ ਨੂੰ ਕਰਨੀ ਪੈ ਰਹੀ ਹੈ ਜਿਸ ਕਾਰਨ ਸਰਕਾਰੀ ਕੰਮ ਕਾਜ ਕਰਵਾਉਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦਾ ਕਹਿਣਾ ਸੀ ਕਿ ਸਤੰਬਰ ਵਿਚ ਪਹਿਲਾਂ ਹੀ ਇੰਨੀਆਂ ਛੁੱਟੀਆਂ ਹੋ ਗਈਆਂ ਤੇ ਆਗਾਮੀ ਮਹੀਨੇ ਵਿਚ ਤਿਉਹਾਰਾਂ ਕਾਰਨ ਛੁੱਟੀਆਂ ਰਹਿਣਗੀਆਂ ਤਾਂ ਸਰਕਾਰੀ ਕੰਮਕਾਜ ਕਦੋਂ ਕਰਵਾਏ ਜਾਣ ਇਸ ਲਈ ਸਰਕਾਰ ਨੇ 12 ਨੂੰ ਛੁੱਟੀ ਨਾ ਕਰਨ ਦਾ ਫ਼ੈਸਲਾ ਕਰ ਲਿਆ। ਦਸ ਦਈਏ ਕਿ ਪਿਛਲੇ ਸਾਲ ਸਾਰਾਗੜੀ ਦੇ ਨਾਇਕਾਂ ਦੀ ਯਾਦ 'ਚ ਕੈਪਟਨ ਸਰਕਾਰ ਨੇ ਛੁੱਟੀ ਵੀ ਕੀਤੀ ਸੀ ਤੇ ਮੁੱਖ ਮੰਤਰੀ ਨੇ ਆਪਣੀ ਪੁਸਤਕ ਵੀ ਜਾਰੀ ਕੀਤੀ ਸੀ। 12 ਦੀ ਛੁੱਟੀ ਬਾਰੇ ਸੂਤਰ ਦਸਦੇ ਹਨ ਕਿ ਸਰਕਾਰ ਵਲੋਂ ਛੁੱਟੀ ਬਾਰੇ ਬਕਾਇਦਾ ਨੋਟੀਫ਼ਿਕੇਸਨ ਵੀ ਤਿਆਰ ਕਰ ਲਿਆ ਗਿਆ ਸੀ ਪਰ ਐਨ ਮੌਕੇ ਸਰਕਾਰ ਨੂੰ ਇਸ ਫ਼ੈਸਲੇ ਤੋਂ ਪਿਛੇ ਹਟਣਾ ਪਿਆ।