• Home
  • 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਨੇ ਕਰਵਾਏ ਢਾਡੀ ਤੇ ਕਵੀਸ਼ਰੀ ਮੁਕਾਬਲੇ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਨੇ ਕਰਵਾਏ ਢਾਡੀ ਤੇ ਕਵੀਸ਼ਰੀ ਮੁਕਾਬਲੇ

ਅੰਮ੍ਰਿਤਸਰ, 11 ਜੂਨ-ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਸ਼ਹੀਦਾਂ ਲੱਧੇਵਾਲ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ ਢਾਡੀ ਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਦੋ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਦਿਨ 28 ਢਾਡੀ ਜਥਿਆਂ, ਜਦਕਿ ਦੂਸਰੇ ਦਿਨ 8 ਕਵੀਸ਼ਰੀ ਜਥਿਆਂ ਨੇ ਢਾਡੀ ਤੇ ਕਵੀਸ਼ਰੀ ਕਲਾ ਦੇ ਜੌਹਰ ਵਿਖਾਏ। ਢਾਡੀ ਮੁਕਾਬਲਿਆਂ ਵਿੱਚੋਂ ਭਾਈ ਕਸ਼ਮੀਰ ਸਿੰਘ ਕਾਦਰ ਨੇ ਪਹਿਲਾ, ਭਾਈ ਇੰਦਰਜੀਤ ਸਿੰਘ ਬਜੂਹਾ ਨੇ ਦੂਸਰਾ, ਭਾਈ ਪ੍ਰਦੀਪ ਸਿੰਘ ਪਾਂਧੀ ਨੇ ਤੀਸਰਾ ਤੇ ਬੀਬੀ ਸਰਬਜੀਤ ਕੌਰ ਚੱਕ ਖੁਰਦ ਦੇ ਜਥੇ ਨੇ ਚੌਥਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਕਵੀਸ਼ਰੀ ਦੇ ਮੁਕਾਬਲੇ ਵਿੱਚੋਂ ਭਾਈ ਭਗਤ ਸਿੰਘ ਦੇ ਜਥੇ ਨੇ ਪਹਿਲਾ, ਭਾਈ ਜਸਬੀਰ ਸਿੰਘ ਮੋਹਲੇਕੇ ਨੇ ਦੂਜਾ, ਭਾਈ ਕੁਲਦੀਪ ਸਿੰਘ ਖਾਪੜਖੇੜੀ ਨੇ ਤੀਸਰਾ ਤੇ ਭਾਈ ਅਜੀਤ ਸਿੰਘ ਰਜਾਦਾ ਦੇ ਜਥੇ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਤੇ ਬੀਬੀ ਰਣਜੀਤ ਕੌਰ ਮਾਹਿਲਪੁਰ ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਢਾਡੀ ਤੇ ਕਵੀਸ਼ਰੀ ਕਲਾ ਨੂੰ ਉਭਾਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਢਾਡੀ ਤੇ ਕਵੀਸ਼ਰ ਜਥਿਆਂ ਵੱਲੋਂ ਮੁਕਾਬਲਿਆਂ ਦੌਰਾਨ ਕੀਤੀ ਗਈ ਪੇਸ਼ਕਾਰੀ ਨੂੰ ਸਲਾਹਿਆ ਅਤੇ ਮੁਕਾਬਲਿਆਂ ਵਿੱਚੋਂ ਸਥਾਨ ਹਾਸਲ ਕਰਨ ਵਾਲਿਆਂ ਦੀ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਕਵੀਸ਼ਰ ਤੇ ਢਾਡੀ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਇਹ ਜ਼ੋਨਲ ਕਰਵਾਏ ਗਏ ਹਨ। ਇਥੋਂ ਜੇਤੂ ਰਹੇ ਜਥਿਆਂ ਦੇ ਸ਼ਤਾਬਦੀ ਸਮਾਗਮਾਂ ਸਮੇਂ 9 ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਫਾਈਨਲ ਮੁਕਾਬਲੇ ਹੋਣਗੇ, ਜਿਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜਥਿਆਂ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨਗੇ। ਦੋ ਰੋਜ਼ਾ ਢਾਡੀ ਤੇ ਕਵੀਸ਼ਰੀ ਮੁਕਾਬਲਿਆਂ ਦੌਰਾਨ ਬੀਬੀ ਜਸਬੀਰ ਕੌਰ ਪਟਿਆਲਾ, ਡਾ. ਜਸਵੰਤ ਸਿੰਘ ਕਰੂਕੁਸ਼ੇਤਰ, ਭਾਈ ਸਵਿੰਦਰ ਸਿੰਘ ਭੰਗੂ, ਭਾਈ ਬਲਦੇਵ ਸਿੰਘ ਲੌਂਗੋਵਾਲ, ਭਾਈ ਅਮਰਜੀਤ ਸਿੰਘ ਸੰਗੀਤ ਅਧਿਆਪਕ, ਡਾਕਟਰ ਅਰਸ਼ਪ੍ਰੀਤ ਸਿੰਘ, ਭਾਈ ਗੁਰਮੁੱਖ ਸਿੰਘ ਐਮ.ਏ. ਤੇ ਭਾਈ ਗੁਰਨਾਮ ਸਿੰਘ ਕਲਾਨੌਰ ਨੇ ਜੱਜ ਵਜੋਂ ਭੂਮਿਕਾ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਕਰਤਾਰ ਸਿੰਘ ਇੰਚਾਰਜ, ਸ. ਅਵਤਾਰ ਸਿੰਘ ਮੈਨੇਜਰ ਗੁਰਦੁਆਰਾ ਸ਼ਹੀਦਾਂ ਲੱਧੇਵਾਲ, ਸ. ਨਿਰੰਜਨ ਸਿੰਘ, ਸ. ਰਣਵੀਰ ਸਿੰਘ ਸਾਬਕਾ ਸਕੱਤਰ ਸਮੇਤ ਹੋਰ ਹਾਜ਼ਰ ਸਨ।