• Home
  • ਪੁਲਿਸ ਨੇ ਵੱਡਾ ਚੋਰ ਫੜਿਆ :- 52 ਸਕੂਟਰ, ਮੋਟਰਸਾਇਕਲ ਤੇ 3 ਕਾਰਾਂ ਬਰਾਮਦ:- ਪੜ੍ਹੋ ਕਿੱਥੋਂ ਚੋਰੀ ਕਰਕੇ ਕਿੱਥੇ ਵੇਚਦਾ ਸੀ ?

ਪੁਲਿਸ ਨੇ ਵੱਡਾ ਚੋਰ ਫੜਿਆ :- 52 ਸਕੂਟਰ, ਮੋਟਰਸਾਇਕਲ ਤੇ 3 ਕਾਰਾਂ ਬਰਾਮਦ:- ਪੜ੍ਹੋ ਕਿੱਥੋਂ ਚੋਰੀ ਕਰਕੇ ਕਿੱਥੇ ਵੇਚਦਾ ਸੀ ?

ਪਟਿਆਲਾ, 22 ਅਪ੍ਰੈਲ: ਪਿਛਲੇ ਕਰੀਬ ਦੋ ਸਾਲਾਂ ਤੋਂ ਪਟਿਆਲਾ ਸ਼ਹਿਰ ਤੇ ਜ਼ਿਲ੍ਹੇ ਅੰਦਰੋਂ ਵੱਡੀ ਗਿਣਤੀ 'ਚ ਵੱਖ-ਵੱਖ ਥਾਵਾਂ ਤੋਂ ਵਹੀਕਲ ਚੋਰੀ ਕਰਨ ਵਾਲਾ ਸ਼ਾਤਰ ਚੋਰ ਪ੍ਰਵੀਨ ਕੁਮਾਰ ਉਰਫ ਪਿੰਨੀ ਆਖਰਕਾਰ ਪਟਿਆਲਾ ਪੁਲਿਸ ਦੇ ਅੜਿਕੇ ਆ ਹੀ ਗਿਆ। ਪੁਲਿਸ ਨੇ ਇਸ ਨੂੰ ਕਾਬੂ ਕਰਕੇ ਇਸਦੀ ਨਿਸ਼ਾਨਦੇਹੀ 'ਤੇ ਇਸ ਵੱਲੋਂ ਫਰਜ਼ੀ ਦਸਤਾਵੇਜਾਂ ਦੇ ਅਧਾਰ 'ਤੇ ਅੱਗੇ ਵੇਚੇ 52 ਸਕੂਟਰ, ਮੋਟਰ ਸਾਇਕਲਾਂ ਸਮੇਤ 3 ਕਾਰਾਂ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।  ਇੱਥੇ ਪੁਲਿਸ ਲਾਇਨਜ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਚੋਰ ਇਹ ਵਹੀਕਲ ਪਟਿਆਲਾ ਤੋਂ ਚੋਰੀ ਕਰਕੇ ਅੱਗੇ ਸੰਗਰੂਰ ਜ਼ਿਲ੍ਹੇ, ਖਾਸ ਕਰਕੇ ਮਲੇਰਕੋਟਲਾ ਤੇ ਇਸਦੇ ਆਲੇ ਦੁਆਲੇ ਦੇ ਪਿੰਡਾਂ 'ਚ ਫ਼ਰਜੀ ਦਸਤਾਵੇਜਾਂ ਦੇ ਅਧਾਰ 'ਤੇ ਵੇਚਦਾ ਸੀ।  ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦਿਖਾਈ ਜਾ ਰਹੀ ਮੁਸ਼ਤੈਦੀ ਦੌਰਾਨ ਕਪਤਾਨ ਪੁਲਿਸ ਸਿਟੀ ਸ੍ਰੀ ਹਰਮਨਦੀਪ ਹਾਂਸ, ਉਪ ਕਪਤਾਨ ਪੁਲਿਸ ਸਿਟੀ-1 ਸ੍ਰੀ ਯੋਗੇਸ ਸ਼ਰਮਾ ਦੀ ਨਿਗਰਾਨੀ ਹੇਠ ਦੇ ਐਸ.ਆਈ. ਸਾਹਿਬ ਸਿੰਘ ਦੀ ਪੁਲਿਸ ਟੀਮ ਨੇ ਪ੍ਰਵੀਨ ਕੁਮਾਰ ਉਰਫ ਪਿੰਨੀ ਪੁੱਤਰ ਓਮ ਪ੍ਰਕਾਸ ਵਾਸੀ ਅਗਰ ਨਗਰ ਮੁਹੱਲਾ, ਮਲੇਰਕੋਟਲਾ ਨੂੰ ਕਾਬੂ ਕੀਤਾ। ਸ. ਸਿੱਧੂ ਨੇ ਦੱਸਿਆ ਕਿ ਮਿਤੀ 20 ਮਾਰਚ 2019 ਨੂੰ ਦਫ਼ਤਰ ਕੁਨੈਕਟ ਬਰਾਂਡਬੈਂਡ, ਛੋਟੀ ਬਾਰਾਂਦਰੀ ਪਟਿਆਲਾ ਤੋਂ ਇਕ ਐਕਟਿਵਾ ਸਕੂਟਰੀ ਨੰਬਰੀ ਪੀ.ਬੀ 11 ਬੀ.ਐਲ 1951 ਅਤੇ ਇਕ ਹੋਰ ਐਕਟਿਵਾ ਸਕੂਟਰੀ ਨੰਬਰੀ ਪੀਬੀ 11 ਏ.ਵੀ 5260, ਨਰਾਇਣ ਕਾਂਟੀਨੈਂਟਲ ਹੋਟਲ, ਛੋਟੀ ਬਾਰਾਂਦਰੀ, ਪਟਿਆਲਾ ਦੀ ਪਾਰਕਿੰਗ 'ਚੋਂ ਚੋਰੀ ਹੋਈ ਸੀ, ਸਬੰਧੀ ਮੁਕੱਦਮਾ ਨੰਬਰ 76 ਮਿਤੀ 01.04.2019 ਅ/ਧ 379 ਹਿੰ:ਦੰ: ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤਾ ਗਿਆ। ਸ. ਸਿੱਧੂ ਨੇ ਦੱਸਿਆ ਕਿ ਇਸ ਕੇਸ 'ਚ ਜੁਰਮ ਦਾ ਵਾਧਾ ਕਰਦਿਆਂ ਧਾਰਾ 465, 467, 468 ਤੇ 471 ਦਾ ਵਾਧਾ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਵਿਅਕਤੀ ਇਨ੍ਹਾਂ ਚੋਰੀ ਕੀਤੇ ਵਹੀਕਲਾਂ ' ਫਰਜੀ ਦਸਤਾਵੇਜਾਂ ਦੇ ਅਧਾਰ 'ਤੇ ਅੱਗੇ ਵੇਚਦਾ ਸੀ ਅਤੇ ਇਸ ਮਾਮਲੇ 'ਚ ਇਸਦੀ ਮਦਦ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਪੜਤਾਲ ਦੌਰਾਨ ਮਿਤੀ 18 ਅਪ੍ਰੈਲ 2019 ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਪ੍ਰਵੀਨ ਕੁਮਾਰ ਉਰਫ ਪਿੰਨੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕੇਵਲ 4 ਦਿਨਾਂ ਦੀ ਪੁਛਗਿਛ ਦੌਰਾਨ ਪੁਲਿਸ ਨੇ ਇਸ ਵੱਲੋਂ ਚੋਰੀ ਕਰਕੇ ਅੱਗੇ ਵੇਚੀਆਂ 3 ਮਾਰੂਤੀ ਕਾਰਾਂ, 24 ਮੋਟਰਸਾਇਕਲ ਅਤੇ 25 ਐਕਟਿਵਾ ਆਦਿ ਸਕੂਟਰ ਬਰਾਮਦ ਕੀਤੇ।ਐਸ.ਐਸ.ਪੀ. ਨੇ ਦੱਸਿਆ ਕਿ ਤਫਤੀਸ਼ ਦੌਰਾਨ ਪ੍ਰਵੀਨ ਕੁਮਾਰ ਨੇ ਮੰਨਿਆ ਕਿ ਉਹ ਪਟਿਆਲਾ ਸ਼ਹਿਰ 'ਚੋਂ ਕਰੀਬ ਦੋ ਸਾਲ ਤੋਂ ਵਹੀਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਹ ਆਪਣਾ ਨਿਸ਼ਾਨਾ ਵੱਖ ਵੱਖ ਵਿਦਿਅਕ ਸੰਸਥਾਵਾਂ, ਛੋਟੀ ਬਾਰਾਂਦਰੀ, ਲੀਲਾ ਭਵਨ ਦੇ ਬਾਹਰ ਖੜ੍ਹੇ ਵਿਦਿਆਰਥੀਆਂ ਦੇ ਵਹੀਕਲ ਖਾਸ ਕਰਕੇ ਐਕਟਿਵਾ ਸਕੂਟਰੀਆਂ ਅਤੇ ਮੋਟਰਸਾਈਕਲਾਂ ਨੂੰ ਬਣਾਉਂਦਾ ਸੀ। ਇਨ੍ਹਾਂ ਨੂੰ ਅੱਗੇ ਫਰਜੀ ਦਸਤਾਵੇਜ ਬਣਾ ਕੇ ਮਲੇਰਕੋਟਲਾ ਲਿਜਾ ਕੇ ਸਹਿਰ ਅੰਦਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਇਹ ਕਹਿ ਕੇ ਵੇਚ ਦਿੰਦਾ ਸੀ ਕਿ ਉਸ ਨੇ ਇਹ ਵਹੀਕਲ ਪਟਿਆਲਾ ਤੋਂ ਕਿਸੇ ਡੀਲਰ ਰਾਂਹੀ ਖਰੀਦੇ ਹਨ।ਐਸ.ਐਸ.ਪੀ. ਨੇ ਦੱਸਿਆ ਕਿ ਵਹੀਕਲ ਵਿੱਚੋਂ ਮਾਲਕ ਦਾ ਡਰਾਈਵਿੰਗ ਲਾਇਸੰਸ ਜਾਂ ਆਰ.ਸੀ ਕੱਢਕੇ ਉਸ ਵਿਅਕਤੀ ਦੇ ਨਾਮ ਪਤੇ 'ਤੇ ਅਸਟਾਮ ਖਰੀਦ ਕੇ, ਫਰਜੀ ਹਲਫ਼ੀਆ ਬਿਆਨ ਟਾਇਪ ਕਰਵਾਕੇ, ਵਹੀਕਲ ਮਾਲਕ ਦੇ ਜਾਅਲੀ ਦਸਤਖਤ ਕਰਕੇ ਨੋਟਰੀ ਪਬਲਿਕ ਤੋਂ ਤਸਦੀਕ ਕਰਵਾਕੇ, ਸੇਲ ਸਬੰਧੀ ਫਾਰਮ ਨੰਬਰ 29/30 'ਤੇ ਵੀ ਵਹੀਕਲ ਮਾਲਕ ਦੇ ਜਾਅਲੀ ਦਸਤਖਤ ਕਰਕੇ ਅੱਗੇ ਖਰੀਦਦਾਰਾਂ ਨੂੰ ਵੇਚ ਦਿੰਦਾ ਸੀ। ਇਸ ਮੌਕੇ ਐਸ.ਪੀ. ਸਿਟੀ ਸ. ਹਰਮਨ ਹਾਂਸ, ਡੀ.ਐਸ.ਪੀ. ਸਿਟੀ ਸ੍ਰੀ ਯੁਗੇਸ਼ ਸ਼ਰਮਾ, ਐਸ.ਆਈ. ਸਾਹਿਬ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।