• Home
  • ਐਸ.ਸੀ. ਕਮਿਸ਼ਨ ਵੱਲੋਂ ਪੁਲੀਸ ਕਮਿਸ਼ਨਰ, ਲੁਧਿਆਣਾ ਤੋਂ ਅਨੁਸੂਚਿਤ ਜਾਤੀ ਲੜਕੀ ਵੱਲੋਂ ਕੀਤੀ ਆਤਮ ਹੱਤਿਆ ਸਬੰਧੀ ਰਿਪੋਰਟ ਤਲਬ

ਐਸ.ਸੀ. ਕਮਿਸ਼ਨ ਵੱਲੋਂ ਪੁਲੀਸ ਕਮਿਸ਼ਨਰ, ਲੁਧਿਆਣਾ ਤੋਂ ਅਨੁਸੂਚਿਤ ਜਾਤੀ ਲੜਕੀ ਵੱਲੋਂ ਕੀਤੀ ਆਤਮ ਹੱਤਿਆ ਸਬੰਧੀ ਰਿਪੋਰਟ ਤਲਬ

       10 ਦਿਨਾਂ 'ਚ ਵਿਸਥਾਰਪੂਰਵਕ ਰਿਪੋਰਟ ਪੇਸ਼ ਕਰਨ ਦੇ ਆਦੇਸ਼

ਚੰਡੀਗੜ੍ਹ, 26 ਫਰਵਰੀ:ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਅੱਜ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੰਗੋਵਾਲ ਦੀ ਅਨੁਸੂਚਿਤ ਜਾਤੀ ਲੜਕੀ ਨਾਲ ਹੋਈ ਜ਼ਬਰਦਸਤੀ ਅਤੇ ਸਬੰਧਤ ਲੜਕੀ ਵੱਲੋਂ ਕੀਤੀ ਆਤਮ ਹੱਤਿਆ ਸਬੰਧੀ ਪੁਲੀਸ ਕਮਿਸ਼ਨਰ, ਲੁਧਿਆਣਾ ਤੋਂ 10 ਦਿਨਾਂ ਵਿੱਚ ਰਿਪੋਰਟ ਤਲਬ ਕੀਤੀ ਗਈ ਹੈ।

ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨ ਨੂੰ ਪ੍ਰਾਪਤ ਹੋਈ ਇਕ ਤਾਜ਼ੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਤੋਂ ਪਿੰਡ ਸੰਗੋਵਾਲ ਦੀ ਅਨੁਸੂਚਿਤ ਜਾਤੀ ਲੜਕੀ ਨਾਲ ਹੋਈ ਜ਼ਬਰਦਸਤੀ ਅਤੇ ਮੁਲਜ਼ਮਾਂ 'ਤੇ ਕੇਸ ਦਰਜ ਨਾ ਕਰਨ ਅਤੇ ਇਨਸਾਫ਼ ਨਾ ਮਿਲਣ ਕਰ ਕੇ ਲੜਕੀ ਵੱਲੋਂ ਕੀਤੀ ਆਤਮ ਹੱਤਿਆ ਸਬੰਧੀ ਪੁਲੀਸ ਕਮਿਸ਼ਨਰ, ਲੁਧਿਆਣਾ ਨੂੰ ਇਸ ਮਾਮਲੇ ਸਬੰਧੀ 7 ਮਾਰਚ, 2019 ਨੂੰ ਸਮੁੱਚੀ ਰਿਪੋਰਟ ਕਮਿਸ਼ਨ ਸਾਹਮਣੇ ਪੇਸ਼ ਕਰਨ ਲਈ ਲਿਖਤੀ ਆਦੇਸ਼ ਦਿੱਤੇ ਗਏ ਹਨ।  

ਕਮਿਸ਼ਨ ਨੂੰ ਪ੍ਰਾਪਤ ਹੋਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਪਿੰਡ ਸੰਗੋਵਾਲ ਦੀ ਅਨੁਸੂਚਿਤ ਜਾਤੀ ਲੜਕੀ ਅਤੇ ਉਸ ਦਾ ਪਰਿਵਾਰ ਪਿੰਡ ਦੇ ਹੀ ਇੱਕ ਕਿਸਾਨ ਦੇ ਘਰ ਸਾਫ਼-ਸਫ਼ਾਈ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ। ਜਦੋਂ ਸਬੰਧਤ ਲੜਕੀ 19 ਫ਼ਰਵਰੀ, 2019 ਨੂੰ ਸ਼ਾਮ ਵੇਲੇ ਕਿਸਾਨ ਦੇ ਘਰ ਦਾ ਕੰਮਕਾਰ ਨਿਬੇੜ ਕੇ ਵਾਪਸ ਆਪਣੇ ਘਰ ਨੂੰ ਪਰਤ ਰਹੀ ਸੀ ਤਾਂ ਦੋ ਲੜਕਿਆਂ ਨੇ ਲੜਕੀ ਨਾਲ ਜ਼ਬਰਦਸਤੀ ਕੀਤੀ। ਇਸੇ ਦੌਰਾਨ ਜਿਸ ਕਿਸਾਨ ਦੇ ਘਰ ਲੜਕੀ ਤੇ ਉਸ ਦਾ ਪਰਿਵਾਰ ਨੌਕਰੀ ਕਰਦਾ ਸੀ, ਉਸ ਕਿਸਾਨ ਨੇ ਦੋਵਾਂ ਲੜਕਿਆਂ ਨੂੰ ਉੱਥੋਂ ਪਾਸੇ ਕਰ ਦਿੱਤਾ ਤੇ ਸਬੰਧਤ ਲੜਕੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸ਼ਿਕਾਇਤ ਅਨੁਸਾਰ ਸਬੰਧਤ ਅਨੁਸੂਚਿਤ ਜਾਤੀ ਲੜਕੀ ਆਪਣੀ ਇੱਜ਼ਤ ਗੁਆਉਣ ਦੇ ਸਦਮੇ ਅਤੇ ਦੋਸ਼ੀਆਂ ਨੂੰ ਨਾ ਫੜ੍ਹੇ ਜਾਣ ਕਾਰਨ 22 ਫ਼ਰਵਰੀ, 2019 ਨੂੰ ਆਤਮ ਹੱਤਿਆ ਕਰ ਲਈ ਸੀ।