• Home
  • ਰਤਨਗੜ੍ਹ ਸਕੂਲ ਦੇ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਚ ਗੱਡੇ ਝੰਡੇ -ਜ਼ਿਲਾ ਸਿੱਖਿਆ ਅਫਸਰ ਨੇ ਦਿੱਤੀ ਵਧਾਈ

ਰਤਨਗੜ੍ਹ ਸਕੂਲ ਦੇ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਚ ਗੱਡੇ ਝੰਡੇ -ਜ਼ਿਲਾ ਸਿੱਖਿਆ ਅਫਸਰ ਨੇ ਦਿੱਤੀ ਵਧਾਈ

ਰੋਪੜ :- ਕਿਸੇ ਸਮੇਂ ਵਿੱਦਿਅਕ ਖੇਤਰ ਚ ਪੰਜਾਬ ਚ ਝੰਡੇ ਗੱਡਣ ਵਾਲਾ ਰੋਪੜ ਜ਼ਿਲ੍ਹਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਵਿੱਦਿਅਕ ਖੇਤਰ ਚ ਪੱਛੜਿਆ ਹੋਇਆ ਸੀ, ਨੇ ਹੁਣ ਫਿਰ ਉਡਾਨ ਭਰਨੀ ਸ਼ੁਰੂ ਕਰ ਦਿੱਤੀ ਹੈ । ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸੁਧਾਰ ਲਈ ਅਰੰਭੇ ਯਤਨਾਂ ਤੋਂ ਬਾਅਦ ਹੁਣ ਰੋਪੜ ਜ਼ਿਲ੍ਹੇ ਨੇ ਚੰਗੀਆਂ ਮੱਲਾਂ ਮਾਰੀਆਂ ਹਨ। ਜਿੱਥੇ ਇਸ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਆਪਣਾ ਨਾਮ ਮੈਰਿਟ ਸੂਚੀ ਚ ਦਰਜ ਕਰਵਾਇਆ, ਉੱਥੇ ਹੀ ਪਿੰਡ ਰਤਨਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਇੱਕ ਵਿਲੱਖਣ ਇਤਿਹਾਸ ਰਚਦਿਆਂ 10ਵੀਂ ਜਮਾਤ ਚ ਮੋਰਿੰਡਾ ਬਲਾਕ ਚੋਂ ਮੋਹਰੀ ਸਥਾਨ ਹਾਸਲ ਕਰਨ ਚ ਮਾਣ ਹਾਸਲ ਕੀਤਾ ਹੈ ਅਤੇ ਨਾਲ ਹੀ ਬਾਰ੍ਹਵੀਂ ਜਮਾਤ ਦੇ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਚ ਵੀ ਇਸੇ ਸਕੂਲ ਦੇ ਵਿਦਿਆਰਥੀਆਂ ਨੇ ਸੌ ਫੀਸਦੀ ਪਾਸ ਪ੍ਰਤੀਸ਼ਤ ਵਾਲੀ ਸੂਚੀ ਚ ਆਪਣਾ ਨਾਮ ਦਰਜ ਕਰਵਾਇਆ ਹੈ ।
ਸਕੂਲ ਦੇ ਪਿ੍ੰਸੀਪਲ ਮੈਡਮ ਸੁਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਚ ਆਲੇ ਦੁਆਲੇ ਦੇ ਅੱਧੀ ਦਰਜਨ ਤੋਂ ਵਧੇਰੇ ਪਿੰਡਾਂ ਦੇ ਵਿਦਿਆਰਥੀ ਪੜ੍ਹਦੇ ਹਨ ।ਉਨ੍ਹਾਂ ਦੱਸਿਆ ਕਿ ਦਸਵੀਂ ਜਮਾਤ ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਗੁਰਪ੍ਰੀਤ ਕੌਰ ਦੇ 94 ਫੀਸਦੀ ਅੰਕ ਹਨ ਅਤੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 6 ਅਤੇ 80ਫ਼ੀਸਦੀ ਕਰਨ ਵਾਲੇ 12 ਵਿਦਿਆਰਥੀ ਹਨl ਇਸੇ ਤਰ੍ਹਾਂ ਹੀ ਬਾਰਵੀਂ ਜਮਾਤ ਦੇ ਸਾਰੇ 55ਵਿਦਿਆਰਥੀਆਂ ਜਿਨ੍ਹਾਂ ਨੇ ਬਿਨਾਂ ਕੰਪਾਰਟਮੈਂਟ ਤੋਂ ਬਾਰ੍ਹਵੀਂ ਜਮਾਤ ਪਾਸ ਕੀਤੀ ਅਤੇ ਇਸ ਜਮਾਤ ਦੀ ਵਿਦਿਆਰਥਣ ਡਿੰਪਲ ਕੌਰ ਨੇ 93 .1 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਦਰਜਨ ਦੇ ਕਰੀਬ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ।
ਪ੍ਰਿੰਸੀਪਲ ਸੁਰਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 3 ਵਿਦਿਆਰਥੀਆਂ ਨੇ ਐਨ ਐਮ ਐਮ ਐਸ ਦੀ ਪ੍ਰੀਖਿਆ ਵੀ ਪਾਸ ਕਰਕੇ ਸਕਾਲਰਸ਼ਿਪ ਹਾਸਲ ਕੀਤੀ ਹੈ।

ਇਸ ਮੌਕੇ ਪ੍ਰਿੰਸੀਪਲ ਨੂੰ ਜਿੱਥੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਵੱਲੋਂ ਖੁਦ ਸਕੂਲ ਪੁੱਜ ਕੇ ਵਧਾਈ ਦਿੱਤੀ ਗਈ ਤੇ ਉੱਥੇ ਪ੍ਰਿੰਸੀਪਲ ਵੱਲੋਂ ਇਸ ਦਾ ਸਿਹਰਾ ਆਪਣੇ ਸਕੂਲ ਦੇ ਮਿਹਨਤੀ ਅਧਿਆਪਕਾਂ ਜ਼ਿੰਮੇ ਦੱਸਿਆ ਗਿਆ ।