• Home
  • ਨਾਭਾ ਦੀ ਓਪਨ ਜੇਲ ‘ਚ ਹੋਵੇਗੀ ਆਰਗੈਨਿਕ ਖੇਤੀ- ਜੇਲ੍ਹ ਮੰਤਰੀ

ਨਾਭਾ ਦੀ ਓਪਨ ਜੇਲ ‘ਚ ਹੋਵੇਗੀ ਆਰਗੈਨਿਕ ਖੇਤੀ- ਜੇਲ੍ਹ ਮੰਤਰੀ

ਨਾਭਾ/ਪਟਿਆਲਾ 9 ਫਰਵਰੀ:ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਨਾਭਾ ਜੇਲ੍ਹ ਦੀ ਓਪਨ ਜੇਲ੍ਹ ਦਾ ਦੌਰਾ ਕਰਕੇ ਨਾ ਕੇਵਲ ਜੇਲ੍ਹ ਦੇ ਕੈਦੀਆਂ ਦੀਆਂ ਮੁਸ਼ਕਲਾਂ 'ਤੇ ਵਿਚਾਰ ਕਰਦਿਆਂ ਜੇਲ੍ਹ ਦਾ ਜਾਇਜਾ ਲਿਆ ਸਗੋਂ ਨਾਲ ਹੀ ਇਸ ਖੁੱਲੀ ਖੇਤੀਬਾੜੀ ਜੇਲ੍ਹ ਨੂੰ ਹੋਰ ਵੱਡਾ ਕਰਨ ਦੀਆਂ ਸੰਭਾਵਨਾਵਾਂ ਦੀ ਵੀ ਸਮੀਖਿਆ ਕੀਤੀ। ਇਸ ਮੌਕੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਡੀ.ਜੀ.ਪੀ. ਜੇਲ੍ਹ ਸ੍ਰੀ ਰੋਹਿਤ ਚੌਧਰੀ ਅਤੇ ਮੋਹਾਲੀ ਦੀ ਰਾਊਂਡ ਗਲਾਸ ਫਾਊਂਡੇਸ਼ਨ ਦੇ ਸੀ.ਈ.ਓ ਸਨੀ ਸਿੰਘ ਵੀ ਮੌਜੂਦ ਸਨ। ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਖੁੱਲੀ ਜੇਲ੍ਹ ਵਿੱਚ ਛੇਤੀ ਹੀ ਆਰਗੈਨਿਕ ਖੇਤੀ ਕਰਨ ਦਾ ਵਿਚਾਰ ਹੈ। ਇਸ ਤੋਂ ਇਲਾਵਾ ਜੇਲ੍ਹ ਵਿੱਚ ਕੈਦੀਆਂ ਦੇ ਮਾਨਸਿਕ ਵਿਕਾਸ ਵੱਲ ਵੀ ਕੰਮ ਕੀਤਾ ਜਾਵੇਗਾ ਤਾਂ ਕਿ ਉਹ ਜੇਲ੍ਹ ਵਿਚੋਂ ਬਾਹਰ ਨਿਕਲਕੇ ਦੇਸ਼ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਸਕਣ। ਜੇਲ੍ਹ ਮੰਤਰੀ ਨੇ ਦੱਸਿਆ ਕਿ ਇਸ ਕੰਮ ਲਈ ਸ੍ਰੀ ਸਨੀ ਸਿੰਘ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।ਸ. ਰੰਧਾਵਾ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਇਸ ਜੇਲ ਕੋਲ 85 ਏਕੜ ਜ਼ਮੀਨ ਹੈ ਜਿਸ ਵਿਚੋਂ 65 ਏਕੜ ਵਿੱਚ ਖੇਤੀ ਕੀਤੀ ਜਾ ਰਹੀ ਹੈ ਤੇ ਜੇਲ ਵਿੱਚ 75 ਕੈਦੀਆਂ ਦੇ ਰਹਿਣ ਦੀ ਥਾਂ ਹੈ। ਜਦੋਂ ਕਿ ਜੇਲ੍ਹ ਵਿੱਚ ਫਿਲਹਾਲ 48 ਕੈਦੀ ਹੀ ਰਹਿ ਰਹੇ ਹਨ। ਇਸ ਖੇਤੀਬਾੜੀ ਜੇਲ੍ਹ ਵਿੱਚ ਪਸ਼ੂ ਪਾਲਣ ਵਿਭਾਗ ਨੂੰ ਦੇਣ ਲਈ ਹਰੇ ਚਾਰੇ ਦੀ ਖੇਤੀ ਤੋਂ ਇਲਾਵਾ ਕੁਝ ਹਿੱਸੇ ਵਿੱਚ ਕਣਕ ਤੇ ਝੋਨੇ ਦੀ ਖੇਤੀ ਵੀ ਆਰਗੈਨਿਕ ਤਰੀਕੇ ਨਾਲ ਕੀਤੀ ਜਾਂਦੀ ਹੈ। ਸ: ਰੰਧਾਵਾ ਨੇ ਦਸਿਆ ਕਿ ਖੁੱਲੀ ਖੇਤੀਬਾੜੀ ਜੇਲ੍ਹ ਦੇ ਖੇਤੀ ਅਧੀਨ ਰਕਬੇ ਦਾ ਵਿਸਥਾਰ ਕਰਕੇ ਹੋਰ ਕੈਦੀਆਂ ਨੂੰ ਰੱਖਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਖੇਤੀਬਾੜੀ ਯੂਨੀਵਰਸਿਟੀ ਨੂੰ ਦਿੱਤੀ ਗਈ ਜ਼ਮੀਨ ਨੂੰ ਛੇਤੀ ਜੇਲ੍ਹ ਵਿਭਾਗ ਨੂੰ ਵਾਪਸ ਦੇਣ ਤੇ ਇਸ ਜੇਲ੍ਹ ਦੀ ਲਗਭਗ 15 ਏਕੜ ਜਮੀਨ 'ਤੇ ਨੇੜਲੇ ਲੋਕਾਂ ਵੱਲੋਂ ਕੀਤੇ ਕਬਜੇ ਛੁਡਾਉਣ ਲਈ ਵੀ ਐਸ.ਡੀ.ਐਮ ਨੂੰ ਨਿਰਦੇਸ਼ ਦਿੱਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ਵਿੱਚ ਲੱਗੇ ਜੈਮਰ ਹੁਣ ਪੁਰਾਣੇ ਹੋ ਚੁੱਕੇ ਹਨ ਅਤੇ ਬੰਦੀਆਂ ਦੇ ਸਾਰੇ ਸਰੀਰ ਨੂੰ ਸਕੈਨ ਕਰਨ ਵਾਲੇ ਯੰਤਰਾਂ ਲਈ ਕਾਫ਼ੀ ਪੈਸੇ ਦੀ ਜ਼ਰੂਰਤ ਹੈ ਜਿਸ ਨੂੰ ਪੂਰਾ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਸ. ਰੰਧਾਵਾ ਨੇ ਕਿਹਾ ਕਿ ਜੇਲ੍ਹ ਵਿੱਚ ਜੇਕਰ ਕੋਈ ਨਵਾਂ ਜਾਂ ਪੁਰਾਣਾ ਮੋਬਾਇਲ ਜੇਕਰ ਆ ਰਿਹਾ ਹੈ ਤਾਂ ਇਹ ਫੜੇ ਵੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦੋਸ਼ੀ ਜੇਲ ਕਰਮਚਾਰੀਆਂ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਐਸ.ਡੀ.ਐਮ ਨਾਭਾ ਸ੍ਰੀ ਕਾਲਾ ਰਾਮ ਕਾਂਸਲ, ਓਪਨ ਜੇਲ੍ਹ ਦੇ ਸੁਪਰਡੈਂਟ ਸ. ਸੁੱਚਾ ਸਿੰਘ, ਸਹਿਕਾਰਤਾ ਵਿਭਾਗ ਦੇ ਡਿਪਟੀ ਰਜਿਸਟਰਾਰ ਸ. ਬਲਜਿੰਦਰ ਸਿੰਘ, ਡੀ.ਐਸ.ਪੀ ਸ. ਦਵਿੰਦਰ ਅੱਤਰੀ, ਜ਼ਿਲ੍ਹਾ ਮੈਨੇਜਰ ਸ੍ਰੀ ਭਾਸਕਰ ਕਟਾਰੀਆਂ, ਏ.ਆਰ. ਨਾਭਾ ਸ੍ਰੀ ਪ੍ਰਦੀਪ ਕੁਮਾਰ, ਮੈਨੇਜਰ ਕੋਆਪ੍ਰੇਟਿਵ ਮਾਰਕਿਟ ਕਮੇਟੀ ਨਾਭਾ ਸ੍ਰੀ ਗੁਰਦੀਪ ਚੌਪੜਾ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।