• Home
  • ਰਾਇਸ਼ੁਮਾਰੀ 2020 ਲਈ ਨਿੱਝਰ ਦੀ ਨਿਯੁਕਤੀ ਨਾਲ ਐਸ.ਐਫ.ਜੇ. ਦਾ ਅਸਲੀ ਚਿਹਰਾ ਨੰਗਾ ਹੋਇਆ – ਕੈਪਟਨ ਅਮਰਿੰਦਰ ਸਿੰਘ

ਰਾਇਸ਼ੁਮਾਰੀ 2020 ਲਈ ਨਿੱਝਰ ਦੀ ਨਿਯੁਕਤੀ ਨਾਲ ਐਸ.ਐਫ.ਜੇ. ਦਾ ਅਸਲੀ ਚਿਹਰਾ ਨੰਗਾ ਹੋਇਆ – ਕੈਪਟਨ ਅਮਰਿੰਦਰ ਸਿੰਘ

ਚੰਡੀਗੜ, : ‘ਖਾਲਿਸਤਾਨ ਰਾਇਸ਼ੁਮਾਰ 2020’ ਦੀ ਮੁਹਿੰਮ ਦੇ ਪਸਾਰ ਲਈ ਲੋੜੀਂਦੇ ਅੱਤਵਾਦੀ ਦੀ ਨਿਯੁਕਤੀ ਨਾਲ ਇਸ ਵੱਖਵਾਦੀ ਮੁਹਿੰਮ ਪਿੱਛਲੇ ਅਸਲੀ ਉਦੇਸ਼ ਇਕ ਵਾਰ ਫਿਰ ਸਾਹਮਣੇ ਆ ਗਏ ਹਨ। ਇਸ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਚੁਣੌਤੀ ਬਣੀ ਹੋਈ ਇਸ ਮੁਹਿੰਮ ਦੇ ਵਿਰੁੱਧ ਭਾਰਤ ਦਾ ਸਾਥ ਦੇਣ ਲਈ ਵਿਸ਼ਵ ਭਾਈਚਾਰੇ ’ਤੇ ਦਬਾਅ ਬਣਾਉਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ।  ਸਿੱਖ ਫਾਰ ਜਸਟਿਸ (ਐਸ.ਐਫ.ਜੇ.) ਵੱਲੋਂ ਹਰਦੀਪ ਸਿੰਘ ਨਿੱਝਰ ਦੀਆਂ ਸੇਵਾਵਾਂ ਲੈਣ ਲਈ ਮੀਡੀਆ ਦੀਆਂ ਰਿਪੋਰਟਾਂ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਵਿੱਚ ਗੜਬੜੀ ਪੈਦਾ ਕਰਨ ਲਈ ਆਪਣੀ ਧਰਤੀ ਤੋਂ ਕੱਟੜਪੰਥੀਆਂ ਨੂੰ ਸਰਗਰਮੀਆਂ ਕਰਨ ਲਈ ਕੈਨੇਡਾ ਸਰਕਾਰ ਦੇ ਸਿੱਧੇ ਅਤੇ ਵਿੰਗੇ ਢੰਗ ਨਾਲ ਸਮਰਥਨ ਕਰਨ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਨਿੱਝਰ ਦਾ ਨਾਂ ਲੋੜੀਂਦੇ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ ਅਤੇ ਮੁੱਖ ਮੰਤਰੀ ਨੇ ਫਰਵਰੀ 2018 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਆਪਣੀ ਅੰਮਿ੍ਰਤਸਰ ਦੀ ਮੀਟਿੰਗ ਦੌਰਾਨ ਇਹ ਸੂਚੀ ਸਾਂਝੀ ਕੀਤੀ ਸੀ।  ਮੁੱਖ ਮੰਤਰੀ ਨੇ ਭਾਰਤ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਭੰਗ ਕਰਨ ਲਈ ਕੈਨੇਡਾ ਦੀ ਧਰਤੀ ’ਤੋਂ ਅਜਿਹੇ ਤੱਤਾਂ ਨੂੰ ਆਪਣੀਆਂ ਸਰਗਰਮੀਆਂ ਕਰਨ ਦੀ ਆਗਿਆ ਨਾ ਦੇਣ ਵਾਸਤੇ ਟਰੂਡੋ ਨੂੰ ਅਪੀਲ ਕੀਤੀ। ਇਸ ਦੇ ਨਾਲ ਹੀ ਉਨਾਂ ਨੇ ਭਾਰਤ ਸਰਕਾਰ ਨੂੰ ਵੀ ਦੇਸ਼ ਖਾਸਕਰ ਪੰਜਾਬ ਵਿੱਚ ਦੁਨੀਆਂ ਭਰ ਦੀਆਂ ਵੱਖ-ਵੱਖ ਥਾਵਾਂ ਤੋਂ ਗੜਬੜੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਇਨਾਂ ਸ਼ਕਤੀਆਂ ਨਾਲ ਵਧੇਰੇ ਸਰਗਰਮੀ ਨਾਲ ਨਿਪਟਨ ਲਈ ਆਖਿਆ ਹੈ।  ਮੁੱਖ ਮੰਤਰੀ ਨੇ ਅਜਿਹੇ ਕੱਟੜਪੰਥੀ ਤੱਤਾਂ ਨੂੰ ਨੱਥ ਪਾਉਣ ਵਿੱਚ ਕੈਨੇਡਾ ਦੀ ਅਸਫ਼ਤਾ ’ਤੇ ਚਿੰਤਾ ਪ੍ਰਗਟ ਕੀਤੀ ਹੈ ਜੋ ਕਿ ਭਾਰਤ ਖਾਸਕਰ ਪੰਜਾਬ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਕਰਨ ਲਈ ਗੰਭੀਰ ਚੁਣੌਤੀਆਂ ਪੇਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਧਰਤੀ ’ਤੋਂ ਅਜਿਹੀਆਂ ਸ਼ਕਤੀਆਂ ਦੇ ਪਸਾਰ ਨੂੰ ਰੋਕਣਾ ਕੈਨੇਡਾ ਦੇ ਪ੍ਰਸ਼ਾਸਨ ਦੇ ਹਿੱਤ ਵਿੱਚ ਵੀ ਹੈ। ਉਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੇ ਤੱਤਾਂ ਦੇ ਪੱਕੇ ਪੈਰੀਂ ਹੋਣ ਨੰੂ ਆਗਿਆ ਦੇਣਾ ਖੁਦ ਕੈਨੇਡਾ ਦੀ ਸੁਰੱਖਿਆ ਲਈ ਵੀ ਲੰਮੇ ਸਮੇਂ ਦੌਰਾਨ ਘਾਤਕ ਹੋਵੇਗਾ।  ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਬਿ੍ਰਟਿਸ਼ ਕੋਲੰਬੀਆ ਵਿੱਚ ਅੱਤਵਾਦੀ ਕੈਂਪ ਚਲਾਉਣ ਲਈ ਭਾਰਤ ਨੇ ਨਿੱਝਰ ’ਤੇ ਉਂਗਲ ਧਰੀ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਮਿੱਥ ਕੇ ਹੱਤਿਆਵਾਂ ਕਰਨ ਦੇ ਵੀ ਉਸ ’ਤੇ ਦੋਸ਼ ਹਨ। ਉਹ ਭਾਰਤ ਵਿਰੋਧੀ ਅੱਤਵਾਦੀਆਂ ਨੂੰ ਹਥਿਆਰਾਂ ਦੀ ਸਿਖਲਾਈ ਮੁਹੱਈਆ ਕਰਾ ਰਿਹਾ ਹੈ। ਉਹ ਵੱਖਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ ਨੇੜਲਾ ਹੈ। ‘ਖਾਲਿਸਤਾਨ ਰਾਇਸ਼ੁਮਾਰੀ 2020’ ਲਈ ਨਿੱਝਰ ਦੀ ਨਿਯੁਕਤੀ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਇਸ ਮੁਹਿੰਮ ਨੇ ਆਪਣਾ ਸਾਜਿਸ਼ ਭਰਿਆ ਮਾਰੂ ਰਾਹ ਅਖ਼ਤਿਆਰ ਕਰ ਲਿਆ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਰਾਇਸ਼ੁਮਾਰੀ 2020 ਕਦੀ ਵੀ ਸ਼ਾਂਤੀਪੂਰਨ ਮੁਹਿੰਮ ਨਹੀਂ ਰਹੀ ਭਾਵੇਂ ਕਿ ਇਸ ਦੇ ਸ਼ਾਂਤੀਪੂਰਵਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੇ ਨਾਲ ਨਿੱਝਰ ਨੂੰ ਨਰੜਣ ਨਾਲ ਸਪਸ਼ਟ ਹੋ ਗਿਆ ਹੈ ਕਿ ਐਸ.ਐਫ.ਜੇ. ਦੇ ਗ਼ੈਰ-ਹਿੰਸਕ ਮੁਹਿੰਮ ਚਲਾਉਣ ਦੇ ਸਾਰੇ ਦਾਅਵੇ ਅਤੇ ਬਹਾਨੇ ਨੰਗੇ ਹੋ ਗਏ ਹਨ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਪਾਕਿਸਤਾਨ ਦੀ ਆਈ.ਐਸ.ਆਈ. ਵੱਲੋਂ ਖੁੱਲਾ ਸਮਰਥਨ ਕੀਤਾ ਜਾ ਰਿਹਾ ਹੈ ਕਿਉਕਿ ਇਹ ਦਹਾਕਿਆਂ ਤੋਂ ਭਾਰਤ ਵਿੱਚ ਸਿੱਧੇ ਅਤੇ ਅਸਿੱਧੇ ਢੰਗ ਨਾਲ ਅੱਤਵਾਦ ਫੈਲਾ ਰਹੀ ਹੈ। ਇਸ ਤੋਂ ਸਪਸ਼ਟ ਹੈ ਕਿ ਅਖੌਤੀ ਰਾਇਸ਼ੁਮਾਰੀ ਮੁਹਿੰਮ ਭਾਰਤ ਵਿਰੋਧੀ ਏਜੰਡੇ ਨੂੰ ਹੁਲਾਰਾ ਦੇਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ। ਉਨਾਂ ਅੱਗੇ ਕਿਹਾ ਕਿ ‘ਰਾਇਸ਼ੁਮਾਰੀ 2020’ ਦੇ ਆਈ.ਐਸ.ਆਈ. ਅਤੇ ਇਸ ਦੇ ਏਜੰਟਾਂ ਦੇ ਫਰੰਟ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ। ਉਨਾਂ ਕਿਹਾ ਕਿ ਪੰਨੂ ਅਤੇ ਨਿੱਝਰ ਪੰਜਾਬ ਅਤੇ ਭਾਰਤ ਵਿੱਚ ਅੱਤਵਾਦ ਨੂੰ ਹੱਲਾਸ਼ੇਰੀ ਦੇ ਰਹੇ ਹਨ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿੱਝਰ ਨੂੰ ਇਸ ਮੁੰਹਿਮ ਦੀ ਮੁੱਖ ਧਾਰਾ ਵਿੱਚ ਲਿਆ ਕੇ ਐਸ.ਐਫ.ਜੇ. ਅਤੇ ਆਈ.ਐਸ.ਆਈ. ਨੇ ਆਪਣੇ ਉਦੇਸ਼ਾਂ ਦਾ ਪ੍ਰਗਟਾਵਾ ਕਰ ਦਿੱਤਾ ਹੈ ਅਤੇ ਉਨਾਂ ਦਾ ਇੱਕੋਇਕ ਟੀਚਾ ਪੰਜਾਬ ਵਿੱਚ ਗੜਬੜ ਪੈਦਾ ਕਰਨਾ ਹੈ। ਉਨਾਂ ਕਿਹਾ ਕਿ ਭਾਰਤ ਵਿਚਲੇ ਸਿੱਖਾਂ ਨੇ ਐਸ.ਐਫ.ਜੇ. ਅਤੇ ਇਸਲਾਮਾਬਾਦ ਦੇ ਫੁੱਟਪਾਊ ਪ੍ਰੋਪੇਗੰਡੇ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਹੈ ਅਤੇ ਹੁਣ ਇਸ ਮੁਹਿੰਮ ਵਿੱਚ ਮਾੜੇ ਮੋਟੇ ਸਾਹ ਭਰਣ ਦੀ ਨਿੱਝਰ ਦੀ ਨਿਯੁਕਤੀ ਨਾਲ ਇਕ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਕਿਹਾ ਕਿ ਉਨਾਂ ਦੀਆਂ ਪਹਿਲੀਆਂ ਕੋਸ਼ਿਸ਼ਾਂ ਤਰਾਂ ਇਹ ਕੋਸ਼ਿਸ਼ ਵੀ ਅਸਫ਼ਲ ਹੋ ਜਾਵੇਗੀ।