• Home
  • ਹਰਸਿਮਰਨਜੀਤ ਕੌਰ ਨੂੰ ਮਿਲੀ ਆਈ.ਪੀ.ਐਲ. ਦੀ ਪਹਿਲੀ ਮੁਫ਼ਤ ਟਿਕਟ

ਹਰਸਿਮਰਨਜੀਤ ਕੌਰ ਨੂੰ ਮਿਲੀ ਆਈ.ਪੀ.ਐਲ. ਦੀ ਪਹਿਲੀ ਮੁਫ਼ਤ ਟਿਕਟ

ਐਸ.ਏ.ਐਸ. ਨਗਰ, 29 ਮਾਰਚ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਨਵੇਂ ਬਣੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਲੜੀ ਅਧੀਨ ਅੱਜ ਇੱਥੋਂ ਦੀ ਰਹਿਣ ਵਾਲੀ ਵਿਦਿਆਰਥਣ ਹਰਸਿਮਰਨਜੀਤ ਕੌਰ ਪੁੱਤਰੀ ਬਲਵੰਤ ਸਿੰਘ ਨੂੰ ਆਈ.ਪੀ.ਐਲ. ਦੇ ਪਹਿਲੀ ਅਪ੍ਰੈਲ ਨੂੰ ਆਈ.ਐਸ. ਬਿੰਦਰਾ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਮੈਚ ਦੀ ਪਹਿਲੀ ਮੁਫਤ ਟਿਕਟ ਮਿਲੀ ਹੈ। ਹਰਸਿਮਰਨਜੀਤ ਨੂੰ ਇਹ ਟਿਕਟ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦਿੱਤੀ।

ਦੇਵ ਸਮਾਜ ਕਾਲਜ, ਸੈਕਟਰ-45, ਚੰਡੀਗੜ੍ਹ ਦੀ ਵਿਦਿਆਰਥਣ ਹਰਸਿਮਰਨਜੀਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਬਣਾਉਣ ਅਤੇ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਹਰਸਿਮਰਨਜੀਤ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਹਰੇਕ ਯੋਗ ਵਿਅਕਤੀ ਆਪਣੀ ਵੋਟ ਬਣਾਏ ਅਤੇ ਵੋਟ ਪਾਏ।

ਇਸ ਮੌਕੇ ਸ਼੍ਰੀਮਤੀ ਸਾਹਨੀ ਨੇ ਦੱਸਿਆ ਕਿ ਨੌਜਵਾਨ ਵੋਟਰਾਂ (10 ਲੜਕਿਆਂ, 10 ਲੜਕੀਆਂ ਅਤੇ 10 ਦਿਵਿਆਂਗ ਵਿਅਕਤੀਆਂ) ਜਿਹੜੇ ਹਾਲ ਹੀ ਵਿੱਚ ਵੋਟਰ ਬਣੇ ਹਨ ਅਤੇ ਵੋਟਿੰਗ ਕਰਨਗੇ, ਨੂੰ ਆਈ.ਪੀ.ਐਲ. ਦੇ ਮੈਚਾਂ ਦੀਆਂ ਟਿਕਟਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ, ਜਿਸ ਲਈ ਉਨ੍ਹਾਂ ਦੇ ਦਫ਼ਤਰ ਕਮਰਾ ਨੰਬਰ 206 (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ) ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

  ਉਨ੍ਹਾਂ ਨੇ ਦੱਸਿਆ ਕਿ ਅਪ੍ਰੈਲ ਤੇ ਮਈ ਵਿੱਚ ਹੋਣ ਵਾਲੇ ਮੈਚਾਂ ਦੌਰਾਨ 100 ਵੋਟਰਾਂ ਨੂੰ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਕੌਫੀ ਮੱਗ ਵੀ ਦਿੱਤੇ ਜਾਣਗੇ। ਇਸ ਲਈ ਸਟੇਡੀਅਮ ਦੇ ਤਿੰਨ ਗੇਟਾਂ 3/4, 5/6 ਅਤੇ 14 ਉਤੇ ਤਿੰਨ ਸਟਾਲ ਲਾਏ ਜਾਣਗੇ। ਇਨ੍ਹਾਂ ਸਟਾਲਾਂ ਉਤੇ ਫੋਟੋ ਵੋਟਰ ਸ਼ਨਾਖ਼ਤੀ ਕਾਰਡ ਦਿਖਾਉਣ ਮਗਰੋਂ ਤੋਹਫ਼ਾ ਹਾਸਲ ਕਰ ਸਕਦੇ ਹਨ।

ਏ.ਡੀ.ਸੀ. ਨੇ ਅੱਗੇ ਕਿਹਾ ਕਿ ਇਨ੍ਹਾਂ ਸਟਾਲਾਂ ਉਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼)/ਵੀ.ਵੀ. ਪੈਟ ਦੀ ਕਾਰਜਪ੍ਰਣਾਲੀ ਬਾਰੇ ਵੀ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਵੋਟਿੰਗ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਲਈ ਆਈ.ਐਸ. ਬਿੰਦਰਾ ਸਟੇਡੀਅਮ ਵੱਲ ਜਾਂਦੀਆਂ ਸੜਕਾਂ ਉਤੇ 3ਡੀ ਪੇਂਟਿੰਗ ਕੀਤੀ ਜਾਵੇਗੀ।

ਕੈਪਸ਼ਨ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਈ. ਪੀ. ਐਲ. ਮੈਚ ਦੀ ਪਹਿਲੀ ਮੁਫਤ ਟਿਕਟ ਹਾਸਲ ਕਰਨ ਵਾਲੀ ਵਿਦਿਆਰਥਣ ਹਰਸਿਮਰਨਜੀਤ ਕੌਰ।

ਪ੍ਰੈਸ ਨੋਟ : 2