• Home
  • ਪੰਚਾਇਤ ਸੰਮਤੀਆਂ ਤੇ ਜ਼ਿਲਾ ਪ੍ਰੀਸ਼ਦ ਚੋਣਾਂ ‘ਚ ਕੀ ਸੱਚਮੁੱਚ ਬੂਥਾਂ ‘ਤੇ ਕਬਜ਼ੇ ਹੋਏ?  

ਪੰਚਾਇਤ ਸੰਮਤੀਆਂ ਤੇ ਜ਼ਿਲਾ ਪ੍ਰੀਸ਼ਦ ਚੋਣਾਂ ‘ਚ ਕੀ ਸੱਚਮੁੱਚ ਬੂਥਾਂ ‘ਤੇ ਕਬਜ਼ੇ ਹੋਏ?  

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ 'ਚ ਬੀਤੇ 19 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਹੋਈਆਂ ਤੇ ਅੱਜ ਉਸ ਦੇ ਨਤੀਜੇ ਵੀ ਆ ਗਏ। ਇਨਾਂ ਨਤੀਜਿਆਂ ਵਿਚ ਭਾਵੇਂ ਕਾਂਗਰਸ ਬਾਜ਼ੀ ਮਾਰ ਗਈ ਪਰ ਅਕਾਲੀ ਦਲ ਨੂੰ ਵੀ ਕਈ ਥਾਵਾਂ 'ਤੇ ਸਫ਼ਲਤਾ ਮਿਲੀ। ਚੋਣਾਂ ਵਾਲੇ ਦਿਨ ਕਈ ਥਾਵਾਂ ਤੋਂ ਹਿੰਸਾ ਤੇ ਬੂਥਾਂ 'ਤੇ ਕਬਜ਼ਾ ਕਰਨ ਦੀਆਂ ਖ਼ਬਰਾਂ ਵੀ ਮਿਲੀਆਂ। ਆਖ਼ਰ ਇਨਾਂ ਘਟਨਾਵਾਂ ਪਿਛੇ ਕੀ ਹੋ ਸਕਦਾ ਹੈ।
ਵੋਟਿੰਗ ਦੌਰਾਨ ਅਕਾਲੀ ਦਲ ਤੇ ਕਾਂਗਰਸੀਆਂ ਦੇ ਟਕਰਾਅ ਦੀਆਂ ਖ਼ਬਰਾਂ ਹੀ ਆਈਆਂ ਜਦਕਿ ਵਿਧਾਨ ਸਭਾ 'ਚ ਮੁੱਖ ਵਿਰੋਧੀ ਪਾਰਟੀ ਆਪ ਦੇ ਕਿਸੇ ਵਰਕਰ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੁਣਿਆ। ਕੀ ਅਕਾਲੀ ਜਾਣਬੁੱਝ ਕੇ ਪੋਲਿੰਗ ਬੂਥਾਂ 'ਤੇ ਜਾ ਕੇ ਲੜ ਰਹੇ ਸਨ ਜਾਂ ਫਿਰ ਸੱਚਮੁੱਚ ਕਾਂਗਰਸੀ ਬੂਥਾਂ 'ਤੇ ਕਬਜ਼ੇ ਕਰ ਰਹੇ ਸਨ।
ਕੀ ਅਕਾਲੀਆਂ ਨੇ ਇਨਾਂ ਚੋਣਾਂ ਲਈ ਚੰਗੀ ਤਰਾਂ ਪ੍ਰਚਾਰ ਕੀਤਾ ਸੀ ਤਾਂ ਜਵਾਬ ਨਾਂਹ 'ਚ ਮਿਲੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਰੋਸ ਸੀ ਤੇ ਅਕਾਲੀ ਆਗੂ ਜ਼ਮੀਨੀ ਪੱਧਰ 'ਤੇ ਉਤਰੇ ਹੀ ਨਹੀਂ ਤੇ ਜਿਹੜੇ ਜਿਵੇਂ ਕਿਵੇਂ ਕਰ ਕੇ ਜ਼ਮੀਨ 'ਤੇ ਉਤਰ ਕੇ ਪ੍ਰਚਾਰ ਕਰ ਗਏ ਉਹ ਕੁਝ ਖੱਟ ਵੀ ਗਏ। ਇਨਾਂ 'ਚੋਂ ਇਕ ਨਾਮ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਆਉਂਦਾ ਹੈ ਤੇ ਉਹ ਜ਼ਮੀਨ 'ਤੇ ਉਤਰ ਕੇ ਲੋਕਾਂ 'ਚ ਵਿਚਰੇ ਤੇ ਉਨਾਂ ਦੇ ਇਲਾਕੇ 'ਚੋਂ ਅਕਾਲੀ ਦਲ ਦੀ ਝੋਲੀ 'ਚ ਬਹੁ ਗਿਣਤੀ ਸੀਟਾਂ ਪਈਆਂ ਹਨ। ਪੰਚਾਇਤ ਸੰਮਤੀਆਂ ਦੀਆਂ 32 ਸੀਟਾਂ 'ਚੋਂ 28 ਤੇ ਜ਼ਿਲਾ ਪ੍ਰੀਸ਼ਦ ਦੀਆਂ ਚਾਰ ਦੀਆਂ ਚਾਰ ਅਕਾਲੀ ਦਲ ਦੀ ਝੋਲੀ 'ਚ ਪਈਆਂ।
ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਦੀ ਬੇਟੀ ਰਜਨੀਤ ਕੌਰ ਨੇ ਨੰਗਲ ਲੁਬਾਣਾ ਖੇਤਰ 'ਚੋਂ ਚੰਗੀ ਲੀਡ ਲੈ ਕੇ ਜਿੱਤ ਹਾਸਲ ਕੀਤੀ ਕਿਉਂਕਿ ਉਸ ਨੇ ਹਲਕੇ 'ਚ ਚੰਗੀ ਮਿਹਨਤ ਕੀਤੀ ਸੀ।
ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਦੇ ਉਮੀਦਵਾਰ ਨੂੰ ਉਨਾ ਦੇ ਪਿੰਡ ਉਭਾਵਾਲ 'ਚੋਂ ਅਤੇ ਉਨਾਂ ਦੇ ਗੋਦ ਲਏ ਪਿੰਡ ਗੁਲਾੜੀ 'ਚ ਵੀ ਚੰਗੀ ਸਫ਼ਲਤਾ ਹਾਸਲ ਕੀਤੀ ਹੈ।
ਪੋਲਿੰਗ ਬੂਥਾਂ 'ਤੇ ਕਬਜ਼ੇ ਕਰਨ ਦੀਆਂ ਜ਼ਿਆਦਾ ਸ਼ਿਕਾਇਤਾਂ ਮਾਲਵੇ 'ਚੋਂ ਮਿਲੀਆਂ ਸਨ ਖ਼ਾਸ ਕਰ ਕੇ ਮੁਕਤਸਰ ਜ਼ਿਲੇ 'ਚੋਂ-। ਅਕਾਲੀਆਂ ਨੂੰ ਵੀ ਪਤਾ ਹੈ ਕਿ ਇਸ ਖੇਤਰ ਦੇ ਲੋਕ ਪਹਿਲਾਂ ਹੀ ਉਨਾਂ ਤੋਂ ਕਾਫ਼ੀ ਔਖੇ ਸਨ ਜਿਸ ਕਾਰਨ ਆਮ ਵੋਟਰ ਵੀ ਅਕਾਲੀ ਦਲ ਦਾ ਵਿਰੋਧ ਕਰ ਰਿਹਾ ਸੀ ਤੇ ਅਕਾਲੀਆਂ ਨੂੰ ਹਰੇਕ ਬੰਦਾ ਹੀ ਕਾਂਗਰਸੀ ਦਿਖਾਈ ਦੇ ਰਿਹਾ ਸੀ।
ਸੱਚਾਈ ਤਾਂ ਇਹ ਹੈ ਕਿ ਬੂਥਾਂ 'ਤੇ ਕਬਜ਼ਾ ਕਰਨ ਦਾ ਜਿੰਨਾ ਰੌਲਾ ਪਾਇਆ ਗਿਆ ਸੀ ਸ਼ਾਇਦ ਇੰਨਾ ਨਹੀਂ ਸੀ। ਅਗਰ ਅਜਿਹਾ ਹੁੰਦਾ ਤਾਂ ਜਿਨਾਂ ਖੇਤਰਾਂ 'ਚੋਂ ਅਕਾਲੀ ਜਿੱਤੇ ਹਨ ਉਥੋਂ ਦੇ ਨਤੀਜੇ ਵੀ ਕੁਝ ਹੋਰ ਹੋਣੇ ਸਨ।
ਇਸ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਕਈ ਥਾਵਾਂ 'ਤੇ ਬੂਥਾਂ 'ਤੇ ਕਬਜ਼ੇ ਹੋਏ ਪਰ ਇਹ ਉਥੇ ਹੀ ਹੋਏ ਜਿਥੇ 'ਪਾਵਰਫੁੱਲ' ਕਾਂਗਰਸੀ ਨੇਤਾ ਸਨ ਤੇ ਜਿਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਦਬਾਅ ਬਣਾ ਕੇ ਕੁਝ ਨਾ ਕੁਝ ਧਾਦਲੀ ਕੀਤੀ ਪਰ ਜਦੋਂ ਹੀ ਕੈਪਟਨ ਨੂੰ ਪਤਾ ਲੱਗਾ ਤਾਂ ਉਨਾਂ ਉਥੇ ਦੁਬਾਰਾ ਪੋਲਿੰਗ ਕਰਵਾਉਣ ਦੇ ਹੁਕਮ ਦਿੱਤੇ ਪਰ ਅਕਾਲੀਆਂ ਵਲੋਂ ਕੈਪਟਨ 'ਤੇ ਲਾਏ ਗਏ ਦੋਸ਼ ਨਿਰਾਆਧਾਰ ਹਨ।