• Home
  • ਚੰਡੀਗੜ ’ਤੇ ਪੰਜਾਬ ਦੇ ਹੱਕ ਲਈ ਪੰਜਾਬ ਦੇ ਦੋ ਮੰਤਰੀ ਉਤਰੇ ਮੈਦਾਨ ’ਚ

ਚੰਡੀਗੜ ’ਤੇ ਪੰਜਾਬ ਦੇ ਹੱਕ ਲਈ ਪੰਜਾਬ ਦੇ ਦੋ ਮੰਤਰੀ ਉਤਰੇ ਮੈਦਾਨ ’ਚ

ਚੰਡੀਗੜ, (ਖ਼ਬਰ ਵਾਲੇ ਬਿਊਰੋ):ਕੇਂਦਰ ਸਰਕਾਰ ਵਲੋਂ ਚੰਡੀਗੜ ਨੂੰ ਸੰਪੂਰਨ ਕੇਂਦਰੀ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇਣ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ ਬਾਰੇ ਪੰਜਾਬ ਭਰ ’ਚੋਂ ਵਿਰੋਧੀ ਸੁਰਾਂ ਉਠ ਰਹੀਆਂ ਹਨ। ਜਿਥੇ ਪੰਜਾਬ ਦੇ ਮੁੱਖ ਮੰਤਰੀ ਇਸ ਮਸਲੇ ’ਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਬਾਰੇ ਕਹਿ ਚੁੱਕੇ ਹਨ ਤੇ ਸੂਬੇ ਦੇ ਬੁੱਧੀਜੀਵੀ ਤੇ ਜਾਗਰੂਕ ਨਾਗਰਿਕ ਕੇਂਦਰ ਦੀ ਇਸ ਨੀਤੀ ਦੀ ਆਲੋਚਨਾ ਕਰ ਰਹੇ ਹਨ ਉਥੇ ਹੀ ਪੰਜਾਬ ਦੇ ਦੋ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਪੰਜਾਬ ਦਾ ਹੱਕ ਲੈਣ ਲਈ ਮੈਦਾਨ ’ਚ ਉਤਰ ਆਏ ਹਨ।

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਮਸਲੇ ’ਤੇ ਕੇਂਦਰੀ ਗ੍ਰ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਹ ਨੋਟੀਫਿਕੇਸ਼ਨ ਰਾਜੀਵ-ਲੌਂਗੋਵਾਲ ਸਮਝੌਤੇ ਦੀ ਖਿਲਾਫ਼ਤ ਕਰਦਾ ਹੈ ਤੇ ਪਿਛਲੇ 50 ਸਾਲ ਤੋਂ ਵੀ ਜ਼ਿਆਦਾ ਅਰਸੇ ਤੋਂ ਇਸ ਦੇ ਪ੍ਰਸ਼ਾਸਨ ਨੂੰ ਚਲਾਉਣ ਲਈ ਪੰਜਾਬ ਤੇ ਹਰਿਆਣਾ ਵਿਚਕਾਰ ਤਾਲਮੇਲ ਕਮਾਲ ਦਾ ਰਿਹਾ ਹੈ। ਜੇਕਰ ਇਥੇ ਸਾਰੇ ਹੀ ਪ੍ਰਸ਼ਾਸਨਿਕ ਅਧਿਕਾਰੀ ਕੇਂਦਰ ਸਰਕਾਰ ਨਿਯੁਕਤ ਕਰਨ ਲੱਗ ਗਈ ਤਾਂ ਪੰਜਾਬ ਦਾ ਚੰਡੀਗੜ ਤੋਂ ਅਧਿਕਾਰ ਇਕ ਤਰਾਂ ਖ਼ਤਮ ਹੀ ਹੋ ਜਾਵੇਗਾ ਇਸ ਲਈ ਕੇਂਦਰ ਸਰਕਾਰ ਨੂੰ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।

ਸਿੱਧੂ ਤੋਂ ਇਲਾਵਾ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮਸਲੇ ਨੂੰ ਉਲਝਾਉਣ ਲਈ ਅਕਾਲੀ ਦਲ ਤੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਦੋਹਾਂ ਪਾਰਟੀਆਂ ਨੂੰ ਇਸ ਮਸਲੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ। ਉਨਾਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੂੰ ਪੁਛਿਆ ਕਿ ਕੀ ਉਹ ਇਸ ਮਸਲੇ ’ਤੇ ਵੀ ਕੇਂਦਰੀ ਸਰਕਾਰ ਨਾਲ ਖੜਨਗੇ ਜਾਂ ਫਿਰ ਪੰਜਾਬ ਦੇ ਹਿੱਤਾਂ ਦੀ ਗੱਲ ਵੀ ਕਰਨਗੇ। ਉਨਾਂ ਅਕਾਲੀ ਦਲ ਦੇ ਆਗੂਆਂ ਬਾਰੇ ਕਿਹਾ ਕਿ ਉਹ ਰੌਲਾ ਪਾਉਂਦੇ ਹੁੰਦੇ ਹਨ ਕਿ ਜਦੋਂ ਕੇਂਦਰ ’ਚ ਕਾਂਗਰਸ ਦੀ ਸਰਕਾਰ ਹੁੰਦੀ ਹੈ ਤਾਂ ਉਸ ਵੇਲੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਿਆ ਜਾਂਦਾ ਹੈ ਤੇ ਅੱਜ ਉਹ ਕੇਂਦਰੀ ਸਰਕਾਰ ’ਚ ਭਾਈਵਾਲ ਹਨ ਤੇ ਅੱਜ ਉਹ ਕੀ ਕਰ ਰਹੇ ਹਨ।