• Home
  • ਦਲਿਤ ਵਿਧਾਇਕ ਨੱਥੂ ਰਾਮ ਨੇ ਲਗਾਏ ਕਾਂਗਰਸ ਪ੍ਰਧਾਨ ਜਾਖੜ ਤੇ ਜ਼ਲੀਲ ਕਰਨ ਦੇ ਦੋਸ਼ 

ਦਲਿਤ ਵਿਧਾਇਕ ਨੱਥੂ ਰਾਮ ਨੇ ਲਗਾਏ ਕਾਂਗਰਸ ਪ੍ਰਧਾਨ ਜਾਖੜ ਤੇ ਜ਼ਲੀਲ ਕਰਨ ਦੇ ਦੋਸ਼ 

‌ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਦਲਿਤ ਹੋਣ ਦਾ ਦਰਦ ਭੁਗਤ ਰਹੇ ਜ਼ਿਲ੍ਹਾ ਫਾਜ਼ਿਲਕਾ ਦੇ ਹਲਕਾ ਬੱਲੂਆਣਾ ਤੋਂ ਕਾਂਗਰਸ ਦੇ ਵਿਧਾਇਕ ਨੱਥੂ ਰਾਮ ਨੇ ਇੱਕ ਵਾਰ ਮੁੜ ਦੋਸ਼ ਲਾਇਆ ਹੈ ਕਿ ਉਸ ਨੂੰ ਦਲਿਤ ਹੋਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।
.ਤਾਜ਼ਾ ਦੋਸ਼ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਹਨ ,ਵਿਧਾਇਕ ਵੱਲੋਂ ਕਾਂਗਰਸ ਪ੍ਰਧਾਨ ਜਾਖੜ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਗਿਆ ਕਿ ਉਹ ਬੱਲੂਆਣੇ ਹਲਕੇ ਦੀ ਦੇਖ ਭਾਲ ਲਈ ਕਿਸੇ ਹੋਰ ਨੂੰ ਤੈਨਾਤ ਕਰ ਦੇਣ ਕਿਉਂਕਿ ਫਿਲਹਾਲ ਉਹ ਇਸ ਸਥਿਤੀ ਵਿਚ ਨਹੀਂ ਹਨ ਕਿ ਹਲਕੇ ਦੀ ਦੇਖਭਾਲ ਕਰ ਸਕਣ ।
 ਦਲਿਤ ਵਿਧਾਇਕ ਦਾ ਦੋਸ਼ ਇਹ ਵੀ ਹੈ ਕਿ ਅਕਾਲੀ ਸਰਕਾਰ ਸਮੇਂ ਹਾਵੀ ਰਹੇ ਅਫਸਰਾਂ ਨੂੰ ਮੁੜ ਉਨ੍ਹਾਂ ਦੇ ਹਲਕੇ ਵਿੱਚ ਜ਼ਬਰਦਸਤੀ ਲਾਇਆ ਗਿਆ ਹੈ ।
ਵਿਧਾਇਕ ਵੱਲੋਂ ਇਹ ਵੀ ਦੋਸ਼ ਹੈ ਕਿ ਜਿਸ ਬਲਾਕ ਵਿਕਾਸ ਅਤੇ ਪੰਚਾਇਤ  ਅਫਸਰ ਦੀ ਬਦਲੀ ਹੋਈ ਸੀ ਉਸ ਨੂੰ ਸੁਨੀਲ ਜਾਖੜ ਦੇ ਕਹਿਣ ਤੇ ਫਿਰ ਵਾਪਿਸ ਉਥੇ ਲਾ ਦਿੱਤਾ ਗਿਆ ਹੈ ,ਜਿਸ ਕਾਰਨ ਪਾਰਟੀ ਨੂੰ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਨੁਕਸਾਨ ਭੁਗਤਣਾ ਪੈ ਸਕਦਾ ਹੈ ।
ਵਿਧਾਇਕ ਦੇ ਦੋਸ਼ ਇਹ ਵੀ ਹਨ ਕਿ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਭਰਾ ਅਤੇ ਸਾਬਕਾ ਮੰਤਰੀ ਸੱਜਣ ਕੁਮਾਰ ਜਾਖੜ ਨੇ ਉਸਨੂੰ ਅਤੇ ਉਸ ਦੇ ਪੀ ਏ ਨੂੰ  ਆਪਣੇ ਫਾਰਮ ਹਾਊਸ  ਵਿੱਚ ਬੁਲਾ ਕੇ ਲੋਕਾਂ ਦੇ ਸਾਹਮਣੇ ਜਲੀਲ ਕੀਤਾ ।
.ਜ਼ਿਕਰਯੋਗ ਹੈ ਕਿ ਹੋਰਾਂ ਵਿਧਾਇਕਾਂ ਸਮੇਤ ਵਿਧਾਇਕ ਨੱਥੂ ਰਾਮ ਨੇ ਮੰਤਰੀ ਮੰਡਲ ਦੇ ਵਿਸਥਾਰ ਦੌਰਾਨ ਦਲਿਤਾਂ ਦੀ ਨਜ਼ਰ ਅੰਦਾਜ਼ੀ ਦੇ ਦੋਸ਼ਾਂ ਦੌਰਾਨ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ।ਇਸ ਬਾਰੇ ਜਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਾਇਦ ਵਿਧਾਇਕ ਨੂੰ ਕੋਈ ਗਲਤ ਫਹਿਮੀ ਹੋ ਗਈ ਹੈ, ਪਰ ਇਸ ਮਾਮਲੇ ਨੂੰ ਮਿਲ ਬੈਠ ਕੇ ਨਿਪਟਾ ਲਿਆ ਜਾਵੇਗਾ ।