• Home
  • ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਦਿੱਤਾ ਜਾਵੇਗਾ ਵਜੀਫਾ- ਉਦਯੋਗਿਕ ਕਿਰਤੀ ਦੀ ਹਾਦਸੇ ਵਿੱਚ ਮੌਤ ਹੋਣ ਉਪਰੰਤ, ਮਾਲੀ ਮਦੱਦ ਦੇਣ ਲਈ ਬਣਾਈ ਜਾਵੇਗੀ ਸਕੀਮ:- ਬਲਬੀਰ ਸਿੰਘ ਸਿੱਧੂ

ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਦਿੱਤਾ ਜਾਵੇਗਾ ਵਜੀਫਾ- ਉਦਯੋਗਿਕ ਕਿਰਤੀ ਦੀ ਹਾਦਸੇ ਵਿੱਚ ਮੌਤ ਹੋਣ ਉਪਰੰਤ, ਮਾਲੀ ਮਦੱਦ ਦੇਣ ਲਈ ਬਣਾਈ ਜਾਵੇਗੀ ਸਕੀਮ:- ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ, 27 ਫਰਵਰੀ:ਪੰਜਾਬ ਸਰਕਾਰ ਦਾ ਕਿਰਤ ਵਿਭਾਗ ਰਜਿਸਟਰਡ ਉਦਯੋਗਿਕ ਕਿਰਤੀਆਂ ਦੇ ਬੱਚਿਆ ਨੂੰ ਛੇਵੀਂ ਕਲਾਸ ਤੋਂ ਮਿਲਣ ਵਾਲੇ ਵਜੀਫਾ ਨੂੰ ਹੁਣ ਪਹਿਲੀ ਜਮਾਤ ਤੋਂ ਜਾਰੀ ਕਰੇਗਾ। ਇਹ ਫੈਸਲਾ ਸਰਦਾਰ ਬਲਬੀਰ ਸਿੰਘ ਸਿੱਧੂ, ਕਿਰਤ ਮੰਤਰੀ-ਕਮ-ਚੇਅਰਮੈਨ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।

ਬਲਬੀਰ ਸਿੰਘ ਸਿੱਧੂ ਨੇ ਮੀਟਿੰਗ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਭਲਾਈ ਸਕੀਮਾਂ ਸਬੰਧੀ ਉਦਯੋਗਪਤੀਆਂ ਤੇ ਕਿਰਤੀਆਂ ਨੂੰ ਜਾਗਰੂਕ ਕਰਵਾਇਆ ਜਾਵੇ ਤਾਂ ਉਦਯੋਗਿਕ ਕਿਰਤੀ ਰਜਿਸਟਰਡ ਹੋ ਕੇ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਉਨ੍ਹਾਂ ਦੱਸਿਆ ਇਸ ਸਮੇਂ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਉਦਯੋਗਿਕ ਕਿਰਤੀਆਂ ਦੇ ਬੱਚਿਆਂ ਲਈ ਛੇਵੀਂ ਕਲਾਸ ਤੋਂ ਲੈ ਕੇ ਡਿਗਰੀ ਕੋਰਸ ਤੱਕ 5,000 ਤੋਂ ਲੈ ਕੇ 70,000 ਰੁਪਏ ਤੱਕ ਵਜੀਫਾ, ਲੜਕੀ ਦੀ ਸ਼ਾਦੀ ਲਈ 31,000 ਰੁਪਏ ਸ਼ਗਨ ਸਕੀਮ ਅਧੀਨ ਮੁਹੱਈਆ ਕਰਵਾਇਆ ਜਾਂਦਾ ਹੈ।

ਉਨਾਂ੍ਹ ਮੀਟਿੰਗ ਵਿਚ ਹਾਜਰ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਕਿਰਤ ਵਿਭਾਗ ਹੁਣ ਕਿਰਤੀਆਂ ਦੀ ਰਜਿਸਟਰੇਸ਼ਨ ਆਨ-ਲਾਈਨ ਕਰ ਰਿਹਾ ਹੈ ਤਾਂ ਜੋ ਹਰ ਕਿਰਤੀ ਨੂੰ ਸਮੇਂ ਅਨੁਸਾਰ ਸਕੀਮਾਂ ਦਾ ਲਾਭ ਮਿਲ ਸਕੇ।

ਕਿਰਤ ਮੰਤਰੀ-ਕਮ-ਚੇਅਰਮੈਨ ਵੱਲੋਂ ਇਹ ਵੀ ਸੁਝਾਅ ਦਿੱਤਾ ਗਿਆ ਕਿ ਜੇਕਰ ਕਿਸੇ ਹਾਦਸੇ ਵਿੱਚ ਗੈਰ ਰਜਿਸਟਰਡ ਉਦਯੋਗਿਕ ਕਿਰਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਨੂੰ ਵੀ ਤੁਰੰਤ ਕੁੱਝ ਮਾਲੀ ਮਦੱਦ ਜਾਰੀ ਕਰਨ ਦਾ ਉਪਬੰਧ ਹੋਣਾ ਚਾਹੀਦਾ ਹੈ, ਜਿਸ ਤੇ ਸਮੂਹ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ। ਜਿਸ ਉਪਰੰਤ ਉਨ੍ਹਾਂ ਨੇ ਪ੍ਰਮੁੱਖ ਸਕੱਤਰ, ਕਿਰਤ ਨੂੰ ਇਸ ਸਬੰਧੀ ਕਮੇਟੀ ਬਣਾ ਕੇ ਜਲਦ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

ਆਰ. ਵੈਂਕਟ ਰਤਨਮ, ਪ੍ਰਮੁੱਖ ਸਕੱਤਰ, ਕਿਰਤ ਨੇ ਵਿਭਾਗ ਦੀ ਆਮਦਨ ਬਾਰੇ ਦੱਸਦਿਆ ਕਿਹਾ ਕਿ  ਬੋਰਡ ਨੂੰ 01, ਅਪ੍ਰੈਲ, 2018 ਤੋਂ ਲੈ ਕੇ 31 ਦਸੰਬਰ, 2018 ਤੱਕ ਅੰਸ਼ਦਾਨ ਅਤੇ ਹੋਰ ਵਸੀਲਿਆਂ ਤੋਂ 19.75 ਕਰੋੜ ਰੁਪਏ ਦੀ ਆਮਦਨ ਹੋਈ ਹੈ ਅਤੇ ਇਸੇ ਸਮੇਂ ਦੌਰਾਨ ਵੱਖ-ਵੱਖ ਕਿਰਤ ਭਲਾਈ ਸਕੀਮਾਂ ਅਧੀਨ ਉਦਯੌਗਿਕ ਕਿਰਤੀਆਂ ਨੂੰ ਤਕਰੀਬਨ 10 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ।  ਆਰ. ਵੈਂਕਟ ਰਤਨਮ, ਪ੍ਰਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਕਿਰਤ ਵਿਭਾਗ ਵਲੋਂ ਖਤਰਨਾਕ ਬਿਮਾਰੀਆਂ ਲਈ 1 ਲੱਖ ਰੁਪਏ, ਜਰਨਲ ਸਰਜਰੀ ਲਈ 20,000 ਰੁਪਏ, ਉਦਯੋਗਿਕ ਔਰਤ ਕਿਰਤੀਆਂ ਨੂੰ 20,000 ਰੁਪਏ ਮੈਟਰੇਨਿਟੀ ਬੈਨੇਫਿਟ, ਉਦਯੋਗਿਕ ਕਿਰਤੀਆਂ ਦੇ ਮੈਂਟਲੀ ਰਿਟਾਰਡਡ ਬੱਚਿਆਂ ਨੂੰ 20,000 ਰੁਪਏ ਵਨ ਟਾਈਮ ਪੇਮੈਂਟ, ਸ਼ਾਦੀ ਕਰਜਾ ਬਿਨ੍ਹਾਂ ਵਿਆਜ ਅਤੇ ਉਦਯੌਗਿਕ ਕਿਰਤੀਆਂ ਨੂੰ ਮੋਟਰ ਸਾਇਕਲ/ ਸਕੂਟੀ ਖਰੀਦਣ ਲਈ 50,000 ਰੁਪਏ ਬਗੈਰ ਵਿਆਜ ਤੋਂ ਲੋਨ ਸਕੀਮ ਦਿੱਤਾ ਜਾਂਦਾ ਹੈ ਜੋ ਕੇਵਲ ਰਜਿਸਟਰਡ ਕਿਰਤੀਆਂ ਨੂੰ ਦਿੱਤਾ ਜਾਂਦਾ ਹੈ।

ਇਸ ਮੀਟਿੰਗ ਵਿੱਚ ਵਿਮਲ ਕੁਮਾਰ ਸੇਤੀਆ, ਕਮਿਸ਼ਨਰ ਕਿਰਤ ਵਿਭਾਗ, ਜਗੀਰ ਸਿੰਘ, ਸਹਾਇਕ ਵੈਲਫੇਅਰ ਕਮਿਸ਼ਨਰ, ਗੁਰਪ੍ਰੀਤ ਸਿੰਘ, ਵਿਭਾਗ ਦੇ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ), ਵਿੱਤ ਵਿਭਾਗ, ਉਦਯੋਗ ਅਤੇ ਕਾਮਰਸ ਵਿਭਾਗ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਚਾਇਲਡ ਡਿਵਲੈਪਮੈਂਟ ਵਿਭਾਗ ਦੇ ਨੁਮਾਂਇੰਦਿਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਮੈਂਬਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਰ ਸਨ।