• Home
  • ਲੂਟਨ-ਅੰਮ੍ਰਿਤਸਰ ਵਿਚਾਲੇ ਸਿੱਧੀ ਉਡਾਨ ਜਲਦ ਹੋਵੇਗੀ ਸ਼ੁਰੂ : ਢੇਸੀ

ਲੂਟਨ-ਅੰਮ੍ਰਿਤਸਰ ਵਿਚਾਲੇ ਸਿੱਧੀ ਉਡਾਨ ਜਲਦ ਹੋਵੇਗੀ ਸ਼ੁਰੂ : ਢੇਸੀ

ਭਾਰਤੀ ਹਵਾਈ ਕੰਪਨੀਆਂ ਨੇ ਯੂ. ਕੇ. ਲਈ ਦਿਖਾਈ ਦਿਲਚਸਪੀ, ਲੂਟਨ ਅਧਿਕਾਰੀਆਂ ਦਾ ਦਾਅਵਾ

ਚੰਡੀਗੜ੍ਹ, : ਯੂਰਪ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਅਗਲੇ ਸਾਲ 2019 ਦੇ ਸ਼ੁਰੂ ਵਿੱ ਜਲਦ ਹੀ ਅੰਮ੍ਰਿਤਸਰ ਤੋਂ ਲੰਡਨ ਵਿਚਾਲੇ ਸਿੱਧੀ ਉਡਾਨ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਲੂਟਨ, ਲੰਡਨ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਬੰਧਕਾਂ ਅਤੇ ਭਾਰਤ ਦੀਆਂ ਕੁੱਝ ਮੁੱਖ ਹਵਾਈ ਕੰਪਨੀਆਂ ਦਰਮਿਆਨ ਗੰਭੀਰ ਵਿਚਾਰ-ਵਟਾਂਦਰਾ ਹੋਇਆ ਹੈ।

ਇਕ ਬਿਆਨ ਰਾਹੀਂ ਲੂਟਨ ਹਵਾਈ ਅੱਡੇ ਦੇ ਪ੍ਰਬੰਧਕਾਂ ਨਾਲ ਹੋਈ ਉਚੇਚੀ ਮੀਟਿੰਗ ਉਪੰਰਤ ਜਾਣਕਾਰੀ ਦਿੰਦਿਆਂ ਢੇਸੀ ਨੇ ਦੱਸਿਆ ਕਿ ਲੂਟਨ ਏਅਰਪੋਰਟ ਦੇ ਮੁੱਖ ਵਪਾਰਕ ਅਧਿਕਾਰੀ ਜੋਨਾਥਨ ਪੋਲਾਰਡ ਨੇ ਦੱਸਿਆ, ਭਾਰਤ ਲਈ ਨਵੀਆਂ ਉਡਾਣਾ ਸ਼ੁਰੂ ਕਰਨ ਲਈ ਭਾਰਤੀ ਹਵਾਈ ਕੰਪਨੀਆਂ ਵੱਲੋਂ ਉਨਾਂ ਕੋਲ ਕਾਫੀ ਦਿਲਚਸਪੀ ਦਿਖਾਈ ਗਈ ਹੈ ਅਤੇ ਅਸੀਂ ਭਾਰਤੀ ਬਾਜ਼ਾਰ ਲਈ ਨਵੀਂਆਂ ਹਵਾਈ ਸੇਵਾਵਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਿਤ ਹਾਂ। ਉਨਾਂ ਦਾ ਕਹਿਣਾ ਸੀ ਕਿ ਲੂਟਨ ਨੇੜੇ ਇਲਾਕਿਆਂ ਵਿੱਚ ਪ੍ਰਵਾਸੀ ਭਾਰਤੀ ਵੱਡੀ ਗਿਣਤੀ ਵਿੱਚ ਵਸਦੇ ਹਨ ਅਤੇ ਭਾਰਤੀ ਕੰਪਨੀਆਂ ਦੇ ਰੁਝਾਨ ਨੂੰ ਵੇਖਦੇ ਹੋਏ ਇਸ ਹਵਾਈ ਅੱਡੇ ਤੋਂ ਘੱਟ ਕੀਮਤ 'ਤੇ ਲੰਦਨ ਤੋਂ ਅੰਮ੍ਰਿਤਸਰ ਵਿਚਕਾਰ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਵਧੀਆ ਮੌਕਾ ਹੈ। ਇਸ ਨਾਲ ਲੋਕਾਂ ਨੂੰ ਬਰਤਾਨੀਆਂ ਸਮੇਤ ਯੂਰਪ ਵਿੱਚ ਰਹਿੰਦੇ ਆਪਣੇ ਪਰਿਵਾਰਾਂ, ਦੋਸਤਾਂ ਨੂੰ ਮਿਲਣ ਅਤੇ ਲੂਟਨ ਲਾਗਲੇ ਸ਼ਹਿਰਾਂ ਦੇ ਵਧੀਆ ਨਜ਼ਾਰੇ ਵੇਖਣ ਦਾ ਮੌਕਾ ਮਿਲੇਗਾ।

ਇਸੇ ਦੌਰਾਨ ਲੂਟਨ ਏਅਰਪੋਰਟ ਦੇ ਇਕ ਵੱਡੀ ਭਾਈਵਾਲ ਕੰਪਨੀ 'ਏ.ਐੱਮ.ਪੀ. ਕੈਪੀਟਲ' ਦੇ ਪ੍ਰਮੁੱਖ ਹੇਵਲ ਰੀਸ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਸ ਏਅਰਪੋਰਟ 'ਤੇ ਮੁਕੰਮਲ ਕੀਤੇ ਇਕ ਵੱਡੇ ਟਰਾਂਸਪੋਟੇਸ਼ਨ ਪ੍ਰੋਗਰਾਮ ਉਪਰੰਤ ਅਸੀਂ ਭਾਰਤੀ ਬਾਜ਼ਾਰ ਵੱਲੋਂ ਨਵੀਂਆਂ ਹਵਾਈ ਸੇਵਾਵਾਂ ਦੇਣ ਦੇ ਹੁੰਗਾਰੇ ਦੇ ਸਵਾਗਤ ਕਰਦੇ ਹਾਂ ਜੋ ਸਥਾਨਕ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਸਿੱਧੀਆਂ ਉਡਾਨਾਂ ਸਦਕਾ ਉਨ੍ਹਾਂ ਨੂੰ ਪਸੰਦੀਦਾ ਸਥਾਨਾਂ ਤੱਕ ਲਿਜਾਣ ਵਿੱਚ ਸਹਾਈ ਸਿੱਧ ਹੋਣਗੀਆਂ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਵਧੇਰੇ ਆਵਾਜਾਈ ਵਾਲੇ ਅੱਡਿਆਂ 'ਤੇ ਖੱਜਲ-ਖੁਆਰ ਨਹੀਂ ਹੋਣਾ ਪਵੇਗਾ।

ਢੇਸੀ ਨੇ ਕਿਹਾ ਕਿ ਪਿਛਲੇ ਸਾਲ ਲੰਡਨ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾ ਦੀ ਸ਼ੁਰੂਆਤ ਲਈ ਕੀਤੀਆਂ ਮੀਟਿੰਗਾਂ ਉਪਰੰਤ ਲੂਟਨ ਵੱਲੋਂ ਦਿਖਾਈ ਦਿਲਚਸਪੀ ਤੋਂ ਉਹ ਬਹੁਤ ਖੁਸ਼ ਹਨ ਕਿ ਹੁਣ ਲੰਡਨ ਅਤੇ ਅੰਮ੍ਰਿਤਸਰ ਵਿਚਕਾਰ ਆਖਿਰਕਾਰ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ ਜਿਸਦੀ ਬਹੁਤ ਚਿਰਾਂ ਤੋਂ ਮੰਗ ਸੀ। ਉਨ੍ਹਾਂ ਕਿਹਾ ਕਿ ਲੰਦਨ ਇਕ 'ਗਲੋਬਲ ਕੈਪੀਟਲ' ਹੈ ਅਤੇ ਅੰਮ੍ਰਿਤਸਰ ਵਿਸ਼ਵ ਪੱਧਰੀ ਧਾਰਮਿਕ ਅਤੇ ਸੈਰ ਸਪਾਟੇ ਦਾ ਕੇਂਦਰ ਹੈ, ਜਿਥੇ ਹਰ ਸਾਲ ਲੱਖਾਂ ਲੋਕ ਆਉਂਦੇ ਹਨ। ਇਸ ਲਈ ਇਨ੍ਹਾਂ ਦੋਵਾਂ ਸਥਾਨਾਂ ਨੂੰ ਹਵਾਈ ਯਾਤਰਾ ਰਾਹੀਂ ਫਿਰ ਜੋੜਿਆ ਜਾ ਰਿਹਾ ਹੈ ਅਤੇ ਇਹ ਸਿੱਧੀਆਂ ਉਡਾਨਾਂ ਵਧੇਰੇ ਸਫਲ ਸਾਬਤ ਹੋਣਗੀਆਂ ਕਿਉਂਕਿ ਇਸ ਨਾਲ ਪੰਜਾਬ ਸਮੇਤ ਲਾਗਲੇ ਰਾਜਾਂ ਨੂੰ ਵੀ ਫਾਇਦਾ ਹੋਵੇਗਾ।

ਉਨਾਂ ਕਿਹਾ ਕਿ ਲੰਡਨ ਸਥਿਤ ਹੀਥਰੋ ਹਵਾਈ ਅੱਡੇ ਦੇ ਵਾਧੂ ਵਿਅਸਤ ਹਵਾਈ ਰੁਝੇਵਿਆਂ ਕਾਰਨ ਅਤੇ ਲੂਟਨ ਅੱਡੇ 'ਤੇ ਤਾਜਾ ਵਿਸਥਾਰ ਪ੍ਰੋਗਰਾਮ ਦਾ ਕੰਮ ਮੁਕੰਮਲ ਹੋਣ ਨਾਲ ਇਹ ਅੱਡਾ ਭਾਰਤੀ ਕੰਪਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ। ਇਸ ਤੋਂ ਇਲਾਵਾ ਲੂਟਨ ਲਾਗਲੇ ਖੇਤਰਾਂ ਵਿੱਚ ਕਰੀਬ 22 ਮਿਲੀਅਨ ਤੋਂ ਵੱਧ ਲੋਕਾਂ ਦੀ ਵਸੋਂ ਵੀ ਇਸ ਅੱਡੇ ਤੋਂ ਲਾਹਾ ਲੈ ਲਕੇਗੀ। ਅਸਲ ਵਿਚ ਯੂ. ਕੇ. ਵਿੱਚ ਵਸਦੇ ਪ੍ਰਵਾਸੀ ਭਾਰਤੀਆਂ ਵਿੱਚੋਂ ਕਰੀਬ 80 ਫੀਸਦੀ ਲੋਕ ਇਸ ਅੱਡੇ 'ਤੇ 2 ਘੰਟਿਆਂ ਦੇ ਸਫਰ 'ਤੇ ਪਹੁੰਚ ਸਕਦੇ ਹਨ।

ਉਨ੍ਹਾਂ ਕਿਹਾ ਕਿ ਲੂਟਨ ਦਾ ਏਅਰਪੋਰਟ ਬਰਤਾਨੀਆਂ ਦਾ 5ਵਾਂ ਸਭ ਤੋਂ ਵੱਡਾ ਹਵਾਈ ਅੱਡਾ ਹੈ, ਜੋ ਹਰ ਸਾਲ 17 ਮਿਲੀਅਨ ਤੋਂ ਵੱਧ ਯਾਤਰੀਆਂ ਨੂੰ ਹਵਾਈ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ ਕੁਝ ਸਾਲਾਂ ਵਿਚ ਹੀ ਲੰਡਨ ਦਾ ਸਭ ਤੋਂ ਤੇਜ਼ ਵਿਕਾਸ ਕਰਨ ਵਾਲਾ ਅੱਡਾ ਬਣ ਗਿਆ ਹੈ। ਇਸ ਤੋਂ ਇਲਾਵਾ ਰੇਲ ਰਾਹੀਂ ਕੇਂਦਰੀ ਲੰਦਨ ਤੋਂ ਇਹ ਹਵਾਈ ਅੱਡਾ ਸਿਰਫ 25 ਮਿੰਟ ਦੀ ਦੂਰੀ 'ਤੇ ਹੈ ਅਤੇ ਪੂਰਬੀ ਤੇ ਪੱਛਮੀ ਲੰਦਨ ਸਮੇਤ ਮਿਡਲੈਂਡ (ਬਿਰਮਿੰਗਮ ਤੇ ਲੈਸਟਰ) ਨਾਲ ਬਹੁਤ ਹੀ ਵਧੀਆ ਸੜਕੀ ਆਵਾਜਾਈ ਨਾਲ ਜੁੜਿਆ ਹੋਇਆ ਹੈ।