• Home
  • ਜਬਰ ਜਨਾਹ ਦੀ ਪੀੜਤਾ ਨਾਲ ਮਹਿਲਾ ਕਮਿਸ਼ਨ ਨੇ ਕੀਤੀ ਮੁਲਾਕਾਤ :ਜਾਂਚ ਚ ਤੇਜ਼ੀ ਲਿਆਉਣ ਦੇ ਪੁਲਸ ਨੂੰ ਦਿੱਤੇ ਆਦੇਸ਼

ਜਬਰ ਜਨਾਹ ਦੀ ਪੀੜਤਾ ਨਾਲ ਮਹਿਲਾ ਕਮਿਸ਼ਨ ਨੇ ਕੀਤੀ ਮੁਲਾਕਾਤ :ਜਾਂਚ ਚ ਤੇਜ਼ੀ ਲਿਆਉਣ ਦੇ ਪੁਲਸ ਨੂੰ ਦਿੱਤੇ ਆਦੇਸ਼

ਐਸ.ਏ.ਐਸ. ਨਗਰ, 22 ਅਪ੍ਰੈਲ

ਜਬਰ-ਜਨਾਹ ਦੇ ਕੇਸ ਵਿੱਚ ਇਕ ਪੁਲਿਸ ਅਧਿਕਾਰੀ ਦੀ ਅਣਗਹਿਲੀ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਪੁਲਿਸ ਅਧਿਕਾਰੀਆਂ ਨੂੰ ਸੋਹਾਣਾ ਥਾਣੇ ਵਿੱਚ 16 ਅਪ੍ਰੈਲ 2019 ਨੂੰ ਦਰਜ ਹੋਏ ਕੇਸ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ ਹੈ। ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਸਬੰਧਤ ਥਾਣੇਦਾਰ, ਜੋ ਸ਼ਿਕਾਇਤ ਉਤੇ ਫੌਰੀ ਕਾਰਵਾਈ ਕਰਨ ਵਿੱਚ ਨਾਕਾਮ ਰਹਿਣ ਕਾਰਨ ਮੁਅੱਤਲ ਹੈ, ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।

            ਸ੍ਰੀਮਤੀ ਗੁਲਾਟੀ ਨੇ ਇਸ ਮੌਕੇ ਐਸ.ਪੀ. (ਸਿਟੀ) ਸ. ਹਰਵਿੰਦਰ ਸਿੰਘ ਵਿਰਕ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ ਅਤੇ ਪੀੜਤਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਮਗਰੋਂ ਉਨ੍ਹਾਂ ਅਧਿਕਾਰੀਆਂ ਨੂੰ ਇਸ ਕੇਸ ਵਿੱਚ ਸਖ਼ਤ ਕਾਰਵਾਈ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਪੀੜਤਾ ਨੂੰ ਡਾਕਟਰੀ ਤੇ ਕਾਨੂੰਨੀ ਸਹਾਇਤਾ ਵੀ ਮੁਹੱਈਆ ਕਰਨ। ਉਨ੍ਹਾਂ ਪੀੜਤਾ ਨੂੰ ਭਰੋਸਾ ਦਿੱਤਾ ਕਿ ਕਮਿਸ਼ਨ ਉਸ ਦੇ ਮੁੜ-ਵਸੇਬੇ ਦਾ ਪੂਰਾ ਖਿਆਲ ਰੱਖੇਗਾ।

           ਇਥੇ ਇਹ ਜ਼ਿਕਰਯੋਗ ਹੈ ਕਿ ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਮੁਲਜ਼ਮ ਨੇ 15 ਅਪ੍ਰੈਲ ਦੀ ਸਵੇਰ ਨੂੰ ਉਸ ਨੂੰ ਲਿਫਟ ਦੇਣ ਦੇ ਬਹਾਨੇ ਸੈਕਟਰ 68 ਤੋਂ ਕਾਰ ਵਿੱਚ ਬਿਠਾਇਆ ਅਤੇ ਉਸ ਨੂੰ ਸੈਕਟਰ 67 ਵਿੱਚ ਲੈ ਗਿਆ, ਜਿੱਥੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਸੈਕਟਰ 79 ਤੇ 80 ਵਿਚਕਾਰ ਸੁੰਨਸਾਨ ਜਗ੍ਹਾ ਉਤੇ ਲੈ ਗਿਆ, ਜਿੱਥੇ ਉਸ ਨੇ ਦੁਬਾਰਾ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਕਾਰ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਈ। ਇਸ ਮਗਰੋਂ ਪੀੜਤਾ ਨੇ ਪੁਲਿਸ ਕੰਟਰੋਲ ਰੂਮ ਵਿੱਚ ਫੋਨ ਕੀਤਾ ਅਤੇ ਆਪਣੇ ਪਤੀ ਨਾਲ ਸੋਹਾਣਾ ਥਾਣੇ ਵਿੱਚ ਪੁੱਜੀ ਸੀ।