• Home
  • ਪਰਮਿੰਦਰ ਢੀਂਡਸਾ ਨੇ ਭਗਵੰਤ ਮਾਨ ਤੇ ਕੱਸਿਆ ਤੰਜ :- ਕਿਹਾ ਚੋਣ ਲੋਕ ਮੁੱਦਿਆਂ ‘ਤੇ ਲੜੀ ਜਾਂਦੀ ਹੈ, ਟੋਟਕੇ ਅਤੇ ਵਿਅੰਗਾਂ ਨਾਲ ਨਹੀਂ

ਪਰਮਿੰਦਰ ਢੀਂਡਸਾ ਨੇ ਭਗਵੰਤ ਮਾਨ ਤੇ ਕੱਸਿਆ ਤੰਜ :- ਕਿਹਾ ਚੋਣ ਲੋਕ ਮੁੱਦਿਆਂ ‘ਤੇ ਲੜੀ ਜਾਂਦੀ ਹੈ, ਟੋਟਕੇ ਅਤੇ ਵਿਅੰਗਾਂ ਨਾਲ ਨਹੀਂ

ਸੰਗਰੂਰ,  9 ਮਈ - ਚੋਣਾਂ ਲੋਕ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹਨ, ਟੋਟਕੇ ਅਤੇ ਵਿਅੰਗਾਂ 'ਤੇ ਨਹੀਂ। ਇਸ ਲਈ ਹਲਕੇ ਦੀ ਭਲਾਈ ਲਈ ਅਜਿਹੇ ਉਮੀਦਵਾਰ ਚੁਣੋ, ਜੋ ਲੋਕਾਂ ਦੇ ਕੰਮ ਕਰਦਾ ਹੋਵੇ। ਜੋ ਗੱਲਾਂ ਨਾਲ ਡੰਗ ਟਪਾਵੇ ਅਜਿਹੇ ਉਮੀਦਵਾਰ ਚੁਣਨ ਦਾ ਕੋਈ ਲਾਭ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜਾਨਾ ਮੰਤਰੀ ਪੰਜਾਬ ਨੇ ਸ਼ਹਿਰ ਦੇ ਵਾਰਡ ਨੰਬਰ 7 ਅਤੇ 8 ਵਿਖੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇੱਥੇ ਵਰਨਣਯੋਗ ਹੈ ਕਿ ਸ. ਢੀਂਡਸਾ ਇੱਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਆਏ ਸਨ, ਪਰ ਜਿਉਂ ਹੀ ਉਹ ਮੀਟਿੰਗ ਵਿਚ ਪਹੁੰਚੇ ਤਾਂ ਉੱਥੇ ਵੱਡੀ ਗਿਣਤੀ ਨੌਜਵਾਨਾਂ ਦੇ ਹਜੂਮ ਨੇ ਪਹੁੰਚ ਕੇ ਸ. ਢੀਂਡਸਾ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ। ਨੌਜਵਾਨਾਂ ਦੇ ਹਜੂਮ ਦੀ ਅਗਵਾਈ ਕਰ ਰਹੇ ਅਰਸ਼ਦੀਪ ਸਿੰਘ, ਕਰਮਦੀਪ ਸਿੰਘ ਅਤੇ ਕੁਲਬੀਰ ਸਿੰਘ ਨੂੰ ਸ. ਢੀਂਡਸਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਨੌਜਵਾਨਾਂ ਨੇ ਕਿਹਾ ਕਿ ਉਹ ਸ. ਢੀਂਡਸਾ ਵੱਲੋਂ ਨੌਜਵਾਨਾਂ ਦੀ ਭਲਾਈ ਕੀਤੇ ਕੰਮਾਂ ਅਤੇ ਉਨ੍ਹਾਂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਸਮਰੱਥਨ ਦੇਣ ਲਈ ਪਹੁੰਚੇ ਹਨ, ਜਦੋਂਕਿ ਇਸ ਤੋਂ ਪਹਿਲਾਂ ਉਨ੍ਹਾਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ, ਪਰ ਉਨ੍ਹਾਂ ਨੌਜਵਾਨਾਂ ਨੂੰ ਸਿਰਫ ਲਾਰਿਆਂ ਵਿਚ ਹੀ ਰੱਖਿਆ ਅਤੇ ਲੋਕ ਭਲਾਈ ਲਈ ਕੁਝ ਵੀ ਨਹੀਂ ਕੀਤਾ।
ਇਸ ਮੌਕੇ ਸ. ਢੀਂਡਸਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਪਿਛਲੇ ਸਮੇਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਯਾਦ ਦਿਵਾਉਂਦਿਆ ਕਿਹਾ ਕਿ ਨੌਜਵਾਨ ਹੁਣ ਝੂਠੇ ਲਾਰਿਆਂ ਅਤੇ ਚੁਟਕਲਿਆਂ ਦੀ ਸਿਆਸਤ ਤੋਂ ਭਲੀ-ਭਾਂਤ ਜਾਣੂ ਹੋ ਚੁੱਕੇ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਜੋ ਪਿਛਲੀਆਂ ਚੋਣਾਂ ਸਮੇਂ ਲੋਕਾਂ ਨਾਲ ਝੂਠੇ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ, ਉਨ੍ਹਾਂ ਦੀ ਪੋਲ ਖੁੱਲ ਚੁੱਕੀ ਹੈ ਅਤੇ ਇਸ ਵਾਰ ਨੌਜਵਾਨ ਇੱਕਜੁਟ ਹੋ ਕੇ ਝੂਠ ਦਾ ਸਹਾਰਾ ਲੈ ਕੇ ਵੋਟਾਂ ਬਟੋਰਨ ਵਾਲੀਆਂ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਉਤਾਵਲੇ ਹਨ। ਉਨ੍ਹਾਂ ਨੌਜਵਾਨਾਂ ਨੂੰ ਚੋਣ ਮੁਹਿੰਮ ਵਿਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਆਪਣੀ ਸੂਝਬੂਝ ਨਾਲ ਕਾਂਗਰਸ ਅਤੇ ਆਪ ਵੱਲੋਂ ਕੀਤੇ ਜਾਣ ਵਾਲੇ ਗੁੰਮਰਾਹਕੁੰਨ ਪ੍ਰਚਾਰ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਅਤੇ ਪੰਜਾਬ ਦੇ ਚੰਗੇਰੇ ਭਵਿੱਖ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦਾ ਸਾਥ ਦਿੱਤਾ ਜਾਵੇ। 
ਇਸ ਮੌਕੇ ਅਮਨਵੀਰ ਸਿੰਘ ਚੈਰੀ, ਗਗਨਦੀਪ ਸਿੰਘ ਸਿਬੀਆ, ਬਲਵੀਰ ਸਿੰਘ ਨੰਬਰਦਾਰ, ਜੋਗੀ ਰਾਮ ਲੋਹਟ, ਹਨੀ ਮਾਨ, ਕੁਲਦੀਪ ਸਿੰਘ ਚੱਕੀ ਵਾਲੇ, ਵਿਸ਼ਾਲ ਕੁਮਾਰ ਸੋਨੂ, ਕਾਕਾ ਕਲੋਦੀ, ਰਿੰਪੀ ਧਾਲੀਵਾਲ, ਕਮਲਦੀਪ ਸਿੰਘ ਸੋਮਾ, ਦਿਲਬਾਗ ਸਿੰਘ ਲਾਲੀ, ਨਰਿੰਦਰ ਸਿੰਘ, ਰੋਮੀ, ਸਨੀ, ਕਰਮਜੀਤ ਸਿੰਘ, ਸਵਰਨ ਸਿੰਘ ਭੋਲਾ, ਸੁਰਜੀਤ ਸਿੰਘ, ਸੁਰਜੀਤ ਰਾਮ, ਜੋਗਾ ਸਿੰਘ, ਸਿਮਰਨਦੀਪ ਸਿੰਘ (ਰਾਜਾ), ਗੁਰਭੇਜ ਸਿੰਘ, ਸਪਿੰਦਰਪਾਲ ਸਿੰਘ, ਅਮਨਦੀਪ ਸਿੰਘ, ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਵਾਰਡ ਨਿਵਾਸੀ ਹਾਜਰ ਸਨ।