• Home
  • ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਵੱਲੋਂ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਵੱਲੋਂ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਪੰਜ ਲੱਖ ਹੈਕਟੇਅਰ ਭੂਮੀ ਨੂੰ ਕਣਕ-ਝੋਨੇ ਹੇਠੋਂ ਕੱਢਣ ਦੀ ਕੋਸ਼ਿਸ਼ ਕਰਾਂਗੇ-ਮੁੱਖ ਸਕੱਤਰ ਪੰਜਾਬ

ਅੰਮ੍ਰਿਤਸਰ, 30 ਮਾਰਚ -ਪੰਜਾਬ ਵਿਚ ਆ ਰਹੀ ਹਾੜੀ ਦੀ ਮੁੱਖ ਫਸਲ ਕਣਕ ਦੀ ਖਰੀਦ ਅਤੇ ਭੰਡਾਰ ਦੀਆਂ ਲੋੜਾਂ ਦਾ ਜਾਇਜ਼ਾ ਲੈਣ ਲਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿਗ ਡਾਇਰੈਕਟਰ ਸ੍ਰੀ ਡੀ. ਵੀ. ਪ੍ਰਸ਼ਾਦ (ਆਈ ਏ ਐਸ) ਵੱਲੋਂ ਰਾਜ ਦੇ ਮੁੱਖ ਸਕੱਤਰ ਸਮੇਤ ਖਰੀਦ ਨਾਲ ਸਬੰਧਤ ਹੋਰ ਏਜੰਸੀਆਂ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ ਗਈ, ਜਿਸ ਵਿਚ ਉਨਾਂ ਐਫ. ਸੀ. ਆਈ. ਵੱਲੋਂ ਹਰ ਤਰਾਂ ਦੀ ਸਹਾਇਤਾ ਦੇਣ ਦਾ ਵਾਅਦਾ ਕਰਦੇ ਕਿਹਾ ਕਿ ਪੰਜਾਬ ਦੇ ਗੁਦਾਮਾਂ ਵਿਚ ਅਨਾਜ ਦੇ ਭੰਡਾਰ ਪਏ ਹੋਣ ਕਾਰਨ ਇਸ ਵਾਰ ਐਫ. ਸੀ. ਆਈ. ਕਣਕ ਦੇ ਭੰਡਾਰ ਉਨਾਂ ਰਾਜਾਂ ਵਿਚ ਕਣਕ ਦੀ ਕੋਸਿਸ਼ ਕਰੇਗੀ, ਜਿੱਥੇ ਕਿ ਇਸ ਦੀ ਮੰਗ ਜ਼ਿਆਦਾ ਹੈ। ਉਨਾਂ ਦੱਸਿਆ ਕਿ ਪੰਜਾਬ, ਜੋ ਕਿ ਕੇਂਦਰੀ ਅੰਨ ਭੰਡਾਰ ਵਿਚ 2013-14 ਵਿਚ 43 ਫੀਸਦੀ ਦਾ ਯੋਗਦਾਨ ਪਾਉਂਦਾ ਸੀ, ਪਰ ਇਸ ਵੇਲੇ ਹੋਰ ਰਾਜਾਂ ਵਿਚ ਕਣਕ ਦਾ ਉਤਪਾਦਨ ਵੀ ਹੋਣ ਕਾਰਨ ਪੰਜਾਬ ਦਾ ਕੇਂਦਰੀ ਪੂਲ ਵਿਚ ਹਿੱਸਾ 36 ਫੀਸਦੀ ਉਤੇ ਆ ਗਿਆ ਹੈ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਵਿੱਤ ਸ੍ਰੀ ਵਿਸ਼ਵਜੀਤ ਖੰਨਾ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸ. ਗੁਰਕਿਰਤ ਕ੍ਰਿਪਾਲ ਸਿੰਘ, ਫੂਡ ਸਪਲਾਈ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਤਾ ਮਿੱਤਰਾ, ਐਫ. ਸੀ. ਆਈ ਦੇ ਜਨਰਲ ਮੈਨੇਜਰ ਸ੍ਰੀ ਅਰਸ਼ਦੀਪ ਸਿੰਘ ਥਿੰਦ, ਵੇਅਰ ਹਾਊਸ ਦੇ ਐਮ. ਡੀ. ਸ੍ਰੀ ਅਭਿਨਵ ਤ੍ਰਿਖਾ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ, ਪਨਸਪ ਦੇ ਐਮ. ਡੀ. ਡਾ. ਅਮਰਪਾਲ ਸਿੰਘ, ਮਾਰਕਫੈਡ ਦੇ ਸਹਾਇਕ ਐਮ ਡੀ ਸ੍ਰੀ ਰਾਹੁਲ ਗੁਪਤਾ, ਰੀਜਨਲ ਮੈਨੇਦਰ ਐਫ ਸੀ ਆਈ ਸ੍ਰੀ ਐਮ. ਐਸ. ਸਾਰੰਗ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
           ਉਨਾਂ ਦੱਸਿਆ ਕਿ ਕਣਕ ਦੀ ਖਰੀਦ ਲਈ ਪੰਜਾਬ ਨੂੰ 19240 ਕਰੋੜ ਰੁਪਏ ਦੀ ਨਗਦ ਹੱਦ ਕਰਜ਼ੇ (ਸੀ. ਸੀ. ਐਲ) ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਸਰਕਾਰ ਕਣਕ ਦਾ ਭੁਗਤਾਨ ਨਾਲੋ-ਨਾਲ ਕਿਸਾਨਾਂ ਨੂੰ ਕਰ ਸਕੇਗੀ। ਉਨਾਂ ਦੱਸਿਆ ਕਿ ਹਾੜੀ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ, ਜੋ ਕਿ 25 ਮਈ ਤੱਕ ਚੱਲੇਗੀ। ਪੰਜਾਬ ਵਿਚ ਕਣਕ ਦੇ ਭੰਡਾਰ ਸਟੋਰਾਂ ਵਿਚ ਵੀ ਪਏ ਹੋਣ ਕਾਰਨ ਉਨਾਂ ਭਰੋਸਾ ਦਿੱਤਾ ਕਿ ਇਸ ਵਾਰ ਕਣਕ ਉਨਾਂ ਰਾਜਾਂ ਵਿਚ ਵੀ ਭੰਡਾਰ ਕਰਨ ਦਾ ਯਤਨ ਕੀਤਾ ਜਾਵੇਗਾ, ਜਿੱਥੇ ਕਿ ਇਸ ਦੀ ਮੰਗ ਜ਼ਿਆਦਾ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ 127.06 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਅਤੇ ਇਸ ਵਾਰ ਸਾਡਾ ਟੀਚਾ 130 ਲੱਖ ਮੀਟਰਕ ਟਨ ਖਰੀਦ ਕਰਨ ਦਾ ਹੈ। 
    ਇਸ ਮੌਕੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਅਨਾਜ ਭੰਡਾਰ ਕਰਨ ਲਈ ਸਥਾਨ ਦੀ ਵੱਡੇ ਪੱਧਰ ਉਤੇ ਕਮੀ ਹੈ ਅਤੇ ਕੇਂਦਰ ਵਿਚ ਵੀ ਮੰਗ ਘਟੀ ਹੈ, ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਾਲਾਂ ਵਿਚ ਕਿਸਾਨ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢ ਕੇ ਖੇਤੀ ਵਿਭੰਨਤਾ ਵੱਲ ਲਿਆਂਦਾ ਜਾਵੇ। ਉਨਾਂ ਦੱਸਿਆ ਕਿ ਇਸ ਆਸ਼ੇ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕੇਂਦਰ ਸਰਕਾਰ ਤੇ ਨਾਬਾਰਡ ਨਾਲ ਮਿਲ ਕੇ ਕਰੀਬ 5 ਲੱਖ ਹੈਕਟੇਅਰ ਰਕਬੇ ਨੂੰ ਝੋਨੇ ਦੀ ਥਾਂ ਨਰਮਾ, ਬਾਗ, ਮੱਕੀ ਆਦਿ ਫਸਲਾਂ ਹੇਠ ਲਿਆਉਣ ਦਾ ਯਤਨ ਕਰ ਰਹੇ ਹਾਂ। ਉਨਾਂ ਦੱਸਿਆ ਕਿ ਇਸ ਲਈ ਫੂਡ ਪ੍ਰੋਸੈਸਿੰਗ ਅਤੇ ਖਪਤਾਕਰ ਤੱਕ ਸਪਲਾਈ ਚੇਨ ਬਨਾਉਣ ਦੀ ਲੋੜ ਹੈ, ਜਿਸ ਲਈ ਅਸੀਂ ਖੇਤੀ ਤੇ ਫੂਡ ਪ੍ਰੋਸੈਸਿੰਗ ਵਿਭਾਗ ਦੀ ਸਹਾਇਤਾ ਵੀ ਲਵਾਂਗੇ। 
 ਐਫ. ਸੀ. ਆਈ. ਦੇ ਜਨਰਲ ਮੈਨੇਜਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਆ ਰਹੇ ਸੀਜ਼ਨ ਵਿਚ ਕਣਕ ਦੀ ਖਰੀਦ, ਭੰਡਾਰ ਅਤੇ ਢੋਆ-ਢੁਆਈ ਨੂੰ ਲੈ ਕੇ ਰਾਜ ਦੀ ਲੋੜਾਂ ਚੇਅਰਮੈਨ ਨਾਲ ਸਾਂਝੀਆਂ ਕੀਤੀਆਂ, ਜਿਸਦੇ ਉਤਰ ਵਿਚ ਉਨਾਂ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕਿਸਾਨਾਂ ਨੂੰ ਇਸ ਬਾਬਤ ਕੋਈ ਮੁਸ਼ਿਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਰ ਵਿਕਾਸ ਸ੍ਰੀ ਵਿਸ਼ੇਸ਼ ਸਾਰੰਗਲ, ਡੀ ਐਫ ਸੀ ਲਖਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।