• Home
  • ਸਿੱਖਿਆ ਬੋਰਡ ਵੱਲੋਂ ਪਾਠ-ਪੁਸਤਕਾਂ ਦੀ ਉਚੇਚੀ ਸਮੀਖਿਆ ਦੇ ਹੁਕਮ

ਸਿੱਖਿਆ ਬੋਰਡ ਵੱਲੋਂ ਪਾਠ-ਪੁਸਤਕਾਂ ਦੀ ਉਚੇਚੀ ਸਮੀਖਿਆ ਦੇ ਹੁਕਮ

ਐੱਸ.ਏ.ਐੱਸ ਨਗਰ, 11 ਅਪਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ.ਏ.ਐੇੱਸ. (ਰਿਟਾ:) ਨੇ ਵੀਰਵਾਰ ਨੂੰ ਕੀਤੇ ਗਏ ਇੱਕ ਹੁਕਮ ਵਿੱਚ ਅਕਾਦਮਿਕ ਸ਼ਾਖਾ ਦੇ ਵਿਸ਼ਾ ਮਾਹਿਰਾਂ ਨੂੰ ਪਿਛਲੇ ਤਿੰਨ ਅਕਾਦਮਿਕ ਵਰ੍ਹਿਆਂ ਦੀਆਂ ਸਾਰੀਆਂ ਪਾਠ-ਪੁਸਤਕਾਂ ਦੀ ਉਚੇਚੀ ਸਮੀਖਿਆ ਕਰਨ ਨੂੰ ਕਿਹਾ ਹੈ|  ਇਸ ਕਾਰਜ ਦੀ ਹਰ ਰੋਜ਼ ਚੇਅਰਮੈਨ ਵੱਲੋਂ ਆਪ ਬੈਠਕ ਕਰ ਕੇ ਰਿਪੋਰਟ ਤਲਬ ਕੀਤੀ ਜਾਵੇਗੀ| ਸ਼੍ਰੀ ਕਲੋਹੀਆ ਅੱਜ ਇੱਥੇ ਦਸਵੀਂ ਸ਼੍ਰੇਣੀ ਦੀ ਪਾਠ-ਪੁਸਤਕ ਸਾਹਿਤ ਮਾਲਾ-10 ਵਿੱਚ ਛਪੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਆਸਾ ਦੀ ਵਾਰ ਵਿਚਲੇ ਇੱਕ ਸ਼ਬਦ ਦੀਆਂ ਤੁਕਾਂ ਵਿੱਚ ਛਪੀ ਉਕਾਈ ਸਬੰਧੀ ਸਾਰੇ ਹੀ ਚੈਪਟਰ ਦਾ ਸਹੀ ਸਪਲੀਮੈਂਟਰੀ ਚੈਪਟਰ ਛਾਪੇ ਜਾਣ ਦਾ ਹੁਕਮ ਦੇਣ ਮਗਰੋਂ ਅਕਾਦਮਿਕ ਸ਼ਾਖਾ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ|
ਪਾਠ-ਪੁਸਤਕਾਂ ਦੀ ਸੰਪੂਰਨ ਸਮੀਖਿਆ ਚਲੰਤ ਅਕਾਦਮਿਕ ਸਾਲ ਦੀਆਂ ਪਾਠ-ਪੁਸਤਕਾਂ ਤੋਂ ਅਰੰਭਣ ਦੀ ਗੱਲ ਕਰਦਿਆਂ ਸ਼੍ਰੀ ਕਲੋਹੀਆ ਨੇ ਕਿਹਾ ਕਿ ਪੁਸਤਕਾਂ ਵਿਚਲੀਆਂ ਉਕਾਈਆਂ ਪ੍ਰਤੀ ਬਹੁਤ ਸੰਵੇਦਨਸ਼ੀਲ ਤੇ ਗੰਭੀਰ ਬਣੇ ਰਹਿਣਾ ਸਭ ਤੋਂ ਪਹਿਲਾ ਫ਼ਰਜ਼ ਹੈ ਅਤੇ ਇਸ ਕਾਰਜ ਵਿੱਚ ਕੁਤਾਹੀ ਸਮਾਜਕ ਨਮੋਸ਼ੀ ਹੋਣ ਤੋਂ ਇਲਾਵਾ ਇਹ ਅਕਾਦਮਿਕ ਤੇ ਸਦਾਚਾਰਕ ਜੁਰਮ ਵਰਗੀ ਗੱਲ ਹੈ| ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਹੁਣ ਕਿਸੇ ਵੇਲੇ ਵੀ ਟਿੱਕ ਕੇ ਨਹੀਂ ਬੈਠੇਗਾ ਤੇ ਆਪਣੀਆਂ ਹੀ ਉਕਾਈਆਂ ਆਪ ਲੱਭ ਕੇ ਦੂਰ ਕਰੇਗਾ| 
ਸ਼੍ਰੀ ਕਲੋਹੀਆ ਨੇ ਕਿਹਾ ਕਿ ਬੋਰਡ ਆਪਣੀਆਂ ਪ੍ਰਕਾਸ਼ਨਾਂ ਤੋਂ ਇਲਾਵਾ ਸਿਫ਼ਾਰਸ਼ ਕੀਤੀਆਂ ਪੁਸਤਕਾਂ ਦੀ ਵੀ ਡੂੰਘੇਰੀ ਸਮੀਖਿਆ ਤੇ ਜਾਂਚ ਕਰੇਗਾ ਤਾਂ ਜੋ ਕਿਸੇ ਹੋਰ ਦੀ ਗ਼ਲਤੀ ਦਾ ਖ਼ਮਿਆਜ਼ਾ ਵੀ ਬੋਰਡ ਜਾਂ ਵਿਦਿਆਰਥੀਆਂ ਨੂੰ ਨਾ ਭੁਗਤਣਾ ਪਵੇ| ਆਸਾ ਦੀ ਵਾਰ ਵਿਚਲੇ ਸ਼ਬਦ ਦੀਆਂ ਤੁਕਾਂ ਸਬੰਧੀ ਸਪਲੀਮੈਂਟਰੀ ਪਾਠ ਛਾਪ ਕੇ ਲਗਪਰ ਪੌਣੇ ਦੋ ਲੱਖ ਪੁਸਤਕਾਂ ਦੇ ਨਾਲ ਹੀ ਜੋੜਨ ਤੇ ਵੰਡਣ ਤੋਂ ਇਲਾਵਾ ਉਨ੍ਹਾਂ ਹੁਕਮ ਦਿੱਤਾ ਕਿ ਦਰੁਸਤ ਕੀਤਾ ਸ਼ਬਦ ਨਾ ਸਿਰਫ਼ ਬੋਰਡ ਦੀ ਵੈੱਬ-ਸਾਈਟ ਉੱਤੇ ਸਗੋਂ ਡੀ.ਈ.ਓਜ਼ ਦੇ ਪੋਰਟਲਾਂ ਉੱਤੇ ਵੀ ਪਾਇਆ ਜਾਵੇ ਤਾਂ ਜੋ ਰਹਿ ਗਈ ਛਪਣ ਗਲਤੀ ਦੀ ਸੋਧ ਹਰ ਪੱਧਰ ਉੱਤੇ ਕੀਤੀ ਜਾ ਸਕੇ| 
ਅਕਾਦਮਿਕ ਸ਼ਾਖਾ ਨਾਲ ਬੈਠਕ ਤੋਂ ਪਹਿਲਾਂ ਸ਼੍ਰੀ ਕਲੋਹੀਆ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 15 ਅਤੇ 16 ਅਪਰੈਲ ਨੂੰ ਕਰਵਾਏ ਜਾਣ ਵਾਲੀਆਂ ਮੁੜ ਪ੍ਰੀਖਿਆਵਾਂ ਸਬੰਧੀ ਬੋਰਡ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਜਿਸ ਵਿੱਚ ਉਨ੍ਹਾਂ ਨੇ ਪ੍ਰੀਖਿਆਵਾਂ ਲਈ ਕੀਤੇ ਜਾਣ ਵਾਲੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਅਤੇ ਮਾਰਕਿੰਗ ਸੈਂਟਰਾਂ ਦੇ ਚੱਲ ਰਹੇ ਕੰਮ-ਕਾਰ ਸਬੰਧੀ ਰਿਪੋਰਟ ਵੀ ਤਲਬ ਕੀਤੀ| ਬੈਠਕ ਵਿੱਚ 15 ਅਤੇ 16 ਅਪਰੈਲ ਨੂੰ ਕਰਵਾਈਆਂ ਜਾਣ ਵਾਲੀਆਂ ਉਚੇਚੀਆਂ ਪ੍ਰੀਖਿਆਵਾਂ ਜੋ ਕਿ ਉਨ੍ਹਾਂ ਵਿਦਿਆਰਥੀਆਂ ਲਈ ਕਰਵਾਈਆਂ ਜਾ ਰਹੀਆਂ ਹਨ ਜੋ ਇੱਕ ਤੋਂ ਵੱਧ ਪੇਪਰ ਇੱਕ ਹੀ ਦਿਨ ਹੋਣ ਕਾਰਨ ਆਪਣਾ ਇੱਕ ਇਮਤਿਹਾਨ ਨਹੀਂ ਦੇ ਸਕੇ ਜਾਂ ਜਿਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ ਕਿਸੇ ਦੁਰਘਟਨਾ ਕਾਰਨ ਖੁੰਝ ਗਈ, ਬੋਰਡ ਵੱਲੋਂ ਜਾਰੀ ਡੇਟਸ਼ੀਟ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਬਲਾਕ-ਸੀ ਵਿੱਚ ਕਰਵਾਈ ਜਾ ਰਹੀ ਹੈ, ਸਬੰਧੀ ਕੀਤੇ ਗਏ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਗਿਆ| ਇਸ ਦੇ ਨਾਲ-ਨਾਲ ਉਨ੍ਹਾਂ ਖੇਡ ਕੋਟੇ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦਾ ਵੀ ਜਾਇਜ਼ਾ ਲਿਆ| 
ਬੈਠਕ ਵਿੱਚ ਸ਼੍ਰੀ ਕਲੋਹੀਆ ਵੱਲੋਂ ਪ੍ਰੀਖਿਆਵਾਂ ਦੇ ਮਾਰਕਿੰਗ ਦੇ ਕੰਮ-ਕਾਰ ਸਬੰਧੀ ਅਧਿਕਾਰੀਆਂ ਤੋਂ ਰਿਪੋਰਟ ਲਈ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਜ਼ਿਲ੍ਹਾਵਾਰ ਹਰ ਨੋਡਲ ਅਫ਼ਸਰ ਤੋਂ ਉੱਤਰ ਪੱਤਰੀਆ ਦੇ ਮੁਲਾਂਕਣ ਸਬੰਧੀ ਕੰਮ-ਕਾਰ ਦੀ ਜਾਣਕਾਰੀ ਤੇ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ| ਇਸ ਮੌਕੇ ਬੋਰਡ ਦੇ ਚੇਅਰਮੈਨ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਗੰਭੀਰ ਹਨ ਅਤੇ ਵਿਦਿਆਰਥੀਆਂ ਦੀ ਉੱਤਰ ਪੱਤਰੀਆਂ ਦੀ ਮਾਰਕਿੰਗ ਸਹੀ ਤਰੀਕੇ ਨਾਲ ਅਤੇ ਸਮੇਂ ਸਿਰ ਹੋਵੇ, ਇਸ ਲਈ ਉਹ ਚੱਲ ਰਹੇ ਕੰਮ-ਕਾਰ ਉੱਤੇ ਪੂਰੀ ਨਜ਼ਰ ਬਣਾਏ ਹੋਏ ਹਨ| ਸ਼੍ਰੀ ਕਲੋਹੀਆ ਨੇ ਕਿਹਾ ਕਿ ਸਿੱਖਿਆ ਨਾਲ ਸਬੰਧਤ ਹਰ ਫ਼ਰਜ਼ ਉੱਤੇ ਮੁਸਤੈਦੀ ਨਾਲ ਪਹਿਰਾ ਦਿੱਤਾ ਜਾਂਦਾ ਰਹੇਗਾ|