• Home
  • ਪੰਜਾਬ ਸਰਕਾਰ ਵਲੋਂ ਹੜਾਂ ਨਾਲ ਨਜਿੱਠਣ ਲਈ ਪੰਜ ਮੈਂਬਰੀ ਸੈੱਲ ਕਾਇਮ, ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਦੇ ਹੁਕਮ

ਪੰਜਾਬ ਸਰਕਾਰ ਵਲੋਂ ਹੜਾਂ ਨਾਲ ਨਜਿੱਠਣ ਲਈ ਪੰਜ ਮੈਂਬਰੀ ਸੈੱਲ ਕਾਇਮ, ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਦੇ ਹੁਕਮ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪੰਜਾਬ ਵਿੱਚ ਭਾਰੀ ਮੀਂਹ ਕਾਰਨ ਪੈਦਾ ਹੋਈ ਹੜਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ ਇਥੇ ਹੈੱਡਕੁਆਰਟਰ ਉਤੇ ਪੰਜ ਮੈਂਬਰੀ 'ਸਟੇਟ ਡਿਜ਼ਾਸਟਰ ਰਿਸਪਾਂਸ ਸੈੱਲ' ਕਾਇਮ ਕੀਤਾ ਗਿਆ ਹੈ। ਵਿਭਾਗ ਵੱਲੋਂ ਮੀਂਹ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦਾ ਵੀ ਹੁਕਮ ਦਿੱਤਾ ਗਿਆ ਹੈ।।

ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਨੇ ਦੱਸਿਆ ਕਿ ਇਸ ਸੈੱਲ ਦੀ ਅਗਵਾਈ ਮਾਲ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਮਨੱਸਵੀ ਕੁਮਾਰ ਕਰਨਗੇ ਅਤੇ ਨਿਗਰਾਨ ਤੇ ਮੁਲਾਂਕਣ ਅਫ਼ਸਰ (ਐਮਈਓ) ਸ੍ਰੀ ਪਰਦੀਪ ਸਿੰਘ ਬੈਂਸ ਇਸ ਸੈੱਲ ਦੇ ਇੰਚਾਰਜ ਹੋਣਗੇ। ਅੰਡਰ ਸੈਕਟਰੀ ਰੈਵੇਨਿਊ ਸ੍ਰੀ ਬਲਜੀਤ ਸਿੰਘ ਕੰਗ, ਅੰਡਰ ਸੈਕਟਰੀ ਰੈਵੇਨਿਊ ਮਨਜੀਤ ਕੌਰ ਅਤੇ ਪ੍ਰਾਜੈਕਟ ਮੈਨੇਜਰ ਪੀਐਲਆਰਐਸ ਸੁਨੀਤਾ ਠਾਕੁਰ ਇਸ ਸੈੱਲ ਦੇ ਮੈਂਬਰ ਹੋਣਗੇ। ਉਨਾਂ ਕਿਹਾ ਕਿ ਸੂਬਾਈ ਸਰਕਾਰ ਪੰਜਾਬ ਵਾਸੀਆਂ ਦੇ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ।
ਸ੍ਰੀ ਐਮ.ਪੀ. ਸਿੰਘ ਨੇ ਦੱਸਿਆ ਕਿ ਐਮਈਓ ਪਰਦੀਪ ਬੈਂਸ ਅਤੇ ਬਲਜੀਤ ਸਿੰਘ ਕੰਗ ਵੱਲੋਂ ਜ਼ਿਲਾ ਆਫ਼ਤ ਪ੍ਰਬੰਧਨ ਟੀਮਾਂ ਅਤੇ ਸੂਬਾ ਪੱਧਰ ਉਤੇ ਸਿੰਜਾਈ, ਡਰੇਨੇਜ, ਬਿਜਲੀ, ਸਿਹਤ, ਖੇਤੀਬਾੜੀ ਅਤੇ ਮਿੱਟੀ ਸੰਭਾਲ ਵਿਭਾਗਾਂ ਨਾਲ ਤਾਲਮੇਲ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਅੰਡਰ ਸੈਕਟਰੀ ਰੈਵੇਨਿਊ ਮਨਜੀਤ ਕੌਰ ਵੱਲੋਂ ਪ੍ਰਸ਼ਾਸਕੀ ਅਤੇ ਸੈਕਟੇਰੀਅਲ ਪੱਧਰ ਉਤੇ ਖਰਾਬੇ ਦੇ ਕੇਸਾਂ ਬਾਰੇ ਜਾਣਕਾਰੀ ਇਕੱਤਰ ਕਰਨ ਅਤੇ ਇਨ•ਾਂ ਦੇ ਤੇਜ਼ੀ ਨਾਲ ਨਿਪਟਾਰੇ ਵਿੱਚ ਮਦਦ ਕੀਤੀ ਜਾਵੇਗੀ।।

ਵਿੱਤ ਕਮਿਸ਼ਨਰ ਮਾਲ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੜ• ਪ੍ਰਭਾਵਿਤ ਪਰਿਵਾਰਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਸਬੰਧੀ ਕੀਤੇ ਗਏ ਲੋੜੀਂਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਉਨਾਂ ਦੇ ਖਾਣ-ਪੀਣ ਅਤੇ ਰਹਿਣ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਤਿਆਰ ਰਹਿਣ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਦੀ ਵੀ ਹਦਾਇਤ ਕੀਤੀ ਹੈ