• Home
 • 21 ਸਤੰਬਰ ਨੂੰ ਵੁਲਵਰਹੈਂਪਟਨ ਵਿਖੇ ਹੋਵੇਗੀ 7ਵੀਂ ਯੂ ਕੇ ਗਤਕਾ ਚੈਂਪੀਅਨਸ਼ਿਪ-ਢੇਸੀ

21 ਸਤੰਬਰ ਨੂੰ ਵੁਲਵਰਹੈਂਪਟਨ ਵਿਖੇ ਹੋਵੇਗੀ 7ਵੀਂ ਯੂ ਕੇ ਗਤਕਾ ਚੈਂਪੀਅਨਸ਼ਿਪ-ਢੇਸੀ

ਚੰਡੀਗੜ੍ਹ, 5 ਜੁਲਾਈ

      ਗੱਤਕਾ ਫੈਡਰੇਸ਼ਨ ਯੂ.ਕੇ. ਅਤੇ ਗੁਰੂ ਨਾਨਕ ਸਤਸੰਗ ਸਿੱਖ ਗੁਰਦੁਆਰਾ ਵੁਲਵਰਹੈਂਪਟਨ ਦੇ ਅਹੁਦੇਦਾਰਾਂ ਨੇ ਇਕ ਮੀਟਿੰਗ ਦੌਰਾਨ ਫੈਸਲਾ ਕੀਤਾ ਹੈ ਇਸ ਸਾਲ 21 ਸਤੰਬਰ ਸ਼ਨੀਵਾਰ ਨੂੰ ਗੁਰੂ ਨਾਨਕ ਸਤਸੰਗ ਸਿੱਖ ਗੁਰਦੁਆਰਾ, ਕੈਨੌਕ ਰੋਡ, ਵੁਲਵਰਹੈਂਪਟਨ ਵਿਖੇ 7ਵੀਂ ਯੂ.ਕੇ. ਗੱਤਕਾ ਚੈਂਪੀਅਨਸ਼ਿਪ-2019 ਕਰਵਾਈ ਜਾਵੇਗੀ।

      ਇਸ ਸਬੰਧੀ ਬਰਤਾਨਵੀ ਸੰਸਦ ਦੇ ਅਹਾਤੇ ਵਿਚ ਗੱਤਕਾ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸਬੰਧੀ ਹੋਈ ਬੈਠਕ ਤੋਂ ਬਾਅਦ ਸ: ਤਨਮਨਜੀਤ ਸਿੰਘ ਢੇਸੀ ਸੰਸਦ ਮੈ'ਬਰ ਜੋ ਕਿ ਗੱਤਕਾ ਫੈਡਰੇਸ਼ਨ ਯੂ.ਕੇ ਦੇ ਸੰਸਥਾਪਕ ਪ੍ਰਧਾਨ ਹਨ ਅਤੇ ਪਿੱਛਲੇ 7 ਸਾਲ ਤੋਂ ਇਹ ਸੇਵਾ ਨਿਭਾਅ ਰਹੇ ਹਨ, ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਸ਼ਹਿਰਾਂ ਵਿਚੋਂ ਇਕ ਦਰਜਨ ਤੋਂ ਵੱਧ ਗੱਤਕਾ ਅਖਾੜੇ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਹ ਚੈਂਪੀਅਨਸ਼ਿਪ 2013 ਵਿਚ ਗ੍ਰੇਵਜੈਂਡ ਤੋਂ ਸ਼ੁਰੂ ਹੋਈ ਸੀ ਜੋ ਕਿ 2014 ਵਿਚ ਡਰਬੀ ਵਿਚ, 2015 ਵਿਚ ਸਾਊਥਹਾਲ, 2016 ਵਿਚ ਸਮੈਥਵਿੱਕ, 2017 ਵਿਚ ਇਲਫੋਰਡ ਅਤੇ 2018 ਵਿਚ ਸਲੋਹ ਵਿਖੇ ਹੋਈ ਸੀ।

      ਸ: ਢੇਸੀ ਨੇ ਦੱਸਿਆ ਕਿ ਇਹ ਖੇਡਾਂ ਪਹਿਲੀ ਵਾਰ ਵੁਲਵਰਹੈਂਪਟਨ ਵਿਖੇ ਹੋ ਰਹੀਆਂ ਹਨ ਜਿੱਥੇ ਮੁੰਡੇ ਤੇ ਕੁੜੀਆਂ ਨੂੰ ਸਦੀਆਂ ਪੁਰਾਣੀ ਇਸ ਵਿਰਾਸਤੀ ਖੇਡ ਦੇ ਜੌਹਰ ਵਿਖਾਉਣ ਦਾ ਅਵਸਰ ਮਿਲੇਗਾ। ਉਨ੍ਹਾਂ ਨੇ ਕੈਨਨੌਕ ਰੋਡ ਗੁਰਦੁਆਰਾ ਕਮੇਟੀ ਤੋਂ ਇਲਾਵਾ ਗੱਤਕਾ ਫੈਡਰੇਸ਼ਨ ਯੁਕੇ ਦੇ ਸਕੱਤਰ ਹਰਮਨ ਸਿੰਘ ਜੌਹਲ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਦੀ ਟੀਮ ਵੱਲੋਂ ਇਸ ਆਯੋਜਨ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਯੂ.ਕੇ. ਸਥਿਤ ਗੱਤਕਾ ਟੀਮਾਂ ਨੂੰ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਦਾ ਸੱਦਾ ਵੀ ਦਿੱਤਾ।

      ਇਸ ਮੌਕੇ ਗੁਰੂ ਨਾਨਕ ਸਤਸੰਗ ਗੁਰਦੁਆਰਾ ਦੇ ਪ੍ਰਧਾਨ ਬਲਰਾਜ ਸਿੰਘ ਅਟਵਾਲ ਨੇ ਕਿਹਾ ਕਿ ਇਨ੍ਹਾਂ ਖੇਡਾਂ ਦੀ ਮੇਜਬਾਨੀ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਮੁਫ਼ਤ ਪਰਿਵਾਰਕ ਆਯੋਜਨ ਹੋਵੇਗਾ, ਜੋ ਸਭ ਲਈ ਖੁੱਲਾ ਹੋਵੇਗਾ ਅਤੇ ਇੱਥੇ ਲੰਗਰ ਵੀ ਵਰਤਾਇਆ ਜਾਵੇਗਾ। ਇਸ ਵਿਚ ਯੋਗਦਾਨ ਲਈ ਕੋਈ ਵੀ ਵਲੰਟੀਅਰ ਜਾਂ ਸਥਾਨਕ ਵਪਾਰਕ ਅਦਾਰੇ ਸੰਪਾਸ਼ਰਸ਼ਿਪ ਲਈ ਉਨ੍ਹਾਂ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਨੇ ਸਭ ਨੂੰ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਅਤੇ ਇਸ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ।

      ਇਸ ਬੈਠਕ ਵਿਚ ਹੋਰਨਾਂ ਤੋਂ ਇਲਾਵਾ ਸ: ਹਰਨੇਕ ਸਿੰਘ ਮੈਰੀਪੂਰੀਆ, ਗੁਰਮੀਤ ਸਿੰਘ ਸਿੱਧੂ ਗੁਰਦੁਆਰਾ ਜਨਰਲ ਸਕੱਤਰ, ਹਰਮਨ ਸਿੰਘ ਜੌਹਲ ਸਕੱਤਰ, ਗੱਤਕਾ ਫੈਡਰੇਸ਼ਨ ਯੂ.ਕੇ. ਅਤੇ ਅਵਤਾਰ ਸਿੰਘ ਚੇਅਰਮੈਨ ਕਾਉਂਸਲ ਆਫ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਯੂ.ਕੇ ਵੀ ਹਾਜਰ ਸਨ।