• Home
  • ਸਿਹਤ ਵਿਭਾਗ ਦਾ ਬਾਬਾ ਆਦਮ ਨਿਰਾਲਾ:-ਅਖ਼ਬਾਰ ਦੇ ਐਡੀਟਰ ਨੂੰ ਕਰਮਚਾਰੀਆਂ ਦੀ ਹੀ ਜਵਾਬ- ਤਲਬੀ ਦਾ ਪੱਤਰ ਭੇਜਿਆ

ਸਿਹਤ ਵਿਭਾਗ ਦਾ ਬਾਬਾ ਆਦਮ ਨਿਰਾਲਾ:-ਅਖ਼ਬਾਰ ਦੇ ਐਡੀਟਰ ਨੂੰ ਕਰਮਚਾਰੀਆਂ ਦੀ ਹੀ ਜਵਾਬ- ਤਲਬੀ ਦਾ ਪੱਤਰ ਭੇਜਿਆ

ਚੰਡੀਗੜ੍ਹ, 25 ਸਤੰਬਰ (ਖਬਰ ਵਾਲੇ ਬਿਊਰੋ) ਲੁਧਿਆਣਾ ਜਿਲ੍ਹੇ ਦੇ ਕਮਿਊਨਿਟੀ ਸਿਹਤ ਕੇਂਦਰ ਸੁਧਾਰ ਦੀ ਕਾਰਗੁਜ਼ਾਰੀ ਬਾਰੇ ਇੱਕ ਹਿੰਦੀ ਅਖਬਾਰ ਵਿੱਚ ਛੱਪੀ ਖਬਰ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਨੀਨਾ ਨਾਕਰਾ ਵੱਲੋਂ ਆਪਣੇ ਅਧੀਨ ਕਰਮਚਾਰੀਆਂ ਕੋਲੋਂ ਕੀਤੀ ਗਈ ਜਵਾਬ-ਤਲਬੀ ਵਾਲੇ ਪੱਤਰ ਦਾ ਉਤਾਰਾ ਅਖਬਾਰ ਦੇ ਮੁੱਖ ਸੰਪਾਦਕ ਨੂੰ ਵੀ ਭੇਜਣ ਕਾਰਨ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਵੀ ਹੈਰਾਨ ਪ੍ਰੇਸ਼ਾਨ ਹਨ।ਯਾਦ ਰਹੇ ਪਿਛਲੇ ਦਿਨੀਂ ਮੰਡੀ ਮੁੱਲਾਂਪੁਰ ਵਿੱਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ਼ ਦਾ ਪਾਣੀ ਮਿਲਕੇ ਲੋਕਾਂ ਨੂੰ ਸਪਲਾਈ ਹੋ ਜਾਣ ਕਾਰਨ ਅਚਾਨਕ ਫੈਲੇ ਗੈਸਟਰੋ ਦੇ ਵੱਡੀ ਗਿਣਤੀ ਮਰੀਜਾਂ ਦੇ ਸਰਕਾਰੀ ਹਸਪਤਾਲ ਸੁਧਾਰ ਵਿੱਚ ਆਉਣ ਕਾਰਨ ਹਸਪਤਾਲ ਦੇ ਮਾੜੇ ਪ੍ਰਬੰਧ ਅਖਬਾਰੀ ਚਰਚਾ ਦਾ ਵਿਸ਼ਾ ਬਣ ਗਏ ਸਨ।
ਇਸ ਸਬੰਧੀ ਨਰਸਿੰਗ ਸਟਾਫ ਨੂੰ ਸਖਤੀ ਨਾਲ ਜਵਾਬ-ਤਲਬੀ ਕੀਤੀ ਗਈ ਅਤੇ ਉਸ ਪੱਤਰ ਨੰਬਰ ਸੀ.ਐਚ.ਸੀ/18/1756-57 ਮਿਤੀ 13/09/2018 ਦੀਆਂ ਕਾਪੀਆਂ ਸਿਵਲ ਸਰਜਨ ਲੁਧਿਆਣਾ ਤੋਂ ਇਲਾਵਾ ਅਖਬਾਰ ਦੇ ਮੁੱਖ ਸੰਪਾਦਕ ਨੂੰ ਭੇਜਣ ਕਾਰਨ ਹੇਠਲੇ ਪੱਧਰ ਦੇ ਸਿਹਤ ਅਧਿਕਾਰੀਆਂ ਦੇ ਕਾਨੂੰਨੀ ਗਿਆਨ ਦਾ ਇੱਕ ਤਰ੍ਹਾਂ ਦੀਵਾਲਾ ਹੀ ਨਿਕਲ ਗਿਆ ਹੈ।ਇਸ ਮਾਮਲੇ ਦੀ ਚਰਚਾ ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਦੇ ਦਫਤਰਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।