• Home
  • ਏਸ਼ੀਆਈ ਖੇਡਾਂ-2018: ਪੂਨੀਆ ਸੈਮੀਫਾਈਨਲ ਵਿਚ ਭਿੜੇਗਾ ਮੰਗੋਲੀਅਨ ਭਲਵਾਨ ਨਾਲ

ਏਸ਼ੀਆਈ ਖੇਡਾਂ-2018: ਪੂਨੀਆ ਸੈਮੀਫਾਈਨਲ ਵਿਚ ਭਿੜੇਗਾ ਮੰਗੋਲੀਅਨ ਭਲਵਾਨ ਨਾਲ

ਜਕਾਰਤਾ (ਏਜੰਸੀ) :

ਜਕਾਰਤਾ ਕਨਵੈਨਸ਼ਨ ਸੈਂਟਰ ਵਿਚ ਅੱਜ ਮਰਦਾਂ ਦੇ ਕੁਸ਼ਤੀ ਮੁਕਾਬਲਿਆਂ ਵਿਚ ਭਾਰਤ ਦੇ ਸਟਾਰ ਖਿਡਾਰੀਆਂ ਸੁਸ਼ੀਲ ਕੁਮਾਰ, ਬਜਰੰਗ ਪੂਨੀਆ ਅਤੇ ਸੰਦੀਪ ਤੋਮਰ ਤੇ ਹੋਰਨਾਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ।

ਭਾਰਤ ਦੇ ਭਲਵਾਨ ਬਜਰੰਗ ਪੂਨੀਆ ਨੇ ਆਪਣੀ ਲੈਅ ਨੂੰ ਜਾਰੀ ਰੱਖਦਿਆਂ 18ਵੀਆਂ ਏਸ਼ੀਆਈ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਵਿੱਚ 65 ਕਿਲੋ ਵਰਗ ਮੁਕਾਬਲਿਆਂ ਦੇ ਸੈਮੀਫਾਈਨਲ ਚ ਪ੍ਰਵੇਸ਼ ਕਰ ਲਿਆ ਹੈ।

ਬਜਰੰਗ ਪੂਨੀਆ ਚਾਂਦੀ ਦਾ ਤਮਗ਼ਾ ਪੱਕਾ ਕਰਨ ਲਈ ਮਰਦਾਂ ਦੇ ਫ੍ਰੀਸਟਾਈਲ ਕੁਸ਼ਤੀ ਮੁਕਾਬਲਿਆਂ ਦੇ 65 ਕਿਲੋ ਵਰਗ ਵਿਚ ਸੈਮੀਫਾਈਨਲ ਦੌਰਾਨ ਮੰਗੋਲੀਅਨ ਭਲਵਾਨ ਬੈਟਮਗਨਈ ਬੈਚਲੁਅਨ ਨਾਲ ਭਿੜੇਗਾ।

ਬਜਰੰਗ ਨੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਤਜਾਕਿਸਤਾਨ ਦੇ ਫੇਜੇਵ ਅਬਦੁਲ ਕਾਸਿਮ ਨੂੰ 12-2 ਨਾਲ ਮਾਤ ਦਿੱਤੀ। ਪਹਿਲੇ ਗੇੜ ਵਿੱਚ ਬਜਰੰਗ ਨੇ ਫੇਜੇਵ ਨੂੰ ਟੈਕਲ ਕਰਦਿਆਂ ਪੀਲੀ ਲਾਈਨ ਤੋਂ ਬਾਹਰ ਕਰਕੇ 6 ਅੰਕ ਲਏ ਅਤੇ ਮਜ਼ਬੂਤ ਚੜ੍ਹਤ ਹਾਸਲ ਕਰ ਲਈ। ਉਸ ਨੇ ਵਿਰੋਧੀ ਖਿਡਾਰੀ ਨੂੰ ਆਪਣੇ 'ਤੇ ਹਾਵੀ ਹੋਣ ਦਾ ਮੌਕਾ ਹੀ ਨਹੀਂ ਦਿੱਤਾ।

ਅਜਿਹੇ ਵਿੱਚ ਉਸ ਨੇ ਪਹਿਲੇ ਹੀ ਦੌਰ ਵਿੱਚ 9-2 ਨਾਲ ਪਹਿਲੀ ਚੜ੍ਹਤ ਜਿੱਤ ਲਈ। ਇਸ ਪਿੱਛੋਂ ਫੇਜੇਵ ਨੂੰ ਵਾਪਸੀ ਦਾ ਮੌਕਾ ਨਾ ਦਿੰਦਿਆਂ ਬਜਰੰਗ ਨੇ 12-2 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।

ਇਸ ਤੋਂ ਪਹਿਲਾਂ ਅੱਜ ਬਜਰੰਗ ਪੂਨੀਆ ਨੇ ਚੰਗੀ ਸ਼ੁਰੂਆਤ ਕਰਦਿਆਂ 65 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਥਾਂ ਬਣਾਈ। ਬਜਰੰਗ ਨੇ ਪ੍ਰੀ ਕੁਆਰਟਰ ਫਾਈਨਲ ਵਿੱਚ ਉਜ਼ਬੇਕਿਸਤਾਨ ਦੇ ਭਲਵਾਨ ਸਿਰੋਜ਼ਦੀਨ ਖਾਸਾਨੋਵ ਨੂੰ 13-3 ਨਾਲ ਹਰਾਇਆ।

ਸੰਦੀਪ ਤੋਮਰ ਇਰਾਨ ਦੇ ਭਲਵਾਨ ਤੋਂ ਕੁਆਰਟਰ ਵਿੱਚ ਮਾਤ ਖਾ ਗਿਆ-:

ਇਸੇ ਦੌਰਾਨ ਸੰਦੀਪ ਤੋਮਰ ਇਰਾਨ ਦੇ ਰੇਜ਼ਾ ਅੱਤਰੀ ਤੋਂ 57 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ਦੇ ਕੁਆਰਟਰ ਵਿੱਚ 15-9 ਨਾਲ ਮਾਤ ਖਾ ਗਿਆ ਜਦਕਿ ਪਵਨ ਕੁਮਾਰ ਨੇ 86 ਕਿੱਲੋ ਵਰਗ ਫ੍ਰੀ ਸਟਾਈਲ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਥਾਂ ਪੱਕੀ ਕਰ ਲਈ ਹੈ। ਉਸ ਨੇ ਕੰਬੋਡੀਆ ਦੇ ਵੁਥੀ ਹੈਂਗ ਨੂੰ ਪਿੰਨ ਫਾਲ ਜ਼ਰੀਏ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਕੁਆਲੀਫਿਕੇਸ਼ਨ ਰਾਊਂਡ ਵਿਚ ਹਾਰ ਕੇ ਬਾਹਰ ਹੋਏ ਸੁਸ਼ੀਲ ਕੁਮਾਰ--:

ਵੱਡੀ ਕਹਾਣੀ ਇਹ ਹੈ ਕਿ ਸੁਸ਼ੀਲ ਕੁਮਾਰ ਆਪਣੇ ਪਹਿਲੇ ਹੀ ਰਾਉਂਡ ਵਿੱਚ ਮਾਤ ਖਾ ਗਿਆ ਜਿਸ ਨੂੰ ਹੁਣ ਕਾਂਸੀ ਦੇ ਤਮਗੇ ਵਾਸਤੇ ਲੜਨਾ ਪਵੇਗਾ।

ਦੱਖਣੀ ਕੋਰੀਆ ਦੇ ਇੰਚੀਓਨ ਵਿਖੇ ਹੋਈਆਂ ਪਿਛਲੀਆਂ ਏਸ਼ੀਆਈ ਖੇਡਾਂ ਦੌਰਾਨ ਯੋਗੇਸ਼ਵਰ ਦੱਤ ਨੇ ਭਾਰਤ ਲਈ ਇਕਮਾਤਰ ਸੋਨ ਤਮਗ਼ਾ ਜਿੱਤਿਆ ਸੀ ਜਦ ਕਿ ਪੂਨੀਆ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਹੋਰ ਤਿੰਨ ਮੈਡਲ ਵੀ ਮੈਟ ਕੁਸ਼ਤੀ ਵਿੱਚ ਹੀ ਭਾਰਤ ਨੂੰ ਮਿਲੇ ਸਨ। ਹਾਲਾਂਕਿ ਸੁਸ਼ੀਲ ਕੁਮਾਰ ਨੇ 2014 ਦੀਆਂ ਏਸ਼ੀਆਈ ਖੇਡਾਂ ਵਿੱਚ ਹਿੱਸਾ ਨਹੀਂ ਲਿਆ ਪਰ ਉਸ ਨੂੰ ਏਸ਼ੀਆਡ ਖੇਡਾਂ ਵਿੱਚ ਹੁਣ ਤੱਕ ਸਿਰਫ਼ ਇੱਕ ਮੈਡਲ ਹੀ ਪ੍ਰਾਪਤ ਹੋਇਆ ਹੈ।