• Home
  • ਸਿੱਧੂ ਨੂੰ ਝੁਠਲਾਉਣ ਲਈ ਭੈਣ-ਭਰਾ ਹੋਏ ਪੱਬਾਂ ਭਾਰ .! ਪਰ ਸਿੱਧੂ ਨੇ ਜਾਰੀ ਕੀਤੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਵਾਲੀ ਤਸਵੀਰ

ਸਿੱਧੂ ਨੂੰ ਝੁਠਲਾਉਣ ਲਈ ਭੈਣ-ਭਰਾ ਹੋਏ ਪੱਬਾਂ ਭਾਰ .! ਪਰ ਸਿੱਧੂ ਨੇ ਜਾਰੀ ਕੀਤੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਵਾਲੀ ਤਸਵੀਰ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਕਰਤਾਰਪੁਰ ਸਾਹਿਬ ਦਾ ਲਾਂਘਾ ਕਰੋੜਾਂ ਸਿੱਖਾਂ ਦੀ ਆਸਥਾ ਦਾ ਮਾਮਲਾ ਹੈ ਤੇ ਨਾਨਕ ਨਾਮ ਲੇਵਾ ਸੰਗਤ ਚਾਹੁੰਦੀ ਹੈ ਕਿ ਇਹ ਲਾਂਘਾ ਛੇਤੀ ਤੋਂ ਛੇਤੀ ਖੁਲੇ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਅੰਤਿਮ ਸਮੇਂ ਨਾਲ ਜੁੜੇ ਇਸ ਗੁਰਦਵਾਰਾ ਸਾਹਿਬ ਦੇ ਖੁਲੇ ਦਰਸ਼ਨ ਦੀਦਾਰੇ ਹੋ ਸਕਣ ਪਰ ਕੁਝ ਕੁ ਲੋਕਾਂ ਨੇ ਬੀੜਾ ਚੁੱਕਿਆ ਹੋਇਆ ਹੈ ਕਿ ਭਾਵੇਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਕਿੰਨੀ ਵੀ ਖਿਲਵਾੜ ਹੋ ਜਾਵੇ ਪਰ ਇਸ ਲਾਂਘੇ ਨੂੰ ਖੁਲਣ ਨਹੀਂ ਦੇਣਾ।
ਇਹ ਕਿੱਸਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਆਪਣੇ ਕ੍ਰਿਕਟ ਦੇ ਪੁਰਾਣੇ ਸਾਥੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਗਏ ਤੇ ਉਥੇ ਮੌਜੂਦ ਪਾਕਿਸਤਾਨ ਦੇ ਫ਼ੌਜ ਮੁਖੀ ਨੇ ਜਦੋਂ ਸਿੱਧੂ ਨੂੰ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਲਾਂਘਾ ਖੋਲਣ ਨੂੰ ਤਿਆਰ ਹੈ ਤਾਂ ਭਾਵਨਾਵਾਂ 'ਚ ਵਹੇ ਸਿੱਧੂ ਨੇ ਬਾਜਵਾ ਨੂੰ ਜੱਫ਼ੀ 'ਚ ਲੈ ਲਿਆ ਪਰ ਉਹ ਭੁੱਲ ਗਏ ਕਿ ਉਨਾਂ ਦੇ ਇਸ ਕਦਮ ਨੂੰ ਭਾਜਪਾਈ ਮੀਡੀਆ ਕਿੰਨਾ ਉਛਾਲੇਗਾ। ਹੋਇਆ ਉਹੀ--ਭਾਜਪਾ ਨੇ ਸਿੱਧੂ ਨੂੰ ਆੜੇ ਹੱਥੀਂ ਲਿਆ ਤੇ ਕਾਂਗਰਸ ਤੋਂ ਸਿੱਧੂ ਵਿਰੁਧ ਕਾਰਵਾਈ ਕਰਨ ਦੀ ਮੰਗ ਕਰਨ ਲੱਗੀ।
ਸਿੱਧੂ ਨੇ ਬਾਹਰ ਨਿਕਲਦਿਆਂ ਹੀ ਸਪੱਸ਼ਟ ਕੀਤਾ ਕਿ ਬਾਬੇ ਨਾਨਕ ਲਈ ਉਹ ਕਿਸੇ ਅੱਗੇ ਵੀ ਝੁਕਣ ਨੂੰ ਤਿਆਰ ਹਨ। ਸਿੱਧੂ ਦੀ ਇਹੀ ਗੱਲ ਨਾਨਕ ਲੇਵਾ ਸੰਗਤ ਨੂੰ ਭਾਹ ਗਈ ਤੇ ਸਭ ਨੇ ਸਿੱਧੂ ਨੂੰ ਪਲਕਾਂ 'ਤੇ ਬਿਠਾ ਲਿਆ ਪਰ ਉਨਾਂ ਦੇ ਸਿਆਸੀ ਵਿਰੋਧੀ ਸਿੱਖ ਆਗੂਆਂ ਨੂੰ ਇਹ ਗੱਲ ਚੰਗੀ ਨਾ ਲੱਗੀ। ਜਿਨਾਂ ਵਿਚ ਸਭ ਤੋਂ ਪਹਿਲਾ ਨਾਮ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਦਾ ਆਉਂਦਾ ਹੈ। ਬੀਬੀ ਬਾਦਲ ਨੇ ਇਹ ਨਹੀਂ ਦੇਖਿਆ ਕਿ ਸਿੱਧੂ ਬਾਬੇ ਨਾਨਕ ਦੀ ਗੱਲ ਕਰ ਰਹੇ ਹਨ ਪਰ ਉਨਾਂ ਨੇ ਸਿੱਧੂ ਨੂੰ ਆਈਐਸਆਈ ਦਾ ਏਜੰਟ ਤਕ ਕਹਿ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਬੀਬੀ ਨੇ ਆਪਣੀ ਕੈਬਨਿਟ ਦੇ ਸਾਥੀਆਂ ਤੋਂ ਵੀ ਸਿੱਧੂ ਵਿਰੁਧ ਬਿਆਨਬਾਜ਼ੀ ਕਰਵਾ ਦਿੱਤੀ। ਸਭ ਤੋਂ ਪਹਿਲਾਂ ਸਾਬਕਾ ਜਨਰਲ ਵੀ ਕੇ ਸਿੰਘ ਦਾ ਬਿਆਨ ਆਇਆ, ਅੱਜ ਸਵੇਰੇ ਸ਼ੁਸ਼ਮਾ ਸਵਰਾਜ ਵਲੋਂ ਬੀਬੀ ਬਾਦਲ ਨੂੰ ਲਿਖੀ ਚਿੱਠੀ ਪਟਾਰੇ 'ਚੋਂ ਨਿਕਲ ਆਈ ਤੇ ਰੱਖਿਆ ਮੰਤਰੀ ਨੇ ਬਾਅਦ 'ਚ ਪ੍ਰੈੱਸ ਕਾਨਫਰੰਸ ਕਰ ਕੇ ਸਿੱਧੂ ਦੀ ਆਲੋਚਨਾ ਕੀਤੀ।
ਅੱਜ ਸਵੇਰੇ ਬੀਬੀ ਬਾਦਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਸ਼ੁਸ਼ਮਾ ਸਵਰਾਜ ਮਿਲੇ ਹੀ ਨਹੀਂ ਤੇ ਵਿਦੇਸ਼ ਮੰਤਰਾਲੇ ਨੇ ਉਨਾਂ ਨੂੰ ਫ਼ਿਟਕਾਰ ਲਾਈ ਹੈ ਪਰ ਇਸ ਸਾਰੇ ਝੂਠ ਤੋਂ ਸਿੱਧੂ ਨੇ ਉਸ ਵੇਲੇ ਪਰਦਾ ਚੁੱਕ ਦਿੱਤਾ ਜਦੋਂ ਉਨਾ ਉਹ ਫ਼ੋਟੋ ਜਾਰੀ ਕਰ ਦਿੱਤੀ ਜਿਸ ਵਿਚ ਉਨਾਂ ਦੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਹੋਈ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਅਕਾਲੀ ਦਲ ਅਧੀਨ ਹੈ ਪਰ ਅਕਾਲੀਆਂ ਨੇ ਲਾਂਘਾ ਖੁਲਵਾਉਣ ਬਾਰੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ। ਜੇ ਹੁਣ ਕਿਸੇ ਨੇ ਕੋਸ਼ਿਸ਼ ਕੀਤੀ ਹੈ ਤਾਂ ਉਸ ਨਾਲ ਇੰਨੀ ਈਰਖ਼ਾ ਕਿਉਂ? ਪੁਛਣਾ ਹੋਵੇ ਕਿ ਸਿੱਧੂ ਕਿਹੜਾ ਨਿੱਜੀ ਜ਼ਮੀਨ ਪਾਕਿਸਤਾਨ ਤੋਂ ਮੰਗ ਰਹੇ ਹਨ ਪਰ ਨਹੀਂ ਇਨਾਂ ਲੋਕਾਂ ਨੂੰ ਡਰ ਹੈ ਕਿ ਹੁਣ ਤਕ ਪੰਥ ਦੇ ਨਾਂ 'ਤੇ ਜਿਹੜੀਆਂ ਵੋਟਾਂ ਲਈਆਂ ਹਨ, ਉਹ ਨਹੀਂ ਮਿਲਣੀਆਂ।
ਇਸ ਤੋਂ ਇਲਾਵਾ ਬੀਬੀ ਦੇ ਭਾਈ ਸਾਹਿਬ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਅੰਮ੍ਰਿਤਸਰ 'ਚ ਪੈੱ੍ਰਸ ਕਾਨਫਰੰਸ ਕਰ ਕੇ ਸਿੱਧੂ ਨੂੰ ਪੂਰੀ ਤਰਾਂ ਭੰਡਿਆ। ਮਜੀਠੀਆ ਨੇ ਸਿੱਧੂ ਨੂੰ 'ਬੁੱਧੂ' ਤਕ ਕਹਿ ਦਿੱਤਾ। ਪਤਾ ਨਹੀਂ ਸਿੱਖ ਸਿਆਸਤਦਾਨਾਂ ਨੂੰ ਕੀ ਹੋਇਆ? ਇਨਾਂ ਨੂੰ ਚੰਗੀ ਤਰਾਂ ਪਤਾ ਹੈ ਕਿ ਦਿੱਲੀ ਪਿਛੇ ਲੱਗ ਕੇ ਆਪਣੇ ਹੀ ਭਰਾਵਾਂ ਵਿਰੁਧ ਬਿਆਨਬਾਜ਼ੀ ਕਰਨ ਨਾਲ ਕੁਝ ਨਹੀਂ ਮਿਲਦਾ ਤੇ ਪਹਿਲਾਂ ਵੀ ਦਿੱਲੀ ਨੇ ਸਿੱਖਾਂ ਨੂੰ ਕੀ ਦਿੱਤਾ ਹੈ।
ਮੁੱਕਦੀ ਗੱਲ ਇਹ ਹੈ ਕਿ ਅੱਜ ਦੋਵੇਂ ਭੈਣ-ਭਰਾ ਸਿੱਧੂ ਦੇ ਦੁਆਲੇ ਹੋਏ ਪਏ ਹਨ ਤੇ ਨਾਨਕ ਨਾਮ ਲੇਵਾ ਸੰਗਤ ਸਿੱਧੂ ਨਾਲ ਖੜੀ ਨਜ਼ਰ ਆ ਰਹੀ ਹੈ।