• Home
  • ਸਿੱਖਿਆ ਵਿਭਾਗ ਦੇ ਸਮਾਰਟ ਸਕੂਲਾਂ ਦੀ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ

ਸਿੱਖਿਆ ਵਿਭਾਗ ਦੇ ਸਮਾਰਟ ਸਕੂਲਾਂ ਦੀ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ

ਐੱਸ.ਏ.ਐੱਸ. ਨਗਰ 8 ਅਪ੍ਰੈਲ ; ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰਅਮ ਵਿਖੇ 261 ਸਮਾਰਟ ਸਕੂਲਾਂ ਦੇ ਨਾਲ-ਨਾਲ ਮੁੱਖ ਮਾਰਗਾਂ ਤੇ ਬਣੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ| ਇਸ ਮੀਟਿੰਗ ਵਿੱਚ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਇੰਦਰਜੀਤ ਸਿੰਘ ਵੀ ਹਾਜ਼ਰ ਰਹੇ|
ਮੀਟਿੰਗ ਵਿੱਚ ਸਕੱਤਰ ਸਕੂਲ ਸਿੱਖਿਆ ਨੇ ਸਮਾਰਟ ਸਕੂਲਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ| ਉਹਨਾਂ ਸਕੂਲਾਂ ਦੀ ਦਿੱਖ ਸਬੰਧੀ ਮਲਟੀਮੀਡੀਆ ਪੇਸ਼ਕਾਰੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ| ਇਸ ਤੋਂ ਇਲਾਵਾ ਇਹਨਾਂ ਦਿਨਾਂ ਵਿੱਚ ਚਲ ਰਹੀ ਈਚ ਵਨ ਬਰਿੰਗ ਵਨ ਦਾਖ਼ਲਾ ਮੁਹਿੰਮ ਸਬੰਧੀ ਸਕੂਲ ਮੁਖੀਆਂ ਨੂੰ ਤਾਜਾ ਸਥਿਤੀ ਅਨੁਸਾਰ ਰਿਵਿਊ ਕਰਨ ਲਈ ਕਿਹਾ| ਉਹਨਾਂ ਸ਼ਹਿਰ ਦੇ ਸਕੂਲਾਂ ਨੂੰ ਵੱਧ ਤੋਂ ਵੱਧ ਦਾਖ਼ਲੇ ਵਧਾਉਣ ਲਈ ਪ੍ਰੇਰਿਤ ਕੀਤਾ|
ਸਮਾਰਟ ਸਕੂਲਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਰਟ ਸਕੂਲਾਂ ਵਿੱਚ ਸਮਾਰਟ ਵਿਦਿਆਰਥੀ ਤਾਂ ਹੀ ਬਣਨਗੇ ਜੇਕਰ ਸਕੂਲ ਮੁਖੀਆਂ ਦੀ ਸੋਚ ਸਮਾਰਟ ਹੋਵੇਗੀ ਅਤੇ ਅਧਿਆਪਕ ਸਮਾਰਟ ਸਿੱਖਣ ਸਿਖਾਉਣ ਵਿਧੀਆਂ ਦਾ ਪ੍ਰਯੋਗ ਕਰਨਗੇ| ਉਹਨਾਂ ਬੱਚਿਆਂ ਦੇ ਵੱਖ-ਵੱਖ ਭਾਸ਼ਾਵਾਂ ਦੇ ਕੌਸ਼ਲਾਂ ਨੂੰ ਵਿਕਸਿਤ ਕਰਨ ਬਾਰੇ ਕਿਹਾ|
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਮੁੱਖ ਮਾਰਗਾਂ ਤੇ ਬਣੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਜ਼ਿਲ੍ਹਾ ਸਮਾਰਟ ਸਕੂਲ ਮੈਂਟਰਾਂ, ਸਹਾਇਕ ਕੋਆਰਡੀਨੇਟਰਾਂ ਤੇ ਸਕੂਲਾਂ ਦੇ ਮੁਖੀਆਂ ਨੂੰ ਵਿਸ਼ੇਸ਼ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ| ਉਹਨਾਂ ਕਿਹਾ ਕਿ 2524 ਸੈਲਫ ਸਮਾਰਟ ਸਕੂਲ ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਲਗਨ ਤੇ ਮਿਨਹਤ ਦਾ ਨਤੀਜਾ ਹਨ ਤੇ ਮੁੱਖ ਮਾਰਗਾਂ ਤੇ ਬਣਨ ਵਾਲੇ ਸਮਾਰਟ ਸਕੂਲ ਪੰਜਾਬ ਦੀ ਵਧੀਆ ਦਿੱਖ ਪੇਸ਼ ਕਰ ਸਕਣਗੇ|