• Home
  • ਡਿਪਟੀ ਕਮਿਸ਼ਨਰ ਤੇ ਖੇਤੀ ਮਾਹਰਾਂ ਵੱਲੋਂ ਕਣਕ ਦਾ ਨਾੜ ਨਾ ਸਾੜਨ ਦਾ ਹੋਕਾ

ਡਿਪਟੀ ਕਮਿਸ਼ਨਰ ਤੇ ਖੇਤੀ ਮਾਹਰਾਂ ਵੱਲੋਂ ਕਣਕ ਦਾ ਨਾੜ ਨਾ ਸਾੜਨ ਦਾ ਹੋਕਾ

ਫ਼ਾਜ਼ਿਲਕਾ, 3 ਅਪ੍ਰੈਲ:ਖੇਤੀਬਾੜੀ ਵਿਭਾਗ ਵੱਲੋਂ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਲਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਅਤੇ ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਇਸ ਵਾਰ ਕਣਕ ਦਾ ਨਾੜ ਬਿਲਕੁਲ ਨਾ ਸਾੜ ਕੇ ਮਿਸਾਲ ਕਾਇਮ ਕੀਤੀ ਜਾਵੇ।ਸਾਉਣੀ 2019-20 ਦੀਆਂ ਫ਼ਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਦੇ ਮਨਸ਼ੇ ਨਾਲ ਉਲੀਕੇ ਗਏ ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਕੀਤਾ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਰਾਜੇਸ ਕੁਮਾਰ ਵਿਸ਼ਿਸ਼ਟ ਨੇ ਕੈਂਪ ਦੀ ਪ੍ਰਧਾਨਗੀ ਕੀਤੀ ਜਦਕਿ ਐਸ.ਡੀ.ਐਮ. ਫ਼ਾਜ਼ਿਲਕਾ ਸ਼੍ਰੀ ਸੁਭਾਸ਼ ਖਟਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਕੈਂਪ ਵਿੱਚ ਜ਼ਿਲ੍ਹੇ ਭਰ ਦੇ ਸੈਂਕੜੇ ਕਿਸਾਨਾਂ ਨੇ ਭਾਗ ਲਿਆ।ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਾੜ੍ਹੀ ਸੀਜ਼ਨ ਦੌਰਾਨ ਕਣਕ ਦੀ ਫ਼ਸਲ ਵੱਢਣ ਦੇ ਬਿਲਕੁਲ ਨੇੜੇ ਆ ਚੁੱਕੀ ਹੈ। ਇਸ ਲਈ ਜਿਥੇ ਕਿਸਾਨ ਇਹ ਫ਼ਸਲ ਸੁਕਾ ਕੇ ਵੱਢਣ ਅਤੇ ਮੰਡੀਆਂ ਵਿੱਚ ਲਿਆਉਣ, ਉਥੇ ਕਣਕ ਦੇ ਨਾੜ ਨੂੰ ਬਿਲਕੁਲ ਅੱਗ ਨਾ ਲਾਈ ਜਾਵੇ ਕਿਉਂਕਿ ਇਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਖ਼ਤਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਇਸ ਵਾਰ ਇਹ ਪ੍ਰਣ ਲੈਣ ਕਿ ਉਹ ਕਣਕ ਦੀ ਨਾੜ ਨੂੰ ਬਿਲਕੁਲ ਅੱਗ ਨਹੀਂ ਲਾਉਣਗੇ ਅਤੇ ਆਪਣੀਆਂ ਭਵਿੱਖੀ ਪੀੜ੍ਹੀਆਂ ਨੂੰ ਸਿਹਤਯਾਬ ਜ਼ਿੰਦਗੀ ਦੇਣ ਵਿੱਚ ਆਪਣੇ ਇਸ ਅਹਿਮ ਯੋਗਦਾਨ ਦੀ ਮਿਸਾਲ ਕਾਇਮ ਕਰਨਗੇ।ਇਸ ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਰਾਜੇਸ ਕੁਮਾਰ ਵਿਸ਼ਿਸ਼ਟ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ. ਵੱਲੋਂ ਸਿਫ਼ਾਰਿਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨ, ਕੀੜੇਮਾਰ ਜ਼ਹਿਰਾਂ ਦੀ ਵਰਤੋਂ ਵੀ ਇਨ੍ਹਾਂ ਦੀ ਸਲਾਹ ਮੁਤਾਬਕ ਹੀ ਕਰਨ ਅਤੇ ਮਹਿਕਮੇ ਵੱਲੋਂ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਸਬੰਧੀ ਲੋੜੀਂਦੀ ਖੇਤੀ ਸਮੱਗਰੀ ਦੇ ਪ੍ਰਬੰਧਾਂ ਬਾਰੇ ਅਤੇ ਖੇਤੀਬਾੜੀ ਵਿਕਾਸ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਾਉਣੀ 2019-20 ਦੌਰਾਨ ਵੱਖ-ਵੱਖ ਫ਼ਸਲਾਂ ਲਈ ਲੋੜੀਂਦੀ ਯੂਰੀਆ ਅਤੇ ਡੀ.ਏ.ਪੀ. ਦੀ ਸਮੇਂ ਸਿਰ ਸਪਲਾਈ ਲਈ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖੇਤੀਬਾੜੀ ਸਮੱਗਰੀ ਖ਼ਰੀਦ ਕਰਨ ਤੋਂ ਪਹਿਲਾਂ ਵਿਭਾਗ ਦੀ ਸਲਾਹ ਲੈ ਲਈ ਜਾਵੇ ਅਤੇ ਖ਼ਰੀਦ ਸਮੇਂ ਬਿਲ ਜ਼ਰੂਰ ਲਿਆ ਜਾਵੇ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀ ਮਾਹਰਾਂ ਦੀ ਟੀਮ ਨੇ ਵੱਖ-ਵੱਖ ਵਿਸ਼ਿਆਂ ਅਤੇ ਫ਼ਸਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਦੇ ਖੇਤੀ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ। ਪਸ਼ੂ ਪਾਲਣ ਵਿਭਾਗ ਦੇ ਬੁਲਾਰੇ ਡਾ. ਮਨਦੀਪ ਸਿੰਘ ਵੱਲੋਂ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਮੇਲੇ ਵਿੱਚ ਪਹੁੰਚੇ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਸਟੇਜ ਸੰਚਾਲਨ ਫ਼ਾਜ਼ਿਲਕਾ ਬਲਾਕ ਦੇ ਖੇਤੀਬਾੜੀ ਅਫ਼ਸਰ ਸ਼੍ਰੀ ਭੁਪਿੰਦਰ ਕੁਮਾਰ ਨੇ ਕੀਤਾ। ਕੈਂਪ ਨੂੰ ਸਚੁੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼੍ਰੀ ਸਰਵਨ ਕੁਮਾਰ ਬਲਾਕ ਅਫ਼ਸਰ ਅਬੋਹਰ, ਸ਼੍ਰੀ ਰਣਬੀਰ ਸਿੰਘ ਯਾਦਵ ਬਲਾਕ ਅਫ਼ਸਰ ਖੂਈਆਂ ਸਰਵਰ, ਸ਼੍ਰੀਮਤੀ ਹਰਪ੍ਰੀਤਪਾਲ ਕੌਰ ਬਲਾਕ ਅਫ਼ਸਰ ਜਲਾਲਾਬਾਦ, ਸ਼੍ਰੀ ਰਾਮ ਸਿੰਘ ਭੌਂ ਪਰਖ ਅਫ਼ਸਰ ਫ਼ਾਜ਼ਿਲਕਾ ਅਤੇ ਸ਼੍ਰੀ ਜਗਸੀਰ ਸਿੰਘ ਏ.ਡੀ.ੳ. (ਇਨਫ਼ੋਰਸਮੈਂਟ) ਨੇ ਵਿਸ਼ੇਸ਼ ਯੋਗਦਾਨ ਪਾਇਆ।