• Home
  • Exclusive:-ਗੱਤਕਾ “ਪੇਟੈਂਟ” ਬਨਾਮ 20 ਕਰੋੜੀ ਲੀਗ ਦਾ ਪਰਦਾਫਾਸ :ਜਵਾਹਰ ਲਾਲ ਨਹਿਰੂ ਸਟੇਡੀਅਮ ਚ”ਗੱਤਕਾ ਲੀਗ ਲਈ ਕਦੀ ਨਹੀਂ ਹੋਈ ਬੁਕਿੰਗ :-ਪੜ੍ਹੋ ਤਹਿਕੀਕਾਤ ਦਾ ਭਾਗ -1

Exclusive:-ਗੱਤਕਾ “ਪੇਟੈਂਟ” ਬਨਾਮ 20 ਕਰੋੜੀ ਲੀਗ ਦਾ ਪਰਦਾਫਾਸ :ਜਵਾਹਰ ਲਾਲ ਨਹਿਰੂ ਸਟੇਡੀਅਮ ਚ”ਗੱਤਕਾ ਲੀਗ ਲਈ ਕਦੀ ਨਹੀਂ ਹੋਈ ਬੁਕਿੰਗ :-ਪੜ੍ਹੋ ਤਹਿਕੀਕਾਤ ਦਾ ਭਾਗ -1

ਚੰਡੀਗੜ੍ਹ :- ਗੱਤਕਾ ਅਤੇ ਸਿੱਖ ਯੁੱਧ ਕਲਾਂ ਨਾਲ ਸਬੰਧਿਤ ਸ਼ਾਸਤਰਾਂ ਦੇ ਦਿੱਲੀ ਦੀ ਇਕ ਕੰਪਨੀ ਵੱਲੋਂ ਟ੍ਰੇਡ ਮਾਰਕ ਕਾਨੂੰਨ ਤਹਿਤ "ਪੇਟੈਂਟ " ਕਰਵਾਉਣ ਬਾਰੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਬਾਅਦ ਜਿੱਥੇ ਦੁਨੀਆਂ ਭਰ ਦੇ ਸਿੱਖਾਂ ਚ ਰੋਸ ਦੀ ਲਹਿਰ ਹੈ ,ਉੱਥੇ ਇਸ ਮਾਮਲੇ ਤੇ ਕਰੜਾ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੜਤਾਲ ਕਰਕੇ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਹਨ ।
ਇਸ ਸਬੰਧੀ ਜਦੋਂ "ਖ਼ਬਰ ਵਾਲੇ ਡਾਟ ਕਾਮ" ਵੱਲੋਂ ਸਿੱਖਾਂ ਦੇ ਇਸ ਧਾਰਮਿਕ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਦੋਂ ਇਸ ਦੀ ਤਹਿਕੀਕਾਤ ਕਰਨ ਦੀ ਸ਼ੁਰੂਆਤ ਕੀਤੀ ਤਾਂ ਇਸ ਚ ਇਕੱਲੇ ਹੈਰਾਨੀਜਨਕ ਤੱਥ ਹੀ ਸਾਹਮਣੇ ਨਹੀਂ ਆਏ, ਸਗੋਂ ਇਕ ਵੱਡਾ ਸਕੈਂਡਲ ਵੀ ਰੋਸ਼ਨੀ ਚ ਆਇਆ । ਇਸ ਸਕੈਂਡਲ ਨੂੰ ਅਸੀਂ ਦੋ ਭਾਗਾਂ ਵਿੱਚ ਪ੍ਰਕਾਸ਼ਿਤ ਕਰਾਂਗੇ ।
ਦੇਸ਼ ਦੀ ਰਾਜਧਾਨੀ ਦਿੱਲੀ ਚ ਗੱਤਕਾ" ਲੀਗ ਦੀ ਚੈਂਪੀਅਨ ਟੀਮ ਨੂੰ 1 ਕਰੋੜ ,2nd ਟੀਮ ਨੂੰ 75 ਲੱਖ ਤੇ 3rd ਨੰਬਰ ਦੀ ਟੀਮ ਨੂੰ 50 ਲੱਖ ਰੁਪਏ ਦੇ ਦਿੱਤੇ ਜਾਣ ਵਾਲੇ ਇਨਾਮ ਤੇ 20 ਕਰੋੜੀ ਬਜਟ ਚ ਕਰਵਾਈ ਜਾਣ ਵਾਲੀ ਲੀਗ ਦਾ ਵੈਬਸਾਇਟ ਤੇ ਸ਼ਡਿਊਲ ਸਾਰਨੀ ਦੇਖ ਕੇ ਇਕਲੇ ਖਿਡਾਰੀ ਪ੍ਰਭਾਵਿਤ ਨਹੀਂ ਹੋਏ ,ਸਗੋ ਤੇਜ਼ ਤਰਾਰ ਰਾਜਨੇਤਾ ਸੁਖਪਾਲ ਸਿੰਘ ਖਹਿਰਾ ਤੇ ਜਥੇਦਾਰ ਧਿਆਨ ਸਿੰਘ ਮੰਡ ਵਰਗੇ ਵੀ ਇਸ ਜਾਲ ਫਸ ਗਏ ਤੇ ਉਨ੍ਹਾਂ ਬਿਨਾਂ ਪੜਤਾਲ ਕੀਤਿਆਂ ,ਕੰਪਨੀ ਮਾਲਕ ਦੀਆਂ ਸਿਫਤਾਂ ਦੇ ਪੁਲ ਬੰਨ੍ਹਦਿਆਂ ਵੀਡੀਓ ਬਣਾ ਕੇ ਪ੍ਰਮੋਸ਼ਨ ਕਰ ਦਿੱਤੀ ਅਤੇ ਨਾਲ ਹੀ ਇਹ ਵੀ ਵੀਡੀਓ ਰਾਹੀਂ ਸੰਗਤ ਨੂੰ ਦੱਸਿਆ ਕਿ ਗੱਤਕਾ ਲੀਗ ਕਰਵਾਉਣ ਵਾਲੇ ਭਾਈ ਹਰਪ੍ਰੀਤ ਸਿੰਘ ਖਾਲਸਾ ਦਿੱਲੀ ਚ ਕਈ ਭਾਸਾਵਾ ਚ ਛਪਦੇ ਅਖ਼ਬਾਰ ਦੇ ਮਾਲਕ ਹਨ । ਵੈੱਬਸਾਈਟ ਤੇ ਖਹਿਰਾ, ਮੰਡ ਤੋਂ ਇਲਾਵਾ ਅਕਾਲੀ ਦਲ ਮਾਨ ਦੇ ਅਮਰੀਕਾ ਤੋਂ ਮੀਤ ਪ੍ਰਧਾਨ ਰੇਸ਼ਮ ਸਿੰਘ ,ਪ੍ਰੋਫੈਸਰ ਮਹਿੰਦਰਪਾਲ ਸਿੰਘ ਜਨਰਲ ਸੈਕਟਰੀ ਅਕਾਲੀ ਦਲ (ਮਾਨ) , ਉੱਤਰ ਪ੍ਰਦੇਸ਼ ਦੇ ਮੈਂਬਰ ਪਾਰਲੀਮੈਂਟ ਕਮਲ ਕਿਸ਼ੋਰ ਕਮਾਂਡੋ ਆਦਿ ਦੀਆਂ ਵੀਡੀਓਜ਼ ਪ੍ਰਮੋਸ਼ਨ ਸੰਦੇਸ਼ ਨੂੰ ਬਕਾਇਦਾ ਤੌਰ ਤੇ ਉਕਤ ਕੰਪਨੀ ਵੱਲੋਂ ਆਪਣੀ ਵੈੱਬਸਾਈਟ ਤੇ ਅਪਲੋਡ ਕੀਤੀਆਂ ਗਈਆਂ ਹਨ।

"ਖ਼ਬਰ ਵਾਲੇ ਡਾਟ ਕਾਮ "ਵੱਲੋਂ ਵੈੱਬਸਾਈਟਾਂ ਤੇ ਇੰਡੀਅਨ ਗੱਤਕਾ ਫੈਡਰੇਸ਼ਨ ਕੰਪਨੀ ਵੱਲੋਂ ਗੱਤਕਾ ਲੀਗ ਕਰਵਾਉਣ ਲਈ ਸਮਾਂ ਸਾਰਣੀ ਬਾਰੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੀਆਂ ਜਵਾਹਰ ਲਾਲ ਨਹਿਰੂ ਖੇਡ ਸਟੇਡੀਅਮ ਲੀਗ ਕਰਵਾਉਣ ਲਈ 25 ਲੱਖ ਰੁਪਏ ਦੀ ਸਕਿਓਰਿਟੀ ਫੀਸ ਅਤੇ 1 ਕਰੋੜ 75 ਲੱਖ ਰੁਪਏ ਜਮ੍ਹਾਂ ਕਰਵਾਈ ਜਨਵਰੀ ਮਹੀਨੇ ਚ ਰਕਮ ਦੀਆਂ ਵੱਖ ਵੱਖ ਤਰੀਕਾਂ ਦੀਆਂ ਰਸੀਦਾਂ ਬਾਰੇ ਜਾਣਕਾਰੀ ਲੈਣ ਲਈ ਜਦੋਂ ਰਸੀਦਾਂ ਤੇ ਦਿੱਤੇ ਗਏ ਲੈਂਡਲਾਈਨ ਫੋਨ ਨੰਬਰ ਨੂੰ ਲਗਾਇਆ ਤਾਂ ਫੋਨ ਨੰਬਰ ਗਲਤ ਸੀ ।ਬਾਅਦ ਵਿੱਚ ਸਾਡੀ ਟੀਮ ਵੱਲੋਂ ਤਾਂ ਜਵਾਹਰ ਲਾਲ ਨਹਿਰੂ ਸਟੇਡੀਅਮ ਚ ਤਾਇਨਾਤ ਕੇਂਦਰੀ ਖੇਡ ਵਿਭਾਗ ਦੇ ਅਧਿਕਾਰੀਆਂ ਤੋਂ ਉਕਤ ਤਰੀਕਾਂ ਨੂੰ ਹੋ ਰਹੀ ਗੱਤਕਾ ਲੀਗ ਦੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕੋਈ ਵੀ ਅਜਿਹੀ ਬੁਕਿੰਗ ਨਹੀਂ ਹੈ । ਇਸ ਸਮੇਂ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਚ ਸਿਰਫ ਓਲੰਪਿਕ ਤੇ ਕੇਂਦਰੀ ਖੇਡ ਵਿਭਾਗ ਤੋਂ ਮਾਨਤਾ ਪ੍ਰਾਪਤ ਖੇਡਾਂ ਨੂੰ ਹੀ ਐਂਟਰੀ ਮਿਲਦੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਗੱਤਕਾ ਨੂੰ ਸਪੋਰਟ ਅਥਾਰਟੀ ਆਫ ਇੰਡੀਆ ਖੇਡ ਨਹੀਂ ਮੰਨਦੀ ਇਸ ਲਈ ਇਸ ਦੀ ਬੁਕਿੰਗ ਹੋ ਵੀ ਨਹੀਂ ਸਕਦੀ ।ਪਰ ਉਨ੍ਹਾਂ ਖੁਦ ਰਸੀਦਾਂ ਦੇਖ ਕੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਅਸੀਂ ਪ੍ਰਿੰਟਿਡ ਰਸੀਦ ਨਹੀਂ ਦਿੰਦੇ ਅਤੇ ਨਾ ਹੀ ਸਟੇਡੀਅਮ ਦੀ ਕਰੋੜਾਂ ਚ ਫੀਸ ਹੈ । ਉਨ੍ਹਾਂ ਇਸ ਸਮੇਂ "ਖ਼ਬਰ ਵਾਲੇ ਡਾਟ ਕਾਮ" ਟੀਮ ਨੂੰ ਇਹ ਵੀ ਕਿਹਾ ਕਿ ਜੇਕਰ ਤੁਸੀਂ ਸਾਨੂੰ ਲਿਖਤੀ ਸ਼ਿਕਾਇਤ ਕਰੋਗੇ ਤਾਂ ਅਸੀਂ ਇਨ੍ਹਾਂ ਦੇ ਜਾਅਲਸਾਜ ਵਿਅਕਤੀ ਖਿਲਾਫ ਕਾਰਵਾਈ ਕਰਾਂਗੇ ।

ਇਸ ਸਬੰਧੀ ਜਦੋਂ ਖ਼ਬਰ ਡਾਟ ਕਾਮ" ਟੀਮ ਨੇ ਇੰਡੀਅਨ ਗੱਤਕਾ ਫੈਡਰੇਸ਼ਨ ਦੇ ਆਗੂ ਹਰਪ੍ਰੀਤ ਸਿੰਘ ਖ਼ਾਲਸਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੀ ਵੈੱਬਸਾਈਟ ਤੇ ਦਿੱਤੇ ਗਏ ਗੱਤਕਾ ਪ੍ਰਮੋਸ਼ਨ ਨੂੰ ਸਹੀ ਦੱਸਿਆ ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਦਿਲੀ ਵਿਖੇ 22ਮਾਰਚ ਤੋ 26 ਮਾਰਚ ਨੂੰ ਵਰਲਡ ਗਤਕਾ ਲੀਗ ਬਾਰੇ ਉਸ ਨੇ ਕਿਹਾ ਕਿ ਧੋਖੇਬਾਜ਼ਾਂ ਵੱਲੋਂ ਧੋਖਾ ਦੇਣ ਤੋਂ ਬਾਅਦ ਮੁਲਤਵੀ ਕਰ ਦਿੱਤੀ ਹੈ । ਇਸ ਸਮੇਂ ਉਸ ਨੇ ਵੀਡੀਓ ਚ 80 ਦੇਸ਼ਾਂ ਦੀਆਂ ਗੱਤਕਾ ਟੀਮਾਂ ਵੱਲੋਂ ਵਰਲਡ ਗੱਤਕਾ ਲੀਗ ਚ ਭਾਗ ਲੈਣ ਦੀ ਪੁਸ਼ਟੀ ਕੀਤੀ । ਉਸ ਨੇ ਇਹ ਵੀ ਕਿਹਾ ਕਿ ਪੇਟੈਂਟ ਤੇ ਟ੍ਰੇਡਮਾਰਕ ਚ ਬਹੁਤ ਫਰਕ ਹੈ। ਸਿਰਫ਼ ਉਸ ਨੇ ਪੇਟੈਂਟ ਕਰਵਾਇਆ ਹੈ ਤਾਂ ਕਿ ਕੋਈ ਹੋਰ ਲੋਕ ਗੱਤਕਾ ਦੀ ਵਰਤੋਂ ਨਾ ਕਰਨ ।ਇਸ ਸਮੇਂ ਨੁਮਾਇੰਦੇ ਨੇ ਕਿਹਾ ਕਿ 40 ਗੱਤਕਾ ਕੋਚ ਭਰਤੀ ਕਰਨ ਲਈ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਗਏ ਹਨ ਤੇ ਜਿਨ੍ਹਾਂ ਦੀ ਬੇਸਿਕ ਪੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ ) ਨਿਯੁਕਤੀ ਕਰੇਗੀ ਤੇ ਉਨ੍ਹਾਂ ਨੂੰ ਸਾਰੇ ਭਤੇ ਪਾ ਕੇ 60 ਹਜ਼ਾਰ ਤਨਖਾਹ ਮਿਲੇਗੀ।

ਜਦੋਂ ਇਸ ਸਬੰਧੀ ਅਧਿਕਾਰਿਤ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਇੱਕ ਨਿੱਜੀ ਵਿਅਕਤੀ ਦੀ ਕੰਪਨੀ ਵੱਲੋਂ ਗੱਤਕਾ ਤੇ ਸਿੱਖ ਵਿਰਾਸਤ ਦੇ ਯੁੱਧ ਕਲਾ ਨਾਲ ਸਬੰਧਿਤ ਸ਼ਸਤਰਾਂ ਦੀ ਪੇਟੈਂਟ ਕਰਵਾਉਣ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹ ਕਰ ਚੁੱਕੇ ਹਨ, ਜਿਨ੍ਹਾਂ ਵੱਲੋਂ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੂੰ ਪੜਤਾਲ ਕਰਕੇ ਕਾਰਵਾਈ ਕਰਨ ਲਈ ਆਦੇਸ਼ ਦਿੱਤੇ ਗਏ ਹਨ । ਇਸ ਸਮੇਂ 80 ਦੇਸ਼ਾਂ ਦੇ ਭਾਗ ਲੈਣ ਵਾਲੀ ਗੱਲ ਤੇ ਉਸ ਨੇ ਹੱਸਦਿਆਂ ਕਿਹਾ ਕਿ ਅਜੇ ਤੱਕ ਸਾਡੇ ਪਾਸ ਇੰਨੀ ਜ਼ਿਆਦਾ ਮੁਲਕਾਂ ਚ ਗੱਤਕਾ ਟੀਮਾਂ ਹੋਣ ਦਾ ਅੰਕੜਾ ਨਹੀਂ ਪੁੱਜਾ ।

ਦੂਜੇ ਪਾਸੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਤੋਂ ਗੱਤਕੇ ਦੇ ਕੋਚਾਂ ਦੀ ਭਰਤੀ ਬਾਰੇ ਪੁੱਛੇ ਗਏ ਸਵਾਲ ਚ ਉਲਟਾ ਉਨ੍ਹਾਂ ਨੇ ਇਹੋ ਜਵਾਬ ਦਿੱਤਾ ਹੈ ਕਿ ਜਦੋਂ ਗੱਤਕਾ ਨੂੰ ਕੇਂਦਰੀ ਖੇਡ ਮੰਤਰਾਲੇ ਤੋਂ ਮਾਨਤਾ ਹੀ ਨਹੀਂ ਤਾਂ ਕੋਚ ਕਿਉਂ ? ਉਨ੍ਹਾਂ ਵੱਲੋਂ ਅਜਿਹੀ ਖਬਰਾਂ ਦਾ ਖੰਡਨ ਕੀਤਾ ਗਿਆ ।

ਨੋਟ :-ਗੱਤਕਾ ਤੇ ਸ਼ਸਤਰਾਂ ਨੂੰ ਪੇਟੈਂਟ ਕਿਹੜੀ ਕੰਪਨੀ ਨੇ ਕਰਵਾਏ ਤੇ ਕਿਸ ਸਰਕਾਰੀ ਅਥਾਰਟੀ ਨੇ ਪੇਟੈਂਟ ਕੀਤੇ ? ਦਾ ਰਾਜ ਕੱਲ੍ਹ ਭਾਗ ਨੰਬਰ -2 ਖੋਲਾਗੇ