• Home
  • ਸਰਕਾਰ ਨੂੰ ਘੇਰਨ ਦੀ ਤਿਆਰੀ-ਹੁਣ ਪੰਜਾਬ ‘ਚ ਇਨਸਾਫ ਮਾਰਚ ਕਰਨਗੇ ਖਹਿਰਾ

ਸਰਕਾਰ ਨੂੰ ਘੇਰਨ ਦੀ ਤਿਆਰੀ-ਹੁਣ ਪੰਜਾਬ ‘ਚ ਇਨਸਾਫ ਮਾਰਚ ਕਰਨਗੇ ਖਹਿਰਾ

ਚੰਡੀਗੜ : ਆਮ ਆਦਮੀ ਪਾਰਟੀ ਤੋਂ ਮੁਅੱਤਲ ਕਰਨ ਤੋਂ ਬਾਅਦ ਸੁਖਪਾਲ ਖਹਿਰਾ ਧੜੇ ਨੇ ਅੱਜ ਆਪਣੀ ਮੀਟਿੰਗ ਬੁਲਾਈ। ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਤੋਂ ਹਿਸਾਬ ਮੰਗਣ ਲਈ ਹੁਣ ਸੂਬੇ 'ਚ ਇਨਸਾਫ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਤਲਵੰਡੀ ਸਾਬੋ ਤੋਂ ਪਟਿਆਲਾ ਤਕ ਕੱਢਿਆ ਜਾਵੇਗਾ। ਇਸ ਮੋਕੇ ਉਨਾਂ ਨਾਲ 7 ਵਿਧਾਇਕ ਵੀ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਖਹਿਰਾ ਨੇ ਸਾਰੀਆਂ ਹਮਖਿਆਲੀਆਂ ਨੂੰ ਇਸ ਮਾਰਚ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇਹ ਮਾਰਚ ਦਸੰਬਰ 'ਚ ਕੀਤਾ ਜਾਵੇਗਾ। ਉਨਾਂ ਕਿਹਾ ਕਿ ਅਸੀਂ ਬੈਂਸ ਭਰਾਵਾਂ, ਡਾ. ਧਰਮਵੀਰ ਗਾਂਧੀ ਸਮੇਤ ਬਸਪਾ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦੇਵਾਂਗੇ। ਇਸ ਮੌਕੇ ਉਨਾਂ ਕੇਜਰੀਵਾਲ ਦੇ ਉਸ ਬਿਆਨ ਨੂੰ ਵੀ ਨਿਸ਼ਾਨਾ ਬਣਾਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਵਿਚ ਪ੍ਰਦੂਸ਼ਣ ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣ ਕਾਰਨ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦਾ ਧੂੰਆਂ ਦਿੱਲੀ ਵਲ ਨਹੀਂ ਜਾ ਸਕਦਾ ਸਗੋਂ ਪਾਕਿਸਤਾਨ 'ਚ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੇ ਪਰਾਲੀ ਬਹੁਤ ਘਟ ਸਾੜੀ ਹੈ।
ਇਸ ਮੌਕੇ ਕੰਵਰ ਸੰਧੂ ਨੇ ਕਿਹਾ ਕਿ ਉਨਾਂ ਨੂੰ ਮੁਅੱਤਲ ਕਰਨਾ ਗੈਰ ਸੰਵਿਧਾਨਿਕ ਹੈ। ਇਸ ਮੌਕੇ ਉਨਾਂ ਆਮ ਆਦਮੀ ਪਾਰਟੀ ਦਾ ਸੰਵਿਧਾਨ ਪੜ ਕੇ ਵੀ ਸੁਣਾਇਆ। ਉਨਾਂ ਕਿਹਾ ਕਿ ਸੰਵਿਧਾਨ 'ਚ ਲਿਖਿਆ ਹੈ ਕਿ ਪਾਰਟੀ 'ਚੋਂ ਕੱਢਣ ਤੋਂ ਪਹਿਲਾਂ ਸਬੰਧਤ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਵੇਗਾ ਪਰ ਪਿਛਲੇ ਚਾਰ ਮਹੀਨਿਆਂ 'ਚ ਪਾਰਟੀ ਵਲੋਂ ਉਨਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ ਸਗੋਂ ਵਾਰ ਵਾਰ ਸਾਡੀ ਗੱਲ ਨੂੰ ਅਣਗੌਲਾ ਕੀਤਾ ਗਿਆ।