• Home
  • 5178 ਅਧਿਆਪਕ ਯੂਨੀਅਨ ਵੀ ਸਾਂਝਾ ਅਧਿਆਪਕ ਯੂਨੀਅਨ ਦੇ ਨਾਲ ਖੜੀ ਹੋਈ

5178 ਅਧਿਆਪਕ ਯੂਨੀਅਨ ਵੀ ਸਾਂਝਾ ਅਧਿਆਪਕ ਯੂਨੀਅਨ ਦੇ ਨਾਲ ਖੜੀ ਹੋਈ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਸਰਕਾਰ ਵਲੋਂ ਕੈਬਨਿਟ ਮੀਟਿੰਗ ਵਿੱਚ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਲਗਭਗ ਪਿਛਲੇ 10 ਸਾਲਾਂ ਤੋਂ ਸੇਵਾ ਨਿਭਾ ਰਹੇ ਐਸ.ਐਸ.ਏ/ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਬਹਾਨੇ ਵੱਡੇ ਪੱਧਰ ਤੇ ਤਨਖਾਹ ਕਟੌਤੀ ਸੰਬੰਧੀ ਲਏ ਗਏ ਮਾਰੂ ਫੈਸਲੇ ਦੀ 5178 ਮਾਸਟਰ ਕਾਡਰ ਯੂਨੀਅਨ ਵਲੋਂ ਭਰਪੂਰ ਨਿਖੇਧੀ ਕੀਤੀ ਹੈ।
5178 ਮਾਸਟਰ ਕਾਡਰ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਔਜਲਾ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਦੇ ਨਾਂ ਤੇ ਤਨਖਾਹ ਤੇਂ 70% ਤੱਕ ਦੇ ਕੱਟ ਲਗਾਉਣੇ ਸਰਾਸਰ ਧੱਕਾ ਹੈ। ਇਹਨਾਂ ਅਧਿਆਪਕਾਂ ਨੇ ਆਪਣੇ ਜੀਵਨ ਦਾ ਸੁਨਹਿਰੀ ਸਮਾਂ ਸਿੱਖਿਆ ਵਿਭਾਗ ਤੇ ਇਸ ਵਿੱਚ ਪੜਦੇ ਗਰੀਬ ਘਰਾਂ ਦੇ ਬੱਚਿਆਂ ਦੇ ਭੱਵਿਖ ਬਣਾਉਣ ਵਿੱਚ ਲਾਇਆ ਹੈ ਜਦਕਿ ਸਰਕਾਰ ਵਲੋਂ ਇਹਨਾਂ ਅਧਿਆਪਕਾਂ ਦੀ ਨਿਭਾਈ ਸੇਵਾ ਦਾ ਮੁੱਲ ਪਾਉਣ ਦੀ ਥਾਂ ਇਹਨਾਂ ਦੀ ਤਨਖਾਹ ਕਟੌਤੀ ਕਰਕੇ ਮਰਨ ਤੇ ਮਜਬੂਰ ਕਰ ਰਹੀ ਹੈ। ਇਹ ਫੈਸਲਾ ਠੇਕੇ ਤੇ ਕੰਮ ਕਰਦੇ ਅਧਿਆਪਕਾਂ ਦਾ ਨੀਤੀਗਤ ਕਤਲ ਹੈ, ਜਦਕਿ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਨਿਗੂਣੀਆਂ ਤਨਖਾਹਾਂ ਤੇ ਆਪਣੇ ਘਰਾਂ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ। ਸਰਕਾਰ ਆਪਣੇ ਖਰਚੇ ਤੇ ਕਟੌਤੀ ਕਰਨ ਦੀ ਬਜਾਏ ਮੁਲਾਜ਼ਮਾਂ ਦੀ ਤਨਖਾਹਾਂ ਤੇ ਕੱਟ ਲਗਾ ਕੇ ਖਜਾਨਾ ਭਰਨ ਜਾ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ। ਸਰਕਾਰ ਦੇ ਇਸ ਗੈਰ ਸਵਿੰਧਾਨਿਕ ਫੈਸਲੇ ਦਾ ਸਮੂਹ ਅਧਿਆਪਕ ਵਰਗ ਤਿੱਖਾ ਵਿਰੋਧ ਕਰਦਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਤਨਖਾਹ ਕਟੌਤੀ ਵਾਲੇ ਕਾਲੇ ਕਾਨੂੰਨ ਨੂੰ ਰੱਦ ਕਰਵਾ ਕੇ ਪੂਰੀ ਤਨਖਾਹ ਸਕੇਲ ਤੇ ਰੈਗੂਲਰ ਆਰਡਰ ਜਾਰੀ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।