• Home
  • ਵਿਦੇਸ਼ਾਂ ‘ਚ ਪੰਜਾਬੀਆਂ ਦੇ ‘ਰਾਜੇ’ ਬਣਨ ਤੋਂ ਬਾਅਦ ਕਾਂਗਰਸ ਦੀ ਨਜ਼ਰ ਵੀ ਪੰਜਾਬੀਆਂ ‘ਤੇ ਸਵੱਲੀ ਹੋਈ

ਵਿਦੇਸ਼ਾਂ ‘ਚ ਪੰਜਾਬੀਆਂ ਦੇ ‘ਰਾਜੇ’ ਬਣਨ ਤੋਂ ਬਾਅਦ ਕਾਂਗਰਸ ਦੀ ਨਜ਼ਰ ਵੀ ਪੰਜਾਬੀਆਂ ‘ਤੇ ਸਵੱਲੀ ਹੋਈ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਨੌਜਵਾਨ ਪ੍ਰਧਾਨ ਰਾਹੁਲ ਗਾਂਧੀ ਨੂੰ ਪੰਜਾਬੀਆਂ ਦੀ ਸਮਰਥਾ 'ਤੇ ਪੂਰਨ ਭਰੋਸਾ ਹੈ ਤੇ ਉਹ ਜਾਣਦੇ ਹਨ ਕਿ ਪੰਜਾਬੀ ਜਿਸ ਕੰਮ ਨੂੰ ਕਰਨ ਦੀ ਠਾਣ ਲੈਂਦੇ ਹਨ, ਜਾਨ ਦੇ ਦਿੰਦੇ ਹਨ ਪਰ ਕੰਮ ਅਧੂਰਾ ਨਹੀਂ ਛਡਦੇ।

ਇਸ ਵਿਸ਼ਵਾਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਕਾਂਗਰਸ ਪਾਰਟੀ ਨੇ ਵਿਦੇਸ਼ ਮਾਮਲਿਆਂ ਬਾਰੇ ਵਿੰਗ 'ਚ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਸ ਦਾ ਚੇਅਰਮੈਨ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੂੰ ਨਿਯੁਕਤ ਕੀਤਾ ਗਿਆ ਹੈ ਤੇ ਇਸੇ ਸੈੱਲ ਦੇ ਜਨਰਲ ਸਕੱਤਰ ਮੁਨੀਸ਼ ਤਿਵਾੜੀ ਨੂੰ ਲਾਇਆ ਗਿਆ ਹੈ।

ਭਾਵੇਂ ਸਿਆਸੀ ਪੰਡਿਤਾਂ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਚੜਾਈ ਹੈ। ਵਿਦੇਸ਼ਾਂ ਵਿਚ ਜਿਥੇ ਪੰਜਾਬੀਆਂ ਦੇ ਚੰਗੇ ਬਿਜਨਿਸ ਹਨ ਉਥੇ ਹੀ ਉਥੋਂ ਦੀ ਰਾਜਨੀਤੀ ਵਿਚ ਵੀ ਪੰਜਾਬੀਆਂ ਦਾ ਨਾਂ ਚਲਦਾ ਹੈ ਤੇ ਉਨਾਂ ਦੀ ਵਿਦੇਸ਼ੀ ਸਰਕਾਰਾਂ ਵਿਚ ਚੰਗੀ ਪੁੱਛਗਿੱਛ ਵੀ ਹੈ। ਕਈ ਦੇਸ਼ਾਂ 'ਚ ਤਾਂ ਪੰਜਾਬੀ ਮੰਤਰੀ ਪਦ 'ਤੇ ਵੀ ਬਿਰਾਜਮਾਨ ਹਨ ਜਿਵੇਂ ਕੈਨੇਡਾ ਦੇ ਰੱਖਿਆ ਮੰਤਰੀ ਦਾ ਅਹੁਦਾ ਪੰਜਾਬੀ ਸਿਆਸਤਦਾਨ ਸੱਜਣ ਸਿੰਘ ਕੋਲ ਹੈ। ਸਿਆਸੀ ਮਾਹਰ ਮੰਨਦੇ ਹਨ ਕਿ ਵਿਦੇਸ਼ ਨਾਲ ਜੁੜੇ ਮਾਮਲਿਆਂ ਦੇ ਵਿੰਗ ਦਾ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੂੰ ਲਾ ਕੇ ਰਾਹੁਲ ਗਾਂਧੀ ਨੇ ਦੂਰਅੰਦੇਸ਼ੀ ਤੋਂ ਕੰਮ ਲਿਆ ਹੈ ਕਿਉਂਕਿ ਇਸ ਕਦਮ ਨਾਲ ਵੱਧ ਤੋਂ ਵੱਧ ਐਨ ਆਰ ਆਈ ਕਾਂਗਰਸ ਪਾਰਟੀ ਨਾਲ ਜੁੜਨਗੇ।
ਸਿਆਸੀ ਚਸ਼ਮੇ ਲਾ ਕੇ ਜਿਵੇਂ ਮਰਜ਼ੀ ਦੇਖਿਆ ਜਾਵੇ ਪਰ ਇਹ ਸੱਚ ਹੈ ਕਿ ਰਾਹੁਲ ਗਾਂਧੀ ਸ਼ੁਰੂ ਤੋਂ ਹੀ ਪੰਜਾਬੀਆਂ 'ਤੇ ਭਰੋਸਾ ਕਰਦੇ ਹਨ। ਇਸ ਦੀਆਂ ਅਨੇਕਾਂ ਉਦਾਹਰਣਾਂ ਮਿਲ ਜਾਣਗੀਆਂ ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਵਿਦੇਸ਼ ਮਾਮਲਿਆਂ ਬਾਰੇ ਚੇਅਰਮੈਨ ਬਣਨ ਤੋਂ ਬਾਅਦ ਕਾਂਗਰਸ ਨੂੰ ਕੀ ਲਾਭ ਮਿਲੇਗਾ। ਮੰਨਿਆ ਜਾਂਦਾ ਹੈ ਕਿ ਬਾਜਵਾ ਦੀ ਐਨ ਆਰ ਆਈ ਪੰਜਾਬੀਆਂ ਅੰਦਰ ਚੰਗੀ ਪੁੱਛਗਿੱਛ ਹੈ ਜਿਸ ਕਾਰਨ ਜਿਥੇ ਇਹ ਐਨ ਆਰ ਆਈ ਕਾਂਗਰਸ ਦੀ ਲੋਕ ਸਭਾ ਚੋਣਾਂ 'ਚ ਆਰਥਿਕ ਮਦਦ ਵੀ ਕਰਨਗੇ ਤੇ ਨਾਲ ਹੀ ਹਰ ਤਰਾਂ ਦਾ ਸਮਰਥਨ ਵੀ ਦੇਣਗੇ।