• Home
  • ..ਜਦੋਂ ਕੇਜਰੀਵਾਲ ਦੇ ਪੁਰਾਣੇ ਸਾਥੀ ਯੋਗਿੰਦਰ ਯਾਦਵ ਨੇ ਡਾ ਗਾਂਧੀ ਦੇ ਹੱਕ ਚ ਰੋਡ ਸ਼ੋਅ ਕਰਕੇ ਪਟਿਆਲਾ ਦੀ ਕਿਲੇਬੰਦੀ ਕੀਤੀ

..ਜਦੋਂ ਕੇਜਰੀਵਾਲ ਦੇ ਪੁਰਾਣੇ ਸਾਥੀ ਯੋਗਿੰਦਰ ਯਾਦਵ ਨੇ ਡਾ ਗਾਂਧੀ ਦੇ ਹੱਕ ਚ ਰੋਡ ਸ਼ੋਅ ਕਰਕੇ ਪਟਿਆਲਾ ਦੀ ਕਿਲੇਬੰਦੀ ਕੀਤੀ

ਪਟਿਆਲਾ/ਜ਼ੀਰਕਪੁਰ/ਡੇਰਾਬਸੀ/ਚੰਡੀਗੜ੍ਹ, 8 ਮਈ - ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਚੋਣ ਪ੍ਰਚਾਰ ਨੂੰ ਹੋਰ ਸ਼ਿਖਰਾਂ ਵੱਲ ਲਿਜਾਣ ਲਈ ਅੱਜ ਵਿਸ਼ੇਸ਼ ਤੌਰ 'ਤੇ ਸਵਰਾਜ ਇੰਡੀਆ ਦੇ ਪ੍ਰਧਾਨ ਸ਼੍ਰੀ ਯੋਗੇਂਦਰ ਯਾਦਵ ਨੇ ਡੇਰਾਬਸੀ ਪਹੁੰਚ ਕੇ ਰੋਡ ਸ਼ੋਅ ਕੀਤਾ। ਯੋਗੇਂਦਰ ਯਾਦਵ ਅਤੇ ਡਾ. ਗਾਂਧੀ ਵੱਲੋਂ ਵੱਡੀ ਗਿਣਤੀ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਸਵਾਰ ਆਪਣੇ ਹਮਾਇਤੀਆਂ ਸਮੇਤ ਸਵੇਰ ਤੋਂ ਸ਼ਾਮ ਤੱਕ ਕੀਤੇ ਰੋਡ ਸ਼ੋਅ ਦਾ ਵੱਖ-ਵੱਖ ਥਾਵਾਂ 'ਤੇ ਲੋਕਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ।

ਇਸ ਦੌਰਾਨ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਯੋਗੇਂਦਰ ਯਾਦਵ ਨੇ ਕਿਹਾ ਕਿ ਚੋਣਾਂ ਹਰ ਇੱਕ ਨੇਤਾ ਲਈ ਪੇਪਰਾਂ ਦੇ ਨਤੀਜੇ ਵਾਂਗ ਹੁੰਦੀਆਂ ਹਨ ਕਿ ਜਿਸ ਉਮੀਦਵਾਰ ਨੇ ਜਿੰਨਾਂ ਕੰਮ ਕੀਤਾ ਹੁੰਦਾ ਹੈ ਉਸਨੂੰ ਲੋਕ ਓਨਾਂ ਹੀ ਪਸੰਦ ਕਰਦੇ ਹਨ। ਯੋਗੇਂਦਰ ਯਾਦਵ ਨੇ ਡਾ. ਗਾਂਧੀ ਨੂੰ ਜਿਤਾਉਣ ਲਈ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿਛਲੀ ਵਾਰ ਸਾਲ 2014 ਦੀਆਂ ਚੋਣਾਂ ਵਿੱਚ ਤੁਹਾਡੇ ਲਈ ਡਾ. ਗਾਂਧੀ ਸਿਆਸਤ ਵਿੱਚ ਇੱਕ ਨਵਾਂ ਚਿਹਰਾ ਸੀ, ਇਸਦੇ ਬਾਵਜੂਦ ਤੁਸੀਂ ਡਾ. ਗਾਂਧੀ 'ਤੇ ਯਕੀਨ ਕਰਕੇ ਉਸਨੂੰ ਵੱਡੀ ਗਿਣਤੀ ਵਿੱਚ ਜਿਤਾ ਕੇ ਪਾਰਲੀਮੈਂਟ ਭੇਜਿਆ ਸੀ ਪਰ ਇਸ ਵਾਰ ਡਾ. ਗਾਂਧੀ ਤੁਹਾਡੇ ਲਈ ਨਵਾਂ ਚਿਹਰਾ ਨਹੀਂ ਹੈ ਕਿਉਂਕਿ ਜਿਸ ਵਿਸ਼ਵਾਸ਼ ਦੀ ਚਾਦਰ ਤੁਸੀਂ ਡਾ. ਗਾਂਧੀ ਨੂੰ ਸੌਂਪੀ ਸੀ ਤੁਹਾਡੀ ਉਸ ਚਿੱਟੀ ਚਾਦਰ ਨੂੰ ਗਾਂਧੀ ਨੇ ਇੱਕ ਵੀ ਦਾਗ ਨਹੀਂ ਲੱਗਣ ਦਿੱਤਾ ਅਤੇ ਬੇਦਾਗ ਹੋ ਕੇ ਡਾ. ਗਾਧੀ ਨੇ ਤੁਹਾਡੇ ਲਈ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਲਿਆਂਦੇ ਹਨ। 

ਯੋਗੇਂਦਰ ਯਾਦਵ ਨੇ ਕਿਹਾ ਕਿ ਡਾ. ਗਾਂਧੀ ਨੇ ਪਾਰਲੀਮੈਂਟ ਵਿੱਚ ਸਿਰਫ ਪਟਿਆਲਾ ਹਲਕਾ ਦੇ ਲੋਕਾਂ ਦੀ ਹੀ ਅਵਾਜ਼ ਨਹੀਂ ਚੁੱਕੀ ਸਗੋਂ ਪੰਜਾਬ ਅਤੇ ਦੇਸ਼ ਦੇ ਹਰ ਵਰਗ ਦੇ ਲੋਕਾਂ ਦੇ ਹੱਕਾਂ ਲਈ ਸਵਾਲ ਕੀਤੇ ਹਨ ਭਾਵੇਂ ਉਹ ਸਿੱਖ ਕੌਮ ਲਈ ਵੱਖਰਾ ਸਿੱਖ ਮੈਰਿਜ਼ ਐਕਟ ਬਿੱਲ ਪਾਸ ਕਰਨ ਦੀ ਮੰਗ ਹੋਵੇ, ਦੇਸ਼ ਦੇ ਕਿਸਾਨਾਂ ਦੇ ਹੱਕਾਂ ਦੀ ਅਵਾਜ਼ ਹੋਵੇ, ਬੇਰੁਜ਼ਗਾਰ ਨੌਜਵਾਨਾਂ ਦੇ ਹੱਕਾਂ ਦੀ ਅਵਾਜ਼ ਹੋਵੇ, ਦੇਸ਼ ਦੇ ਡਰਾਈਵਰਾਂ ਦੇ ਹੱਕਾਂ ਦੀ ਅਵਾਜ਼ ਹੋਵੇ, ਦੇਸ਼ ਦੇ ਕਿਸਾਨਾਂ ਦੀ ਅਵਾਜ਼ ਹੋਵੇ ਅਤੇ ਜਾਂ ਫਿਰ ਪੰਜਾਬ ਵਿੱਚੋਂ ਸਿੰਥੈਟਿਕ ਨਸ਼ੇ ਖਤਮ ਕਰਨ ਦੀ ਅਵਾਜ਼ ਹੋਵੇ। ਯੌਗੇਂਦਰ ਯਾਦਵ ਨੇ ਕਿਹਾ ਡਾ. ਗਾਂਧੀ ਨੇ ਪਾਰਲੀਮੈਂਟ ਵਿੱਚ ਜਿਹੜੇ ਸਵਾਲ ਚੁੱਕੇ ਹਨ ਉਹ ਸਵਾਲ 70 ਸਾਲਾਂ ਵਿੱਚ ਕਦੇ ਕਿਸੇ ਮੈਂਬਰ ਪਾਰਲੀਮੈਂਟ ਨੇ ਸੰਸਦ ਵਿੱਚ ਨਹੀਂ ਉਠਾਏ ਅਤੇ ਡਾ. ਗਾਂਧੀ ਦੀ ਅਵਾਜ਼ ਨੂੰ ਨਾ ਨਰਿੰਦਰ ਮੋਦੀ ਦਬਾ ਪਾਇਆ ਹੈ ਨਾ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਅਰਵਿੰਦ ਕੇਜਰੀਵਾਲ ਕਿਉਂਕਿ ਡਾ. ਗਾਂਧੀ ਦੇ ਗਲੇ ਵਿੱਚੋਂ ਹਮੇਸ਼ਾ ਸੱਚ ਨਿਕਲਦਾ ਹੈ ਅਤੇ ਸੱਚ ਦੀ ਅਵਾਜ਼ ਨੂੰ ਕੋਈ ਵੀ ਨਹੀਂ ਦਬਾ ਸਕਦਾ। ਉਹਨਾਂ ਕਿਹਾ ਕਿ ਡਾ. ਗਾਂਧੀ ਬਤੌਰ ਡਾਕਟਰ ਪਿਛਲੇ 40 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਹੁਣ ਪਿਛਲੇ 5 ਸਾਲਾਂ ਤੋਂ ਬਤੌਰ ਮੈਂਬਰ ਪਾਰਲੀਮੈਂਟ ਜੋ ਇਹਨਾਂ ਨੇ ਸੱਚਾ ਤੇ ਸਾਫ ਸੁਥਰਾ ਕਿਰਦਾਰ ਨਿਭਾਇਆ ਹੈ ਉਹ ਪੂਰੇ ਦੇਸ਼ ਦੇ ਲੋਕਾਂ ਲਈ ਇੱਕ ਵਿਲੱਖਣ ਮਿਸਾਲ ਹੈ। ਯੋਗੇਂਦਰ ਯਾਦਵ ਨੇ ਕਿਹਾ ਕਿ ਮੈਂਨੂੰ ਪੂਰਾ ਯਕੀਨ ਹੈ ਕਿ ਪਟਿਆਲਾ ਲੋਕ ਸਭਾ ਹਲਕਾ ਦੇ ਲੋਕ ਸੱਚ ਦੀ ਅਵਾਜ਼ ਬੁਲੰਦ ਕਰਨ ਲਈ ਦੁਬਾਰਾ ਡਾ. ਗਾਂਧੀ ਨੂੰ ਜਿਤਾ ਕੇ ਇੱਕ ਵੱਖਰੀ ਮਿਸਾਲ ਪੈਦਾ ਕਰਨਗੇ ਤਾਂ ਜੋ ਡਾ. ਗਾਂਧੀ ਲੋਕਾਂ ਦੇ ਹੱਕਾਂ ਲਈ ਇਸੇ ਤਰਾਂ ਲੜਦੇ ਰਹਿਣ।

ਯੋਗੇਂਦਰ ਯਾਦਵ ਨੇ ਕਿਹਾ ਚੋਣਾਂ ਦੌਰਾਨ ਸਾਰੇ ਲੀਡਰਾਂ ਨੂੰ ਹੈ ਕਿ ਜਨਤਾ ਨੂੰ ਆਪਣੇ ਕੰਮਾਂ ਦਾ ਹਿਸਾਬ ਦਿਓ ਅਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਦਿਓ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਨੂੰ 2 ਸਾਲ ਬੀਤ ਚੁੱਕੇ ਹਨ ਇਸ ਲਈ ਲੋਕਾਂ ਨੂੰ ਸੱਤਾਧਾਰੀ ਧਿਰ ਦੇ ਆਗੂ ਕੰਮਾਂ ਦਾ ਹਿਸਾਬ ਦੇਣ ਸਵਾਲਾਂ ਦੇ ਜਵਾਬ ਦੇਣ। ਉਹਨਾਂ ਕਿਹਾ ਜਦੋਂ ਇਹਨਾਂ ਰਵਾਇਤੀ ਪਾਰਟੀਆਂ ਨੂੰ ਲੋਕਾਂ ਸਵਾਲ ਪੁੱਛਦੇ ਹਨ ਤਾਂ ਇਹ ਜਾਂ ਤਾਂ ਹਿੰਦੂ ਮੁਸਲਮਾਨ ਮਸਲਾ ਖੜਾ ਕਰ ਦਿੰਦੇ ਹਨ ਅਤੇ ਜਾਂ ਫਿਰ ਹਿੰਦੂਸਤਾਨ ਅਤੇ ਅਤੇ ਪਾਕਿਸਤਾਨ ਦਾ ਮਸਲਾ ਪੇਸ਼ ਕਰ ਦਿੰਦੇ ਹਨ। ਯੋਗੇਂਦਰ ਯਾਦਵ ਨੇ ਕਿਹਾ ਕਿ ਚੋਣ ਕਮਿਸ਼ਨ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਸ਼ਰੇਆਮ ਭਾਜਪਾ ਲਈ ਹੀ ਕੰਮ ਕਰ ਰਿਹਾ ਹੈ ਅਤੇ ਚੋਣ ਕਮਿਸ਼ਨ ਨੇ ਹਿੰਦੂਸਤਾਨ ਦੀ ਜਮਹੂਰੀਅਤ ਅਤੇ ਇੱਜ਼ਤ ਨੂੰ ਢਾਅ ਲਾਈ ਹੈ ਅਤੇ ਚੋਣ ਕਮਿਸ਼ਨ ਪੂਰੇ ਦੇਸ਼ ਨੂੰ ਦੁਨੀਆਂ ਭਰ ਵਿੱਚ ਸ਼ਰਮਸ਼ਾਰ ਕਰ ਰਿਹਾ ਹੈ।

ਇਸ ਦੌਰਾਨ ਲੋਕਾਂ ਨੂੰ ਅਪੀਲ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਉਹਨਾਂ ਨੇ ਪਿਛਲੇ 5 ਸਾਲ ਬਤੌਰ ਮੈਂਬਰ ਪਾਰਲੀਮੈਂਟ ਜਿਸ ਤਰਾਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਪਟਿਆਲਾ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਵੱਡੇ ਵਿਕਾਸ ਕਾਰਜ ਕਰਵਾਏ ਹਨ ਠੀਕ ਉਸੇ ਤਰਾਂ ਜਿੱਤਣ ਉਪਰੰਤ ਇਸ ਵਾਰ ਵੀ ਆਪਣੇ ਹਲਕੇ ਲਈ ਆਪਣੇ ਲੋਕਾਂ ਲਈ ਇਮਾਨਦਾਰੀ ਨਾਲ ਕੰਮ ਕਰਾਂਗਾ।