• Home
  • ਅਨੋਖੀ ਕਹਾਣੀ :- ਲੁਧਿਆਣਾ ਪੁਲਿਸ ਬਨਾਮ ਮਜ਼ਦੂਰ ਖ਼ੁਦਕੁਸ਼ੀ ਤੇ ਮੋਟਰਸਾਈਕਲ :-

ਅਨੋਖੀ ਕਹਾਣੀ :- ਲੁਧਿਆਣਾ ਪੁਲਿਸ ਬਨਾਮ ਮਜ਼ਦੂਰ ਖ਼ੁਦਕੁਸ਼ੀ ਤੇ ਮੋਟਰਸਾਈਕਲ :-

ਗੁਰੂਸਰ ਸੁਧਾਰ( ਲੁਧਿਆਣਾ  (ਗਿੱਲ) -ਲੁਧਿਆਣਾ ਦਿਹਾਤੀ ਪੁਲਿਸ ਨੇ ਰਾਜੋਆਣਾ ਕਲਾਂ ਦੇ ਦਲਿਤ ਮਜਦੂਰ ਰਾਮ ਪ੍ਰਕਾਸ਼ ਸਿੰਘ ਦੀ ਖੁੱਦਕਸ਼ੀ ਤੋਂ ਵੀ ਕੋਈ ਸਬਕ ਨਹੀਂ ਸਿਖਿਆ ਹੈ, ਉਹ ਹੁਣ ਇੱਕ ਹੋਰ ਦਲਿਤ ਨੌਜਵਾਨ ਵੱਲੋਂ ਖੁੱਦਕਸ਼ੀ ਕੀਤੇ ਜਾਣ ਦਾ ਇੰਤਜਾਰ ਕਰ ਰਹੀ ਹੈ।ਇੱਕ ਮੋਟਰਸਾਈਕਲ ਦਾ ਖੁਰਾਖੋਜ਼ ਲੱਭਦਿਆਂ ਜਦੋਂ ਰਾਮਪ੍ਰਕਾਸ਼ ਦੀ ਕਿਸੇ ਨੇ ਬਾਂਹ ਨਾ ਫੜੀ ਤਾਂ ਅੱਕੇ ਹੋਏ ਨੇ ਮੌਤ ਨੂੰ ਗਲੇ ਲਾ ਲਿਆ ਸੀ, ਹੁਣ ਲਾਗਲੇ ਪਿੰਡ ਸਹੌਲੀ ਦਾ ਦਲਿਤ ਨੌਜਵਾਨ ਦਵਿੰਦਰ ਵੀ ਪਿਛਲੇ ਕਰੀਬ ਢਾਈ ਸਾਲਾਂ ਤੋਂ ਆਪਣੇ ਮੋਟਰਸਾਈਕਲ ਦਾ ਖੁਰਾਖੋਜ਼ ਲੱਭ ਰਿਹਾ ਹੈ, ਪਰ ਲੁਧਿਆਣਾ ਦਿਹਾਤੀ ਪੁਲਿਸ ਉਸ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ।ਕਿੱਤੇ ਵਜੋਂ ਡੈਂਟਰ ਦਵਿੰਦਰ ਨੇ ਹੁਣ ਤੱਕ ਪਤਾ ਨਹੀਂ ਕਿੰਨੀਆਂ ਗੱਡੀਆਂ-ਮੋਟਰਾਂ ਦੇ ਚਿੱਬ ਕੱਢ ਦਿੱਤੇ ਹਨ, ਪਰ ਜਿਹੜਾ ਚਿੱਬ ਸੁਧਾਰ ਪੁਲਿਸ ਨੇ ਉਸ ਦੀ ਜਿੰਦਗੀ ਵਿੱਚ ਢਾਈ ਸਾਲ ਪਹਿਲਾਂ ਪਾ ਦਿੱਤਾ ਸੀ, ਉਸ ਨੂੰ ਕੱਢਦਿਆਂ ਤਾਂ ਉਸ ਦੇ ਬਾਪੂ ਦੇ ਵੀ ਕੁੱਬ ਪੈ ਗਿਆ ਹੈ।
ਲੁਧਿਆਣਾ ਬਠਿੰਡਾ ਰਾਜ ਮਾਰਗ ‘ਤੇ ਹਿੱਸੋਵਾਲ ਟੋਲ-ਪਲਾਜ਼ਾ ‘ਤੇ ਆਪਣਾ ਮੋਟਰ ਸਾਈਕਲ ਖੜ੍ਹਾਕੇ ਉਹ ਹਰ ਰੋਜ਼ ਆਪਣੇ ਪਰਿਵਾਰ ਲਈ ਰੋਟੀ ਦਾ ਜੁਗਾੜ ਦੇ ਲਈ ਕੰਮ ‘ਤੇ ਜਾਂਦਾ ਸੀ, 25 ਮਈ 2016 ਨੂੰ ਉਸ ਦਾ ਮੋਟਰ ਸਾਈਕਲ PB10FE4184 ਟੋਲ ਪਲਾਜ਼ਾ ਤੋਂ ਚੋਰੀ ਕਾਹਦਾ ਹੋ ਗਿਆ, ਉਸ ਦੀ ਰਾਤਾਂ ਦੀ ਨੀਂਦ ਵੀ ਨਾਲ ਹੌ ਚੋਰੀ ਹੋ ਗਈ।ਇਸ ਚੋਰੀ ਦੀ ਲਿਖਤੀ ਰਿਪੋਰਟ ਦਵਿੰਦਰ ਸਿੰਘ ਨੇ ਥਾਣਾ ਸੁਧਾਰ ਵਿੱਚ ਦੇ ਦਿੱਤੀ ਸੀ।ਪਰ ਪੁਲਿਸ ਨੇ ਉਸ ਨੂੰ ਕਿਹਾ ਕਿ ਹਾਲਾਂ ਕਿ ਟੋਲ ਪਲਾਜ਼ਾ ਦਾਖਾ ਥਾਣੇ ਵਿੱਚ ਪੈਂਦਾ ਹੈ ਪਰ ਅਸੀਂ ਤਾਂ ਵੀ ਤੇਰੀ ਰਿਪੋਰਟ ਲਿਖ ਦਿੱਤੀ ਹੈ।ਦਵਿੰਦਰ ਨੇ ਆਪਣੀ ਤਸੱਲੀ ਲਈ ਇਸ ਦੀ ਰਿਪੋਰਟ ਥਾਣਾ ਦਾਖਾ ਵਿੱਚ ਵੀ ਦੇਣ ਲਈ ਚਾਰਾਜੋਈ ਕੀਤੀ ਪਰ ਇਸ ਕੰਮ ਲਈ ਉਸ ਨੂੰ ਪੰਜ ਦਿਨ ਜੱਫਰ ਜਾਲਣੇ ਪਏ ਆਖਰ 30 ਮਈ ਨੂੰ ਥਾਣਾ ਦਾਖਾ ਦੇ ਮੁਨਸ਼ੀ ਨੇ ਵੀ ਉਸ ਦੀ ਅਰਜੀ ਫੜ੍ਹਕੇ ਉਸ ਉਪਰ ਮਣਾਂਮੂਹੀਂ ਅਹਿਸਾਨ ਕਰ ਦਿੱਤਾ। ਸਦਕੇ ਜਾਈਏ ਪੁਲਿਸ ਦੀ ਕਾਰਗੁਜ਼ਾਰੀ ਦੇ ਇਹ ਚੋਰੀ ਦਾ ਮਾਮਲਾ ਅੱਜ 837 ਦਿਨ ਬੀਤ ਜਾਣ ਬਾਅਦ ਵੀ ਕਿਧਰੇ ਦਰਜ਼ ਨਹੀਂ ਹੋਇਆ।
ਕਰੀਬ 13 ਮਹੀਨਿਆਂ ਬਾਅਦ ਦਵਿੰਦਰ ਦੀਆਂ ਅੱਖਾਂ ਵਿੱਚ ਉਸ ਸਮੇਂ ਚਮਕ ਦਿਖਾਈ ਦਿੱਤੀ ਜਦੋਂ ਉਸ ਨੂੰ ਆਪਣਾ ਚਾਵਾਂ ਨਾਲ ਖਰੀਦਆ ਮੋਟਰ ਸਾਈਕਲ ਮੁਲਾਂਪੁਰ ਦੀਆਂ ਸੜਕਾਂ ‘ਤੇ ਘੁੰਮਦਾ ਦਿਖਾਈ ਦਿੱਤਾ।ਆਖਰ ਉਸ ਨੇ ਮੋਟਰ ਸਾਈਕਲ ਦਾ ਨਵਾਂ ਘਰ ਅਤੇ ਆਪੇ ਬਣਿਆ ਨਵਾਂ ਮਾਲਕ ਜਗਸੀਰ ਸਿੰਘ ਵੀ ਲੱਭ ਲਿਆ ਸੀ, ਉਸ ਸੱਜਣ ਨੇ ਨਵੀਂ ਕਹਾਣੀ ਸੁਣਾ ਦਿੱਤੀ ਕਿ ਇਹ ਤਾਂ ਉਸ ਨੂੰ ਸੜਕ ਕਿਨਾਰੇ ਭੰਗ ਮਲਦੇ “ਨਸ਼ੇੜੀਆਂ” ਤੋਂ ਮਿਲਿਆ ਹੈ।ਪਰ ਉਸ ਨੇ ਇਸ ਦੀ ਸੂਚਨਾ ਨਾ ਥਾਣੇ ਦੇਣ ਦੀ ਖੇਚਲ ਕੀਤੀ ਅਤੇ ਨਾ ਹੀ ਉਸ ਦੇ ਅਸਲ ਮਾਲਕ ਨੂੰ।ਹੁਣ ਬੈਠੇ ਬਿਠਾਏ ਚੋਰੀ ਦਾ ਮਾਮਲਾ ਆਪਣੇ ਆਪ ਹੀ ਹੱਲ ਹੋ ਜਾਣ ਤੋਂ ਖੁੱਸ਼ੀ ਨਾਲ ਫੁੱਲੀ ਪੁਲਿਸ ਨੇ ਜਦੋਂ ਆਪਣਾ “ਟੌਰਾ” ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਤਾਂ “ਚਤਰ ਸੁਜਾਣ” ਇਸ ਨਵੇਂ ਮਾਲਕ ਨੇ ਪੁਲਿਸ ਨੂੰ ਹੀ ਘੁੰਮਣ ਘੇਰੀਆਂ ਵਿੱਚ ਪਾ ਕੇ ਹੱਥ ਖੜ੍ਹੇ ਕਰਵਾ ਦਿੱਤੇ ਪਰ ਮੋਟਰ ਸਾਈਕਲ ਨੂੰ ਹੱਥ ਨਾ ਲਾਉਣ ਦਿੱਤਾ।ਪਿਛਲੇ ਢਾਈ ਸਾਲਾਂ ਤੋਂ ਦਵਿੰਦਰ ਤਾਂ ਮੋਟਰ ਸਾਈਕਲ ਦੀ ਕੇਵਲ ‘ਆਰਸੀ’ ਲੈ ਕੇ ਘੁੰਮ ਰਿਹਾ ਹੈ ਜਦਕਿ ਆਪੇ ਬਣਿਆ ਨਵਾਂ ਮਾਲਕ ਜਗਸੀਰ ਸਿੰਘ ਬਿਨ੍ਹਾਂ ਕਿਸੇ ਕਾਗਜ਼ ਪੱਤਰ ਦੇ ਧੜੱਲੇ ਨਾਲ ਮੋਟਰ ਸਾਈਕਲ ਲੈ ਕੇ ਘੁੰਮਦਾ ਹੈ।
ਰਾਜੋਆਣਾ ਕਲਾਂ ਦੇ ਰਾਮਪ੍ਰਕਾਸ਼ ਵਾਂਗ ਸਹੌਲੀ ਵਾਸੀ ਦਵਿੰਦਰ ਨੇ ਵੀ ਹਲਕੇ ਦੇ ਕਈ ਸਿਰਕੱਢ ਕਾਂਗਰਸੀ ਆਗੂਆਂ ਤੱਕ ਪਹੁੰਚ ਕਰਕੇ ਚਾਰਾਜੋਈਆਂ ਕੀਤੀਆਂ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਬਾਦਲਾਂ ਦਾ ਕੋਈ “ਬਦਲ” ਨਹੀਂ ਦਿੱਤਾ।ਪਰਣਾਲਾ ਉਥੇ ਦਾ ਉਥੇ ਹੀ ਹੈ।ਆਖਰ ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਜ਼ ਫੈਡਰੇਸ਼ਨ ਦੇ ਰਾਸ਼ਟਰੀ ਆਗੂ ਸੰਤੋਖ ਗਿੱਲ ਸਮੇਤ ਸਾਬਕਾ ਵਿਧਾਇਕ ਅਤੇ ਭੱਠਾ ਮਜਦੂਰਾਂ ਦੇ ਆਗੂ ਤਰਸੇਮ ਜੋਧਾਂ ਨੇ ਐਸ.ਐਸ.ਪੀ ਲੁਧਿਆਣਾ ਦਿਹਾਤੀ ਵਰਿੰਦਰ ਸਿੰਘ ਬਰਾੜ ਦੇ ਧਿਆਨ ਵਿੱਚ ਲਿਆ ਕੇ ਮਾਮਲੇ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ ਪਰ ਇਸ ਦੇ ਬਾਵਜੂਦ ਪੁਲਿਸ ਦੀ ਚਾਲ ਪਹਿਲਾਂ ਤੋਂ ਵੀ ਮੱਠੀ ਹੋ ਗਈ, ਉਨ੍ਹਾਂ ਹੋਰ ਇੰਤਜਾਰ ਕਰਨ ਦੇ ਰਾਹ ਪਾ ਦਿੱਤਾ ਹੈ।

ਇਸੇ ਦੌਰਾਨ ਪਤਾ ਲੱਗਾ ਹੈ ਕਿ ਦਾਖਾ ਅਤੇ ਸੁਧਾਰ ਥਾਣਾ ਖੇਤਰਾਂ ਵਿੱਚ ਹੋਰ ਵੀ ਅਨੇਕਾਂ ਦੋ ਪਹੀਆਂ ਵਾਹਨ ਚੋਰੀ ਤਾਂ ਹੋ ਗਏ ਹਨ ਪਰ ਪੁਲਿਸ ਚੋਰੀਆਂ ਮੰਨਣ ਨੂੰ ਤਿਆਰ ਹੀ ਨਹੀਂ ਹੈ।ਪਤਾ ਲੱਗਾ ਹੈ ਕਿ ਇਸੇ ਪਰਿਵਾਰ ਦਾ ਇੱਕ ਹੋਰ ਮੋਟਰਸਾਈਕਲ ਚੋਰੀ ਹੋਏ ਨੂੰ ਸਾਲ ਹੋ ਗਿਆ ਹੈ, ਸ਼ਾਇਦ ਪੁਲਿਸ ਉਡੀਕਦੀ ਹੈ ਕਿ ਉਸ ਮੋਟਰਸਾਈਕਲ ਉਪਰ “ਵਿਸਫੋਟ” ਰੱਖ ਕੇ ਜਲੰਧਰ ਦੇ ਮਕਸੂਦਾਂ ਵਾਲੇ ਥਾਣੇ ਵਾਂਗ ਕੋਈ ਬਾਹਰ ਖੜ੍ਹਾ ਕਰ ਜਾਵੇਗਾ ?