• Home
  • ਗੱਤਕਾ ਤੇ ਸਿੱਖ ਸ਼ਸਤਰਾਂ ਨੂੰ ਨਿੱਜੀ ਮਾਲਕੀ ਵਜੋਂ ਪੇਟੇਂਟ ਕਰਵਾਉਣ ਦਾ ਢੀਂਡਸਾ ਨੇ ਲਿਆ ਸਖ਼ਤ ਨੋਟਿਸ -ਸ੍ਰੀ ਅਕਾਲ ਤਖਤ ਸਾਹਿਬ ਨੂੰ ਦਖ਼ਲ ਦੇਣ ਦੀ ਅਪੀਲ

ਗੱਤਕਾ ਤੇ ਸਿੱਖ ਸ਼ਸਤਰਾਂ ਨੂੰ ਨਿੱਜੀ ਮਾਲਕੀ ਵਜੋਂ ਪੇਟੇਂਟ ਕਰਵਾਉਣ ਦਾ ਢੀਂਡਸਾ ਨੇ ਲਿਆ ਸਖ਼ਤ ਨੋਟਿਸ -ਸ੍ਰੀ ਅਕਾਲ ਤਖਤ ਸਾਹਿਬ ਨੂੰ ਦਖ਼ਲ ਦੇਣ ਦੀ ਅਪੀਲ

  ਚੰਡੀਗੜ 16 ਮਾਰਚ (  ਬਿਊਰੋ    ) ਰਾਜ ਸਭਾ ਮੈਂਬਰ, ਸੀਨੀਅਰ ਅਕਾਲੀ ਨੇਤਾ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ (ਰਜ਼ਿ.) ਦੇ ਚੇਅਰਮੈਨ ਸੁਖਦੇਵ ਸਿੰਘ ਢੀਂਡਸਾ ਦਿੱਲੀ ਦੀ ਇੱਕ ਕੰਪਨੀ ਵੱਲੋਂ ਸਿੱਖ ਸ਼ਸਤਰ ਕਲਾ ਅਤੇ ਗੱਤਕੇ ਦੇ ਨਾਮ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਰਜਿਸਟਰਡ (ਪੇਟੈਂਟ) ਕਰਾਉਣ ਦੀ ਸਖਤ ਨਿਖੇਧੀ ਨਿੰਦਾ ਕੀਤੀ ਹੈ। ਊਨਾਂ ਕਿਹਾ ਕਿ ਗੱਤਕਾ ਅਤੇ ਸ਼ਸ਼ਤਰ ਵਿੱਦਿਆ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਨੂੰ ਬਖਸ਼ੀ ਹੋਈ ਅਮੁੱਲੀ ਦਾਤ ਹੈ ਅਤੇ ਪੁਰਾਤਨ ਸਿੱਖ ਇਤਿਹਾਸ ਤੇ ਵਿਰਾਸਤ ਨਾਲ ਜੁੜੀ ਹੋਈ ਸਮੁੱਚੀ ਕੌਮ ਦੀ ਮਾਣਮੱਤੀ ਤੇ ਪੁਰਾਤਨ ਖੇਡ ਹੈ ਜਿਸ ਦਾ ਮਾਲਕ ਕੋਈ ਵੀ ਨਹੀਂ ਬਣ ਸਕਦਾ ਅਤੇ ਨਾ ਹੀ ਕੋਈ ਇਸ ਨੂੰ ਰਜਿਸਟਰਡ ਜਾਂ ਪੇਟੈਂਟ ਕਰਵਾ ਸਕਦਾ ਹੈ।

ਅੱਜ ਇੱਥੇ ਇੱਕ ਬਿਆਨ ਵਿੱਚ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਚੇਅਰਮੈਨ ਸੁਖਦੇਵ ਸਿੰਘ ਢੀਂਡਸਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕੰਪਨੀ ਕਾਨੂੰਨ ਤਹਿਤ ਰਜਿਸਟਰਡ ਇੱਕ ਨਿੱਜੀ ਫਰਮ ਵੱਲੋਂ ਗੱਤਕਾ ਅਤੇ ਸਿੱਖ ਸ਼ਸਤਰ ਕਲਾ ਦੇ ਨਾਵਾਂ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣਾ ਸਮਝ ਤੋਂ ਪਰੇ ਹੈ ਜੋ ਕਿ ਸਿੱਖੀ ਅਤੇ ਸਿੱਖ ਇਤਿਹਾਸ ਨਾਲ ਕੋਝਾ ਮਜਾਕ ਹੈ। ਅਜਿਹੇ ਵਿਅਕਤੀ ਦਾ ਇਹ ਕਦਮ ਸਿੱਖ ਧਰੋਹਰ ’ਤੇ ਕਬਜਾ ਕਰਨ ਬਰਾਬਰ ਹੈ ਜੋ ਕਿ ਮੰਦਭਾਗੀ ਗੱਲ ਹੈ ਅਤੇ ਕੋਈ ਵੀ ਸਿੱਖ ਇਸ ਨੂੰ ਸਹਿਣ ਨਹੀਂ ਕਰ ਸਕਦਾ।

ਸਾਬਕਾ ਕੇਂਦਰੀ ਮੰਤਰੀ ਢੀਂਡਸਾ ਕਿਹਾ ਕਿ ਸਿੱਖ ਸ਼ਸ਼ਤਰ ਕਲਾ ਦਾ ਗੁਰ ਇਤਿਹਾਸ, ਗੁਰਬਾਣੀ ਤੇ ਸਿੱਖ ਸੱਭਿਆਚਾਰ ਨਾਲ ਸਬੰਧ ਹੋਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਸ ਧਾਰਮਿਕ ਮੁੱਦੇ ਉਪਰ ਦਖਲ ਦੇ ਕੇ ਇਨਾਂ ਦੋਵਾਂ ਟਰੇਡ ਮਾਰਕਾਂ ਦੀ ਮਾਲਕੀਅਤੀ ਨੂੰ ਤੁਰੰਤ ਰੱਦ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਜਿਹੀ ਵਿਵਸਥਾ ਕਾਇਮ ਕੀਤੀ ਜਾਵੇ ਕਿ ਭਵਿੱਖ ਵਿੱਚ ਵੀ ਕੋਈ ਸ਼ਖਸ਼ ਸਿੱਖ ਧਰੋਹਰ ‘ਤੇ ਅਜਿਹਾ ਕਬਜਾ ਕਰਨ ਜਾਂ ਉਸ ਨੂੰ ਵੇਚਣ ਜਾਂ ਉਸ ਰਾਹੀਂ ਪੈਸਾ ਕਮਾਉਣ ਦੀ ਖੁੱਲ ਕਿਸੇ ਨੂੰ ਵੀ ਨਾ ਦਿੱਤੀ ਜਾਵੇ।

ਇਸੇ ਦੌਰਾਨ ਸ੍ਰੀ ਢੀਂਡਸਾ ਨੇ ਇਹ ਵੀ ਕਿਹਾ ਕਿ ਦਿੱਲੀ ਵਿਖੇ ਮਾਰਚ ਮਹੀਨੇ ਇਸੇ ਨਿੱਜੀ ਫਰਮ ਵੱਲੋਂ ਕਰਵਾਈ ਜਾ ਰਹੀ ‘ਵਰਲਡ ਗੱਤਕਾ ਲੀਗ’ ਨਾਲ ਵਿਸ਼ਵ ਗੱਤਕਾ ਫੈਡਰੇਸ਼ਨ ਦਾ ਕੋਈ ਸਬੰਧ ਨਹੀਂ ਅਤੇ ਨਾ ਹੀ ਇਸ ਗੱਤਕਾ ਲੀਗ ਨੂੰ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਕੋਈ ਮਾਨਤਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਥਾਪਤ ਖੇਡ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਕਿਸੇ ਵੀ ਪੱਧਰ ਦਾ ਕੌਮੀ ਜਾਂ ਕੌਮਾਂਤਰੀ ਟੂਰਨਾਮੈਂਟ ਸਿਰਫ ਉਸ ਖੇਡ ਦੀ ਸਬੰਧਿਤ ਵਿਸ਼ਵ ਖੇਡ ਫੈਡਰੇਸ਼ਨ ਜਾਂ ਰਾਸ਼ਟਰੀ ਖੇਡ ਫੈਡਰੇਸ਼ਨ ਦੀ ਨਿਗਰਾਨੀ ਅਤੇ ਅਗਵਾਈ ਹੇਠ ਹੀ ਕਰਵਾਇਆ ਜਾ ਸਕਦਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨੈਸ਼ਨਲ ਸਪੋਰਟਸ ਕੋਡ ਅਤੇ ਭਾਰਤੀ ਓਲੰਪਿਕ ਚਾਰਟਰ ਵੀ ਇਸ ਸਬੰਧੀ ਸਪੱਸ਼ਟ ਹੈ।