• Home
  • ਬੱਚਿਆਂ ਨੂੰ ਵਿੱਦਿਆ ਦੇ ਕੇ ਸਮਰੱਥ ਬਣਾਉਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ: ਖੱਟਕ

ਬੱਚਿਆਂ ਨੂੰ ਵਿੱਦਿਆ ਦੇ ਕੇ ਸਮਰੱਥ ਬਣਾਉਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ: ਖੱਟਕ

ਫ਼ਾਜ਼ਿਲਕਾ, 14 ਅਪ੍ਰੈਲ: ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ, ਯੁਗ ਪੁਰਸ਼ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਦਾ 128ਵਾਂ ਜਨਮ ਦਿਹਾੜਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ਼੍ਰੀ ਸੁਭਾਸ਼ ਖੱਟਕ ਐਸ.ਡੀ.ਐਮ ਫ਼ਾਜ਼ਿਲਕਾ, ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਬਾਬਾ ਸਾਹਿਬ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤੀ ਗਈ।ਆਪਣੇ ਸੰਬੋਧਨ ਦੌਰਾਨ ਜੁੜੇ ਲੋਕਾਂ ਨੂੰ ਇਸ ਸ਼ੁਭ ਦਿਹਾੜੇ 'ਤੇ ਵਧਾਈ ਦਿੰਦਿਆਂ ਸ਼੍ਰੀ ਸੁਭਾਸ਼ ਖੱਟਕ ਨੇ ਡਾ. ਅੰਬੇਦਕਰ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, ''ਆਜ਼ਾਦੀ ਮਗਰੋਂ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣਨ ਵਾਲੇ ਡਾ. ਅੰਬੇਦਕਰ ਦੇ ਜੀਵਨ ਦਾ ਇੱਕ ਖ਼ਾਸ ਪਹਿਲੂ ਇਹ ਹੈ ਕਿ ਉਹ ਆਪਣੀ ਵਿੱਦਿਆ ਕਰਕੇ ਉਸ ਵੇਲੇ ਸਮਾਜ ਦਾ ਟਾਕਰਾ ਕਰਨ ਦੇ ਸਮਰੱਥ ਹੋ ਸਕੇ। ਜਿਸ ਜ਼ਮਾਨੇ ਵਿੱਚ ਬਾਬਾ ਸਾਹਿਬ ਵਿਚਰੇ, ਉਦੋਂ ਦੇਸ਼ ਗ਼ੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਪਿਆ ਸੀ। ਜੇ ਡਾ. ਅੰਬੇਦਕਰ ਨੇ ਇਨ੍ਹਾਂ ਜੰਜ਼ੀਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਪਿੱਛੇ ਉਨ੍ਹਾਂ ਵੱਲੋਂ ਹਾਸਲ ਕੀਤੀ ਵਿੱਦਿਆ ਅਤੇ ਦੁਨਿਆਵੀ ਗਿਆਨ ਬਹੁਤ ਮਾਅਨੇ ਰੱਖਦਾ ਹੈ।'' ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਨੇ ਪੰਜ ਵਿਸ਼ਿਆਂ ਵਿਚ ਐਮ.ਏ., ਪੀ.ਐੱਚ.ਡੀ., ਡੀ.ਐੱਸ.ਸੀ. ਐੱਲ.ਐੱਲ.ਡੀ., ਡੀ.ਲਿੱਟ ਅਤੇ ਬਾਰ.ਐਟ ਲਾਅ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ, ਜਿਨ੍ਹਾਂ ਸਦਕਾ ਉਹ ਸਮਾਜਿਕ ਬੁਰਾਈਆਂ ਵਿਰੁੱਧ ਡਟਣ ਦਾ ਤਹੱਈਆ ਕਰ ਸਕੇ ਅਤੇ ਸਾਨੂੰ ਬਣਦੇ ਹਕੂਕ ਦਿਵਾ ਸਕੇ। ਉਨ੍ਹਾਂ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬਾਬਾ ਸਾਹਿਬ ਵਾਂਗ ਉਚੇਰੀ ਵਿੱਦਿਆ ਦਾ ਦਾਨ ਦੇਣ ਤਾਂ ਜੋ ਇਹ ਬੱਚੇ ਵੱਡੇ ਹੋ ਕੇ ਸਮਾਜਿਕ ਕੁਰੀਤੀਆਂ ਵਿਰੁੱਧ ਡਟ ਸਕਣ ਅਤੇ ਆਪਣੇ ਬਣਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਸਕਣ।ਗਜ਼ਟਿਡ/ਨਾਨ ਗਜ਼ਟਿਡ ਐਸ.ਸੀ./ਬੀ.ਸੀ. ਇੰਪਲਾਈਜ਼ ਫ਼ੈਡਰੇਸ਼ਨ ਫ਼ਾਜਿਲਕਾ ਦੇ ਚੇਅਰਮੈਨ ਸ਼੍ਰੀ ਠਾਕਰ ਦਾਸ (ਸੇਵਾ ਮੁਕਤ ਐਸ.ਡੀ.ਓ.) ਨੇ ਆਪਣੇ ਸੰਬੋਧਨ ਵਿੱਚ ਜਿਥੇ ਬਾਬਾ ਸਾਹਿਬ ਵੱਲੋਂ ਨਾਰੀ ਸਸ਼ਕਤੀਕਰਨ ਲਈ ਪਾਏ ਗਏ ਵਡਮੁੱਲੇ ਯੋਗਦਾਨ ਬਾਰੇ ਦੱਸਿਆ, ਉਥੇ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵੱਲੋਂ ਬਾਬਾ ਸਾਹਿਬ ਦੇ ਨਕਸ਼ੇ-ਕਦਮ 'ਤੇ ਚਲਣ ਅਤੇ ਉਨ੍ਹਾਂ ਦੇ ਨਾਂ 'ਤੇ ਵਜ਼ੀਫ਼ਾ ਸਕੀਮ ਸ਼ੁਰੂ ਕਰਨ ਬਾਰੇ ਵੀ ਜਾਣੂ ਕਰਵਾਇਆ। ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਅਤੇ ਸਟੇਜ ਸਕੱਤਰ ਸ਼੍ਰੀ ਪੰਮੀ ਸਿੰਘ ਨੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਵੰਗਾਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਇਸ ਕਾਬਿਲ ਬਣਾਉਣ ਕਿ ਡਾ. ਅੰਬੇਦਕਰ ਨੂੰ ਅੰਗਰੇਜ਼ੀ ਸਾਮਰਾਜ ਵੱਲੋਂ ਉਨ੍ਹਾਂ ਦੀ ਵਿਦਿਆ ਮੁਤਾਬਕ ਨੌਕਰੀਆਂ ਦੇਣ ਵਾਂਗ ਹੀ ਸਮੇਂ ਦੀਆਂ ਹਕੂਮਤਾਂ ਸਾਡੇ ਬੱਚਿਆਂ ਨੂੰ ਉਨ੍ਹਾਂ ਦੀ ਵਿੱਦਿਅਕ ਲਿਆਕਤ ਅਨੁਸਾਰ ਖ਼ੁਦ ਨੌਕਰੀਆਂ ਦੀ ਪੇਸ਼ਕਸ਼ ਕਰਨ।ਇਸ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਾਲੋ ਵਾਲੀ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸਰਬਜੀਤ ਕੌਰ ਨੇ ਪੰਜਾਬੀ ਕਵੀ ਸ਼੍ਰੀ ਗੁਰਦਾਸ ਰਾਮ ਆਲਮ ਦੀ ਕਵਿਤਾ ''ਬੜਾ ਸ਼ੋਰ ਪੈਂਦਾ ਗ਼ਰੀਬਾਂ ਦੇ ਵਿਹੜੇ'' ਪੜ੍ਹੀ, ਜਿਸ 'ਤੇ ਲੋਕਾਂ ਨੇ ਖ਼ੂਬ ਤਾੜੀਆਂ ਵਜਾਈਆਂ। ਅਖ਼ੀਰ ਵਿੱਚ ਜ਼ਿਲ੍ਹਾ ਭਲਾਈ ਅਫ਼ਸਰ ਸ਼੍ਰੀ ਬਰਿੰਦਰ ਸਿੰਘ ਨੇ ਸਮਾਗਮ ਦੌਰਾਨ ਜੁੜੇ ਲੋਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ. ਕੁਲਵੰਤ ਸਿੰਘ, ਡੀ.ਐਸ.ਪੀ. ਫ਼ਾਜ਼ਿਲਕਾ ਸ਼੍ਰੀ ਨਿਰਮਲ ਸਿੰਘ, ਬੀ.ਡੀ.ਪੀ.ਓ ਖੂਈਆਂ ਸਰਵਰ ਸ. ਜਸਵੰਤ ਸਿੰਘ, ਕਾਨੂੰਨਗੋ ਸ਼੍ਰੀ ਵਰਿੰਦਰ ਕੁਮਾਰ, ਤਹਿਸੀਲ ਭਲਾਈ ਅਫ਼ਸਰ ਸ. ਸੁਰਜੀਤ ਸਿੰਘ, ਮਿਊਂਸੀਪਲ ਕਮੇਟੀ ਫ਼ਾਜ਼ਿਲਕਾ ਦੇ ਕਾਰਜਸਾਧਕ ਅਫ਼ਸਰ ਸ਼੍ਰੀ ਸੁਖਦੇਵ ਸਿੰਘ, ਲੈਕਚਰਾਰ ਸ਼੍ਰੀ ਸੰਦੀਪ ਝੀਂਜਾ ਅਤੇ ਅੰਬੇਦਕਰ ਮਿਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੁਭਾਸ਼ ਚੰਦਰ, ਜ਼ਿਲ੍ਹਾ ਸਕੱਤਰ ਸ਼੍ਰੀ ਰਾਮ ਚੰਦਰ, ਮੀਤ ਪ੍ਰਧਾਨ ਸ਼੍ਰੀ ਪ੍ਰੇਮ ਚੰਦ, ਸ਼੍ਰੀ ਅਸ਼ਵਨੀ ਬਿੱਟੂ, ਤਹਿ ਪ੍ਰਧਾਨ ਸ਼੍ਰੀ ਸੰਦੀਪ, ਸਲਾਹਕਾਰ ਸ਼੍ਰੀ ਮੋਹਨ ਲਾਲ ਹਿੰਦੀ ਮਾਸਟਰ, ਸ਼੍ਰੀ ਪ੍ਰੇਮ ਕੁਮਾਰ, ਸ. ਅਜੀਤ ਸਿੰਘ, ਸਹਿਕਾਰੀ ਬੈਂਕ ਰਾਣਾ ਦੇ ਮੈਨੇਜਰ ਸ਼੍ਰੀ ਕਿਸ਼ਨ ਲਾਲ ਸਿਸੋਦੀਆ, ਸ਼੍ਰੀ ਇੰਦਰ ਮੋਹਨ ਪਟਵਾਰੀ, ਸ਼੍ਰੀ ਮਨੋਹਰ ਲਾਲ ਕਾਨੂੰਨਗੋ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।