• Home
  • ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ ‘ਚ ਵਾਧੇ ਦਾ ਵਿਰੋਧ-ਸਿਹਤ ਮੰਤਰੀ ਨੂੰ ਮਿਲਕੇ ਗਿਣਾਏ ‘ਨੁਕਸਾਨ’

ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ ‘ਚ ਵਾਧੇ ਦਾ ਵਿਰੋਧ-ਸਿਹਤ ਮੰਤਰੀ ਨੂੰ ਮਿਲਕੇ ਗਿਣਾਏ ‘ਨੁਕਸਾਨ’

ਚੰਡੀਗੜ੍ਹ, 12 ਜੂਨ :-ਨਵੇਂ ਨਿਯੁਕਤ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਰਕਾਰੀ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ ਵਿੱਚ ਵਾਧਾ ਕਰਨ ਦੇ ਬਿਆਨ ਤੋਂ ਦੋ ਦਿਨ ਬਾਅਦ ਹੀ ਇਸ ਤਜਵੀਜ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸਰਕਾਰੀ ਡਾਕਟਰਾਂ ਦੀ ਖੁਦ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਨੇ ਹੀ ਇਸ ਦਾ ਵਿਰੋਧ ਕਰਦਿਆਂ ਸਿਹਤ ਮੰਤਰੀ ਨੂੰ ਚੰਡੀਗੜ੍ਹ ਸਥਿਤ ਉਹਨਾਂ ਦੀ ਰਿਹਾਇਸ਼ 'ਤੇ ਮਿਲ ਕੇ ਸੇਵਾ ਮੁਕਤੀ ਦੀ ਉਮਰ ਹੱਦ ਵਿੱਚ ਵਾਧੇ ਦੇ 'ਨੁਕਸਾਨ' ਗਿਣਾਉਂਦਿਆਂ ਅਜਿਹੀ ਤਜਵੀਜ 'ਤੇ ਅਮਲ ਨਾ ਕਰਨ ਦਾ ਵਾਸਤਾ ਪਾਇਆ ਹੈ।

ਡਾਕਟਰਾਂ ਦੇ ਡੈਲੀਗੇਟ ਵਿੱਚ ਸ਼ਾਮਿਲ ਸੂਬਾ ਪ੍ਰਧਾਨ ਡਾ ਗਗਨਦੀਪ ਸਿੰਘ, ਜਨਰਲ ਸਕੱਤਰ ਡਾ ਮਨੋਹਰ ਸਿੰਘ, ਡਾ ਇੰਦਰਵੀਰ ਸਿੰਘ ਗਿੱਲ, ਡਾ. ਹਰਪ੍ਰੀਤ ਸੇਖੋਂ, ਡਾ ਰਣਜੀਤ ਸਿੰਘ ਰਾਏ, ਡਾ. ਰਛਪਾਲ ਸਿੰਘ ਰਟੌਲ ਤੇ ਡਾ ਸ਼ਮਿੰਦਰ ਸਿੰਘ ਕੰਗ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਡਾਕਟਰਾਂ ਦੀ ਰਿਟਾਇਰਮੈਂਟ ਦੀ ਉਮਰ ਹੱਦ 58 ਸਾਲ ਤੋਂ 65 ਸਾਲ ਕਰਨ ਨਾਲ ਪ੍ਰਬੰਧਕੀ ਤੇ ਪ੍ਰਸ਼ਾਸਨਿਕ ਕੰਮ ਉਲਝ ਜਾਵੇਗਾ। ਉਹਨਾਂ ਮੰਤਰੀ ਨੂੰ ਦੱਸਿਆ ਕਿ ਹਰੇਕ ਡਾਕਟਰਾਂ ਨੂੰ ਆਪਣੀ ਪਹਿਲੀ ਤਰੱਕੀ ਬਤੌਰ ਐਸ.ਐਮ.ਓ. ਲੈਣ ਲਈ 25 ਸਾਲ ਦੇ ਕਰੀਬ ਇੰਤਜ਼ਾਰ ਕਰਨਾ ਪੈਂਦਾ ਹੈ। ਉਮਰ ਹੱਦ ਵਧਾਉਣ ਨਾਲ ਉਹਨਾਂ ਨੂੰ 7 ਸਾਲ ਹੋਰ ਇੰਤਜ਼ਾਰ ਕਰਨਾ ਪਵੇਗਾ। ਉਹਨਾਂ ਕਿਹਾ ਕਿ ਸਰਕਾਰ ਕੋਲ ਸਿਹਤ ਵਿਭਾਗ ਦੇ ਪ੍ਰਬੰਧਕੀ ਤੇ ਪ੍ਰਸ਼ਾਸਨਿਕ ਪ੍ਰਬੰਧ ਵਿੱਚ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ।

ਉਹਨਾਂ ਕਿਹਾ ਕਿ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਨ 'ਤੇ ਲੱਖਾਂ ਰੁਪਏ ਖਰਚਣ ਵਾਲੇ ਨਵੇਂ ਡਾਕਟਰਾਂ ਨੂੰ ਰੋਜ਼ਗਾਰ ਦੇ ਮੌਕੇ ਹੀ ਨਹੀਂ ਮਿਲਣਗੇ ਅਤੇ ਬੇਰੁਜ਼ਗਾਰੀ ਵਿੱਚ ਵਾਧਾ ਹੋਵੇਗਾ।

ਸਿਹਤ ਮੰਤਰੀ ਨੇ ਮੰਨਿਆ ਕਿ ਸੇਵਾ ਮੁਕਤੀ ਦੀ ਉਮਰ ਹੱਦ ਵਿੱਚ ਵਾਧੇ ਦੀ ਤਜਵੀਜ ਤਿਆਰ ਕੀਤੀ ਜਾ ਰਹੀ ਹੈ ਪਰ ਉਹਨਾਂ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਕੇਵਲ ਮਰੀਜਾਂ ਨੂੰ ਦੇਖਣ ਵਾਲੇ ਕਲੀਨਿਕਲ ਡਾਕਟਰਾਂ ਦੀ ਉਮਰ ਹੱਦ ਵਧਾਉਣ ਬਾਰੇ ਵਿਚਾਰ ਕੀਤਾ ਜਾਵੇਗਾ ਜਦਕਿ ਪ੍ਰਸ਼ਾਸਨਿਕ ਤੇ ਪ੍ਰਬੰਧਕੀ ਪੋਸਟਾਂ 'ਤੇ ਕਾਬਜ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ ਨਹੀਂ ਵਧਾਈ ਜਾਵੇਗੀ। ਫੋਟੋ ਕੈਪਸ਼ਨ ਡਾ ਗਗਨਦੀਪ ਸਿੰਘ, ਪ੍ਰਧਾਨ ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ