• Home
  • ਕੁੱਕ ਖੇਡਣਗੇ ਆਪਣਾ ਆਖ਼ਰੀ ਅੰਤਰ ਰਾਸ਼ਟਰੀ ਮੈਚ

ਕੁੱਕ ਖੇਡਣਗੇ ਆਪਣਾ ਆਖ਼ਰੀ ਅੰਤਰ ਰਾਸ਼ਟਰੀ ਮੈਚ

ਲੰਡਨ, (ਖ਼ਬਰ ਵਾਲੇ ਬਿਊਰੋ): ਇੰਗਲੈਂਡ ਦੇ ਮਹਾਨ ਬੱਲੇਬਾਜ਼ ਤੇ ਸਾਬਕਾ ਕਪਤਾਨ ਅਲਿਸਟਰ ਕੁੱਕ ਅੱਜ ਭਾਰਤ ਵਿਰੁਧ ਆਪਣਾ 161ਵਾਂ ਟੈਸਟ ਮੈਚ ਖੇਡਣ ਉਤਰਨਗੇ। ਇਸ ਮੈਚ ਉਪਰੰਤ ਸੰਨਿਆਸ ਲੈਣ ਵਾਲੇ ਕੁੱਕ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਵੀ 2006 ਵਿਚ ਭਾਰਤ ਵਿਰੁਧ ਹੀ ਕੀਤੀ ਸੀ। ਉਹ ਇਸ ਮੈਚ ਨਾਲ ਭਾਰਤ ਵਿਰੁਧ ਸਭ ਤੋਂ ਵੱਧ ਟੈਸਟ ਮੈਚ ਖੇਡਣ ਵਾਲੇ ਖਿਡਾਰੀ ਬਣ ਜਾਣਗੇ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਖਿਡਾਰੀ ਰਿੱਕੀ ਪੋਟਿੰਗ ਦੇ ਨਾਂ ਸੀ। ਇਸ ਦੇ ਨਾਲ ਹੀ ਜਦੋਂ ਕੁੱਕ 1 ਦੌੜ ਬਣਾਏਗਾ ਤਾਂ ਕੇਨਿੰਗਟਨ ਓਵਲ ਮੈਦਾਨ 'ਤੇ ਉਸ ਦੀਆਂ 1000 ਦੌੜਾਂ ਵੀ ਪੂਰੀਆਂ ਹੋ ਜਾਣਗੀਆਂ। ਕੁੱਕ ਨੇ ਇਸ ਤੋਂ ਪਹਿਲਾਂ ਭਾਰਤ ਵਿਰੁਧ 29 ਟੈਸਟ ਮੈਚਾਂ ਵਿਚ 45.16 ਦੀ ਔਸਤ ਨਾਲ 2213 ਦੌੜਾਂ ਬਣਾਈਆਂ ਹਨ। ਉਧਰ ਇੰਗਲੈਂਡ ਦੇ ਕਪਤਾਨ ਜੋ ਰੂਟ ਦਾ ਕਹਿਣਾ ਹੈ ਕਿ ਉਹ ਇਹ ਮੈਚ ਜਿੱਤ ਕੇ ਕੁੱਕ ਨੂੰ ਤੋਹਫ਼ਾ ਦੇਣ ਦੀ ਕੋਸ਼ਿਸ਼ ਕਰਨਗੇ। ਕੁੱਲ ਮਿਲਾ ਕੇ ਇਹ ਦਿੱਗਜ਼ ਖਿਡਾਰੀ ਕ੍ਰਿਕਟ ਜਗਤ ਨੂੰ ਕਈ ਸ਼ਾਨਦਾਰ ਉਪਲਬਧੀਆਂ ਦੇ ਕੇ ਸੰਨਿਆਸ ਲੈ ਰਿਹਾ ਹੈ।