• Home
  • ਰਾਫੇਲ ਮੁੱਦੇ ‘ਤੇ ਘਿਰਿਆ ਮੋਦੀ, ਕਾਂਗਰਸ ਵੱਲੋਂ ਥਾਂ-ਥਾਂ ਮੁਜ਼ਾਹਰੇ

ਰਾਫੇਲ ਮੁੱਦੇ ‘ਤੇ ਘਿਰਿਆ ਮੋਦੀ, ਕਾਂਗਰਸ ਵੱਲੋਂ ਥਾਂ-ਥਾਂ ਮੁਜ਼ਾਹਰੇ

ਰਾਫੇਲ ਮੁੱਦੇ 'ਤੇ ਘਿਰਿਆ ਮੋਦੀ, ਕਾਂਗਰਸ ਵੱਲੋਂ ਥਾਂ-ਥਾਂ ਮੁਜ਼ਾਹਰ

ਮੁਹਾਲੀ (ਖਬਰ ਵਾਲੇ ਬਿਊਰੋ) :
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰਾਫੇਲ ਖਰੀਦ ਸਬੰਧੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਣ ਨੂੰ ਲੈ ਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਥਾਂ-ਥਾਂ ਧਰਨੇ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਗਏ ਹਨ।

ਮੋਹਾਲੀ ਵਿਖੇ ਪੰਜਾਬ ਯੂਥ ਕਾਂਗਰਸ ਵੱਲੋਂ ਰਾਫੇਲ ਖਰੀਦ ਘੁਟਾਲੇ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਮੀਡੀਆ ਕੋਆਰਡੀਨੇਟਰ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਲਾਰਾ ਦੇ ਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਦੁਆਰਾ ਕਾਂਗਰਸ ਦੇ ਸਵਾਲਾਂ ਦਾ ਜਵਾਬ ਨਾ ਦੇ ਕੇ ਭ੍ਰਿਸ਼ਟਾਚਾਰ ਨੂੰ ਹੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਕੋਲੋਂ ਸਵਾਲਾਂ ਦਾ ਜਵਾਬ ਮੰਗ ਰਹੀ ਹੈ ਪਰ ਸ੍ਰੀ ਮੋਦੀ ਰਿਲਾਇੰਸ ਇੰਡਸਟਰੀ ਦੇ ਮਾਲਿਕ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਦੀ ਖਾਤਿਰ ਦੇਸ਼ ਦੀ ਜਨਤਾ ਕੋਲੋਂ ਟੈਕਸਾਂ ਰਾਹੀਂ ਇਕੱਤਰ ਕੀਤੇ ਗਏ ਪੈਸੇ ਨੂੰ ਉਡਾ ਰਹੇ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ ਉੱਤੇ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਅੰਦਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਰਾਫੇਲ ਖਰੀਦ ਸਬੰਧੀ ਕੀਤੇ ਗਏ ਸਵਾਲਾਂ ਦਾ ਤਸੱਲੀ ਬਖਸ਼ ਉੱਤਰ ਨਹੀਂ ਦੇ ਸਕੀ ਜਿਸ ਤੋਂ ਸਾਫ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਲਾਇੰਸ ਇੰਡਸਟਰੀ ਦੇ ਮਾਲਿਕ ਅਨਿੱਲ ਅੰਬਾਨੀ ਨਾਲ ਆਪਣੀ ਯਾਰੀ ਪੁਗਾਉਣ ਲਈ ਦੇਸ਼ ਦੇ ਆਮ ਲੋਕਾਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਫੇਲ ਜਹਾਜਾਂ ਦੀ ਖਰੀਦ ਵਿੱਚ ਕੋਈ ਗੜਬੜ ਨਹੀਂ ਹੋਈ ਤਾਂ ਸ੍ਰੀ ਮੋਦੀ ਨੂੰ ਲੋਕ ਸਭਾ ਅੰਦਰ ਆਪਣਾ ਪੱਖ ਰੱਖਣਾ ਚਾਹੀਦਾ ਸੀ ਪਰ ਐਨਡੀਏ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਭ੍ਰਿਸ਼ਟਾਚਾਰ ਨੂੰ ਕਾਂਗਰਸ ਪਾਰਟੀ ਦੁਆਰਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਦੇ ਸਮੁੱਚੇ ਵਿਧਾਨ ਸਭਾ ਹਲਕਿਆਂ ਅੰਦਰ ਰੋਸ ਰੈਲੀ ਕਰਕੇ ਲੋਕਾਂ ਅੰਦਰ ਮੋਦੀ ਸਰਕਾਰ ਦੀ ਪੋਲ ਖੋਲੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਭਾਜਪਾ ਦੇ ਜਬਰ ਤੋਂ ਬਿਲਕੁਲ ਵੀ ਡਰਨ ਵਾਲੀ ਨਹੀਂ ਅਤੇ ਭਾਜਪਾ ਆਗੂਆਂ ਦਾ ਹਰ ਥਾਂ ਉੱਤੇ ਜਬਦਸਤ ਵਿਰੋਧ ਕੀਤਾ ਜਾਵੇਗਾ।

ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਹੇਮੰਤ ਓਗਲੇ, ਜਨ ਸਕੱਤਰ ਜਸਵਿੰਦਰ ਜੱਸੀ, ਮੋਹਿਤ ਮੋਹਿੰਦਰਾ, ਹਰਿੰਦਰ ਸਿੰਘ ਜੌਨੀ, ਜੱਸੀ ਬੱਲੋਮਾਜਰਾ, ਰਮਨਦੀਪ ਸਿੰਘ ਸਫੀਪੁਰ, ਗੁਰਿੰਦਰ ਸਿੰਘ ਖਟੜਾ, ਗੁਰਵਿੰਦਰ ਸਿੰਘ ਨਡਿਆਲੀ, ਅਮਰਜੀਤ ਸਿੰਘ ਮੋਨੀ, ਬਲਜੀਤ ਸਿੰਘ ਠਸਕਾ, ਹੈਪੀ ਜੁਝਾਰ ਨਗਰ, ਲੱਕੀ ਰਾਣਾ ਬਹਿਲੋਲਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਕਾਂਗਰਸੀ ਹਾਜ਼ਰ ਸਨ।