• Home
  • ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਤੇਲ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ – ਚੋਣ ਜ਼ਾਬਤੇ ਦੌਰਾਨ ਡੀਜ਼ਲ/ਪੈਟਰੋਲ ਦੀ ਵਿਕਰੀ ਸਬੰਧੀ ਰਿਕਾਰਡ ਰੱਖਣ ਦੇ ਹੁਕਮ

ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਤੇਲ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ – ਚੋਣ ਜ਼ਾਬਤੇ ਦੌਰਾਨ ਡੀਜ਼ਲ/ਪੈਟਰੋਲ ਦੀ ਵਿਕਰੀ ਸਬੰਧੀ ਰਿਕਾਰਡ ਰੱਖਣ ਦੇ ਹੁਕਮ

ਚੰਡੀਗੜ੍ਹ, 23 ਅਪ੍ਰੈਲ: ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਪੰਜਾਬ ਰਾਜ ਵਿੱਚ ਕੰਮ ਕਰ ਰਹੀਆਂ ਤੇਲ ਕੰਪਨੀਆਂ ਦੇ ਅਧਿਕਾਰੀਆਂ ਨਾਲ ਚੋਣ ਜ਼ਾਬਤੇ ਸਬੰਧੀ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜੂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਲਈ ਖਰਚ ਸੀਮਾਂ 70 ਲੱਖ ਰੁਪਏ ਤੈਅ ਕੀਤੀ ਗਈ ਹੈ ਅਤੇ ਬੀਤੇ ਸਮੇਂ ਵਿਚ ਕਈ ਵਾਰ ਉਮੀਦਵਾਰਾਂ ਵੱਲੋਂ ਜਾਂ ਉਨ੍ਹਾਂ ਦੇ ਚੋਣ ਮੈਨੇਜਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੀਆਂ ਜਾਣ ਵਾਲੀਆਂ ਰੈਲੀਆਂ/ਸਟਾਰ ਕੰਪੈਂਨਰ ਦੇ ਰੋਡ ਸ਼ੋਅ ਦੌਰਾਨ ਭੀੜ ਇੱਕਠੀ ਕਰਨ ਲਈ ਲੋਕਾਂ ਦੇ ਵਾਹਨਾਂ ਵਿੱਚ ਆਪਣੇ ਪੈਸੇ ਨਾਲ ਤੇਲ ਭਰਵਾਉਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਜਿਸਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਚੋਣ ਜ਼ਾਬਤੇ ਦੌਰਾਨ ਤੇਲ ਵਿਕਰੀ ਪਰਚੀ ਰਾਹੀਂ ਕਰਨ, ਜਿਸ ਥਾਂ `ਤੇ ਵੱਡੀ ਰੈਲੀ ਹੋਵੇਗੀ, ਉਨ੍ਹਾਂ ਥਾਵਾਂ ਦੇ ਨਜ਼ਦੀਕੀ ਪੈਟਰੋਲ ਪੰਪਾਂ ਤੋਂ ਉਨ੍ਹਾਂ ਦਿਨਾਂ ਵਿੱਚ ਹੋਈ ਵਿਕਰੀ ਸਬੰਧੀ ਤੱਥ ਵੀ ਇਕੱਤਰ ਕੀਤੇ ਜਾਣਗੇ ਅਤੇ ਸੀ.ਸੀ.ਟੀ.ਵੀ. ਫੁਟੇਜ ਵੀ ਲਏ ਜਾਣਗੇ।ਇਸ ਤੋਂ ਇਲਾਵਾ ਪੈਟਰੋਲ ਪੰਪਾਂ ਤੋਂ ਵੱਡੇ ਪੱਧਰ ਤੇ ਤੇਲ ਦੀ ਖ਼ਰੀਦ ਕਰਨ ਵਾਲੇ ਵਿਅਕਤੀਆਂ ਦੀ ਵੀ ਜਾਣਕਾਰੀ ਲਈ ਜਾਵੇਗੀ। ਖ਼ਰਚ ਆਬਜ਼ਰਵਰ ਵੱਲੋਂ ਇਸ ਸਬੰਧੀ ਜਰੂਰਤ ਅਨੁਸਾਰ ਜਾਂਚ ਕੀਤੀ ਜਾਵੇਗੀ ਅਤੇ ਸਹੀ ਪਾਏ ਜਾਣ ਤੇ ਖਰਚ ਸਬੰਧਤ ਉਮੀਦਵਾਰ ਦੇ ਖਰਚ ਰਜਿਸਟਰ ਵਿੱਚ ਦਰਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਤੇਲ ਕੰਪਨੀਆਂ ਵਿਕਰੀ ਦਾ ਸਹੀ ਰਿਕਾਰਡ ਰੱਖਣ ਦੇ ਨਾਲ-ਨਾਲ ਰਿਕਾਰਡ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਨਾਲ ਵੀ ਸਾਂਝਾ ਕਰਨਗੀਆਂ। ਉਹਨਾਂ ਇਸ ਕਾਰਜ ਲਈ ਤੇਲ ਕੰਪਨੀਆਂ ਦਾ ਇੱਕ ਨੋਡਲ ਅਫ਼ਸਰ ਵੀ ਲਗਾਉਣ ਦਾ ਫੈਸਲਾ ਕੀਤਾ। ਉਨ੍ਹਾਂ ਤੇਲ ਕੰਪਨੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਵੀ ਯਕੀਨੀ ਬਣਾਉਣ ਕਿ ਅਦਰਸ਼ ਚੋਣ ਜ਼ਾਬਤੇ ਦੌਰਾਨ ਰਸੋਈ ਗੈਸ ਦੀ ਸਪਲਾਈ ਕਰਨ ਵਾਲੀਆਂ ਗੈਸ ਏਜੰਸੀਆਂ ਦੇ ਗੋਦਾਮਾਂ ਵਿੱਚ ਸਿਰਫ਼ ਰਸੋਈ ਗੈਸ ਸਿਲੰਡਰ ਹੀ ਹੋਣ ਅਤੇ ਕਿਸੇ ਹੋਰ ਚੀਜ਼ਾਂ ਜਿਵੇਂ ਕਿ ਸ਼ਰਾਬ ਅਤੇ ਹੋਰ ਵੰਡਣ ਵਾਲੀਆਂ ਵਸਤਾਂ, ਪੋਸਟਰ ਬੈਨਰ ਆਦਿ ਦਾ ਜ਼ਖੀਰਾ ਨਾ ਕੀਤਾ ਜਾਵੇ।
ਮੁੱਖ ਚੋਣ ਅਫ਼ਸਰ, ਪੰਜਾਬ ਨੇ ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਸਮੂਹ ਤੇਲ ਕੰਪਨੀਆਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਬਿਨਾ ਅਗਾਂਊ ਇਜ਼ਾਜ਼ਤ ਦੇ ਆਪਣੇ ਆਉਟਲੈਟ ਦੀ ਵਰਤੋਂ ਚੋਣ ਪ੍ਰਚਾਰ ਲਈ ਨਾ ਕਰਨ ਦੇਣ ਅਤੇ ਨਾਲ ਹੀ ਵੋਟਿੰਗ ਕਾਰਜ ਨੂੰ ਉਤਸ਼ਾਹਿਤ ਕਰਨ ਸਬੰਧੀ ਇਸ਼ਤਿਹਾਰ ਆਪਣੇ ਅਧੀਨ ਆਉਂਦੇ ਖੇਤਰਾਂ ਵਿੱਚ ਜ਼ਰੂਰ ਲਗਾਉਣ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਚੋਣ ਅਫ਼ਸਰ, ਪੰਜਾਬ ਸ਼੍ਰੀ ਸੀਬਨ ਸੀ. ਅਤੇ ਇੰਡੀਆ ਆਇਲ, ਹਿੰਦੁਸਤਾਨ ਪੈਟਰੋਲਿਅਮ, ਭਾਰਤ ਪੈਟਰੋਲਿਅਮ ਦੇ ਅਧਿਕਾਰੀ ਵੀ ਹਾਜ਼ਰ ਸਨ