• Home
  • ਕੁਦਰਤੀਆਫ਼ਤ ਪ੍ਰਬੰਧਨ ਲਈ ਜ਼ਿਲ੍ਹਾ ਪੱਧਰੀ ਅਥਾਰਿਟੀ ਤੇ ਕਮੇਟੀਆਂ ਨੂੰ ਸਰਗਰਮ ਕੀਤਾ ਜਾਵੇ: ਡਿਪਟੀ ਕਮਿਸ਼ਨਰ

ਕੁਦਰਤੀਆਫ਼ਤ ਪ੍ਰਬੰਧਨ ਲਈ ਜ਼ਿਲ੍ਹਾ ਪੱਧਰੀ ਅਥਾਰਿਟੀ ਤੇ ਕਮੇਟੀਆਂ ਨੂੰ ਸਰਗਰਮ ਕੀਤਾ ਜਾਵੇ: ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ, 23 ਅਪ੍ਰੈਲ: ਜ਼ਿਲ੍ਹੇ ਵਿੱਚ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦੇ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰਨ ਅਤੇ ਪਿੰਡ ਪੱਧਰ ਤੋਂ ਜ਼ਿਲ੍ਹਾ ਪੱਧਰ ਤੱਕ ਆਫ਼ਤ ਪ੍ਰਬੰਧਨ ਟੀਮਾਂ ਨੂੰ ਸਰਗਰਮ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਤਾਂ ਹੀ ਤਕੜੇ ਹੋ ਕੇ ਨਜਿੱਠਿਆ ਜਾ ਸਕਦਾ ਹੈ ਜੇ ਆਫ਼ਤ ਪ੍ਰਬੰਧਨ ਜਥੇਬੰਦਕ ਹੋਵੇ ਅਤੇ ਆਪਸੀ ਤਾਲਮੇਲ ਨਾਲ ਕੰਮ ਕਰੇ। ਉਨ੍ਹਾਂ ਕਿਹਾ ਕਿ ਕੌਮੀ ਪੱਧਰ 'ਤੇ ਆਫ਼ਤ ਪ੍ਰਬੰਧਨ ਟੀਮਾਂ ਵਾਂਗ ਸੂਬਾ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਅਥਾਰਿਟੀਆਂ ਕਾਇਮ ਕੀਤੀਆਂ ਗਈਆਂ ਹਨ ਤਾਂ ਜੋ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਲੈਸ ਇਹ ਅਥਾਰਿਟੀਆਂ ਕਿਸੇ ਵੀ ਅਣਸੁਖਾਵੀਂ ਸਥਿਤੀ ਵਿੱਚ ਆਪਸੀ ਤਾਲਮੇਲ ਨਾਲ ਮੌਕਾ ਸੰਭਾਲਦਿਆਂ ਤੁਰੰਤ ਰਾਹਤ ਕਾਰਜ ਪ੍ਰਦਾਨ ਕਰ ਸਕਣ। ਸ. ਛੱਤਵਾਲ ਨੇ ਦੱਸਿਆ ਕਿ 'ਆਫ਼ਤ ਪ੍ਰਬੰਧਨ ਐਕਟ, 2005' ਮੁਤਾਬਕ ਜ਼ਿਲ੍ਹਾ ਪੱਧਰੀ ਆਫ਼ਤ ਪ੍ਰਬੰਧਨ ਅਥਾਰਿਟੀ ਵਿੱਚ ਡਿਪਟੀ ਕਮਿਸ਼ਨਰ ਬਤੌਰ ਗ਼ੈਰ-ਸਰਕਾਰੀ ਚੇਅਰਪਰਸਨ ਕੰਮ ਕਰਨਗੇ ਜਦਕਿ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਅਤੇ ਜ਼ਿਲ੍ਹਾ ਯੋਜਨਾਬੰਦੀ ਕਮੇਟੀ ਦੇ ਮੁਖੀ ਨੂੰ ਅਥਾਰਿਟੀ ਦੇ ਸਹਿ-ਚੇਅਰਪਰਸਨ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਸੀ.ਈ.ਓ.-ਕਮ-ਮੈਂਬਰ, ਐਸ.ਪੀ. (ਐਚ), ਸਿਵਲ ਸਰਜਨ, ਐਕਸੀਅਨ ਲੋਕ ਨਿਰਮਾਣ (ਭ ਤੇ ਮ) ਅਤੇ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਫ਼ਤ ਜਿਹੀ ਸਥਿਤੀ ਵਿੱਚ ਲੋੜੀਂਦੇ ਸਮੁੱਚੇ ਵਿਭਾਗਾਂ ਦੇ ਮੁਖੀਆਂ ਵਾਲੀ ਜ਼ਿਲ੍ਹਾ ਪੱਧਰ ਦੀ ਇਹ ਸਰਬੋਤਮ ਟੀਮ ਕਿਸੇ ਵੀ ਆਫ਼ਤ ਨੂੰ ਕੰਟਰੋਲ ਕਰਕੇ ਰਾਹਤ ਕਾਰਜ ਮੁਹੱਈਆ ਕਰਾਉਣ ਤੇ ਜ਼ਿਲ੍ਹਾ ਪੱਧਰ 'ਤੇ ਯੋਜਨਾਬੰਦੀ ਲਈ ਪਾਬੰਦ ਹੋਵੇਗੀ ਅਤੇ ਸਾਰੀ ਸਥਿਤੀ ਦੀ ਰਿਪੋਰਟ ਸੂਬਾ ਪੱਧਰ 'ਤੇ ਦੇਣ ਲਈ ਤਾਲਮੇਲ ਇਕਾਈ ਵਜੋਂ ਕੰਮ ਕਰੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਅਥਾਰਿਟੀ ਦੇ ਸਮੂਹ ਅਹੁਦੇਦਾਰਾਂ ਨੂੰ ਹਦਾਇਤ ਕੀਤੀ ਕਿ ਅਥਾਰਿਟੀ ਦੇ ਜਥੇਬੰਦਕ ਢਾਂਚੇ ਤਹਿਤ ਜ਼ਿਲ੍ਹਾ, ਬਲਾਕ ਅਤੇ ਪਿੰਡ ਪੱਧਰ 'ਤੇ ਆਫ਼ਤ ਪ੍ਰਬੰਧਨ ਕਮੇਟੀਆਂ ਦੀ ਸਥਾਪਤੀ ਛੇਤੀ ਤੋਂ ਛੇਤੀ ਕੀਤੀ ਜਾਵੇ ਜਿਸ ਵਿੱਚ ਪਿੰਡ ਪੱਧਰ 'ਤੇ ਚੁਣੇ ਹੋਏ ਸਰਪੰਚ, ਬਲਾਕ ਪੱਧਰ 'ਤੇ ਪੰਚਾਇਤ ਸਮਿਤੀ ਮੈਂਬਰ ਅਤੇ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਨੂੰ ਮੁਖੀ ਵਜੋਂ ਸ਼ਾਮਲ ਕੀਤਾ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਹਰ ਪੱਧਰ 'ਤੇ ਆਫ਼ਤ ਪ੍ਰਬੰਧਨ ਯੋਜਨਾ ਤੋਂ ਇਲਾਵਾ ਖੋਜ ਦਲ, ਰਾਹਤ ਦਲ, ਮੁਢਲੀ ਸਹਾਇਤਾ ਦਲ, ਆਸਰਾ ਪ੍ਰਬੰਧਨ ਅਤੇ ਅਗਾਊਂ ਚਿਤਾਵਨੀ ਪ੍ਰਬੰਧਨ ਦੀ ਵਿਵਸਥਾ ਯਕੀਨੀ ਬਣਾਈ ਜਾਵੇ। ਸ. ਛੱਤਵਾਲ ਨੇ ਸਮੂਹ ਅਹੁਦੇਦਾਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸੰਵੇਦਨਸ਼ੀਨ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਅਜਿਹੇ ਖੇਤਰਾਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵੱਲੋਂ ਬਚਾਅ ਕਾਰਜਾਂ ਤੇ ਆਫ਼ਤ ਦੇ ਪ੍ਰਭਾਵ ਨੂੰ ਘੱਟ ਕਰਨ ਸਬੰਧੀ ਲੋੜੀਂਦੇ ਮਾਪਦੰਡ ਅਪਣਾਏ ਜਾਣ। ਉਨ੍ਹਾਂ ਕਿਹਾ ਕਿ ਕੌਮੀ ਤੇ ਸੂਬਾਈ ਪੱਧਰ 'ਤੇ ਆਫ਼ਤ ਪ੍ਰਬੰਧਨ ਅਥਾਰਿਟੀਆਂ ਵੱਲੋਂ ਸਥਾਪਤ ਮਾਪਦੰਡਾਂ ਨੂੰ ਜ਼ਿਲ੍ਹਾ ਪੱਧਰ 'ਤੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ, ਜ਼ਿਲ੍ਹਾ ਪੱਧਰ 'ਤੇ ਆਫ਼ਤ ਪ੍ਰਬੰਧਨ ਦੀ ਸਮਰੱਥਾ ਦੀ ਸਮੇਂ-ਸਮੇਂ 'ਤੇ ਸਮੀਖਿਆ ਕੀਤੀ ਜਾਵੇ ਅਤੇ ਸਬੰਧਤ ਵਿਭਾਗਾਂ ਨੂੰ ਅਪਗ੍ਰੇਡੇਸ਼ਨ ਲਈ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਜਾਣ, ਵੱਖ-ਵੱਖ ਪੱਧਰ 'ਤੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਬਚਾਅ ਕਾਰਜ ਵਲੰਟੀਅਰਾਂ ਲਈ ਸਮੇਂ-ਸਮੇਂ 'ਤੇ ਵਿਸ਼ੇਸ਼ਕ੍ਰਿਤ ਸਿਖਲਾਈ ਪ੍ਰੋਗਰਾਮ ਉਲੀਕਿਆ ਜਾਵੇ, ਲੋਕਾਂ ਨੂੰ ਅਗੇਤੀ ਸੂਚਨਾ ਪ੍ਰਦਾਨ ਕਰਨ ਲਈ ਅਗਾਊਂ ਚਿਤਾਵਨੀ ਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਜ਼ਿਲ੍ਹਾ ਪੱਧਰੀ ਰਿਸਪਾਂਸ ਯੋਜਨਾ ਤਿਆਰ ਕੀਤੀ ਜਾਵੇ ਅਤੇ ਸਮੇਂ-ਸਮੇਂ 'ਤੇ ਇਸ ਦੀ ਸਮੀਖਿਆ ਕਰਕੇ ਅਪਗ੍ਰੇਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹੇ ਦੇ ਵਿਭਾਗਾਂ ਅਤੇ ਸਥਾਨਕ ਇਕਾਈਆਂ ਵੱਲੋਂ ਜ਼ਿਲ੍ਹਾ ਪੱਧਰੀ ਰਿਸਪਾਂਸ ਯੋਜਨਾ ਮੁਤਾਬਕ ਹੀ ਆਪਣੀ ਯੋਜਨਾ ਉਲੀਕੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਇਮਾਰਤਾਂ ਅਤੇ ਥਾਵਾਂ ਦੀ ਸ਼ਨਾਖ਼ਤ ਕੀਤੀ ਜਾਵੇ, ਜਿਨ੍ਹਾਂ ਨੂੰ ਆਫ਼ਤ ਸਮੇਂ ਰਾਹਤ ਕੇਂਦਰਾਂ ਜਾਂ ਕੈਂਪਾਂ ਵਜੋਂ ਵਰਤਿਆ ਜਾ ਸਕਦਾ ਹੋਵੇ। ਅਜਿਹੀਆਂ ਥਾਵਾਂ 'ਤੇ ਮੁਢਲੀਆਂ ਸਹੂਲਤਾਂ ਜਿਵੇਂ ਪੀਣਯੋਗ ਪਾਣੀ ਆਦਿ ਦੇ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾਏ ਜਾਣ। ਡਿਪਟੀ ਕਮਿਸ਼ਨਰ ਨੇ ਉਚੇਚੇ ਤੌਰ 'ਤੇ ਕਿਹਾ ਕਿ ਜ਼ਿਲ੍ਹਾ ਪੱਧਰੀ ਅਥਾਰਿਟੀ ਅਤੇ ਹਰ ਪੱਧਰ 'ਤੇ ਕਮੇਟੀਆਂ ਨੂੰ ਕਾਰਜਸ਼ੀਲ ਰੱਖਣ ਲਈ ਥੋੜੇ-ਥੋੜੇ ਵਕਫ਼ੇ ਬਾਅਦ ਮੀਟਿੰਗਾਂ ਕਰਕੇ ਯੋਜਨਾ ਉਲੀਕੀ ਜਾਇਆ ਕਰੇਗੀ।