• Home
  • ਪੰਜਾਬ ਫਰੀਡਮ ਫਾਈਟਰ ਸੰਸਥਾ ਵਲੋਂ ਪਰਨੀਤ ਕੌਰ ਦਾ ਸਮਰਥਨ ਕਰਨ ਦਾ ਐਲਾਨ

ਪੰਜਾਬ ਫਰੀਡਮ ਫਾਈਟਰ ਸੰਸਥਾ ਵਲੋਂ ਪਰਨੀਤ ਕੌਰ ਦਾ ਸਮਰਥਨ ਕਰਨ ਦਾ ਐਲਾਨ

ਪਟਿਆਲਾ, 9 ਮਈ- ਪੰਜਾਬ ਫਰੀਡਮ ਫਾਈਟਰ ਸੰਸਥਾ ਦੇ ਪ੍ਰਧਾਨ ਹਰਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਆਜ਼ਾਦੀ ਘੁਲਾਟੀਏ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪਟਿਆਲਾ ਲੋਕ ਸਭਾ ਹਲਕਾ ਵਿੱਚ ਪੈਂਦੇ ਸ਼ੁਤਰਾਣਾ ਵਿਧਾਨ ਸਭਾ ਹਲਕਾ ਦੇ ਪਿੰਡ ਹਰਿਆਊ ਖੁਰਦ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਨੀਤ ਕੌਰ ਦੀ ਅਗਵਾਈ ਹੇਠ ਹੋਈ ਚੋਣ ਰੈਲੀ ਦੌਰਾਨ ਪੰਜਾਬ ਦੇ ਸਮੂਹ ਆਜ਼ਾਦੀ ਘੁਲਾਟੀਏ ਪਰਿਵਾਰਾਂ ਵਲੋਂ ਪਰਨੀਤ ਕੌਰ ਦੀ ਸ਼ਾਨਦਾਰ ਜਿੱਤ ਵਾਸਤੇ ਪੂਰਾ ਸਮਰਥਨ ਦੇਣ ਦੇ ਨਾਲ-ਨਾਲ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦਾ ਵੀ ਐਲਾਨ ਕੀਤਾ।ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਆਜ਼ਾਦੀ ਘੁਲਾਟੀਏ ਪਰਿਵਾਰਾਂ ਦੀਆਂ ਮੁਸ਼ਕਲਾਂ ਦਾ ਹੱਲ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਹੀ ਕੀਤਾ ਗਿਆ ਹੈ। ਇਸ ਲਈ ਆਜ਼ਾਦੀ ਘੁਲਾਟੀਏ ਪੂਰੇ ਸਮਰਪਣ ਦੀ ਭਾਵਨਾਂ ਨਾਲ ਪਰਨੀਤ ਕੌਰ ਦੀ ਜਿੱਤ ਵਾਸਤੇ ਪੂਰਾ ਯੋਗਦਾਨ ਪਾਉਣਗੇ। ਪਰਨੀਤ ਕੌਰ ਨੇ ਆਜ਼ਾਦੀ ਘੁਲਾਟਿਆਂ ਵਲੋਂ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੇ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਦਾ ਹੱਲ ਕਰਨ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਸ਼ੁਤਰਾਣਾ ਹਲਕੇ ਦੇ ਵਿਧਾਇਕ ਨਿਰਮਲ ਸਿੰਘ, ਪੰਜਾਬ ਫਰੀਡਮ ਫਾਈਟਰ ਸੰਸਥਾ ਦੇ ਆਗੂ ਮੇਜਰ ਸਿੰਘ ਬਰਨਾਲਾ, ਅਵਤਾਰ ਸਿੰਘ, ਚਮਕੌਰ ਸਿੰਘ, ਜਸਵੰਤ ਸਿੰਘ ਤੋਂ ਬਿਨ੍ਹਾਂ ਵੱਡੀ ਗਿਣਤੀ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।