• Home
  • ਤਹਿਸੀਲਦਾਰ ਨੂੰ ਕਥਿਤ ਰਿਸ਼ਵਤ ਦੇਣ ਲਈ ਕਾਮਰੇਡਾਂ ਨੇ ਤਹਿਸੀਲ ਦੇ ਦਰਵਾਜ਼ੇ ਅੱਗੇ ਹੀ ਵਿਛਾਇਆ ਪਰਨਾ – ਦਲਿਤ ਧੀ ਦਾ ਦੇਰ ਸ਼ਾਮ ਵਿਆਹ ਰਜਿਸਟਰਡ ਹੋ ਸਕਿਆ

ਤਹਿਸੀਲਦਾਰ ਨੂੰ ਕਥਿਤ ਰਿਸ਼ਵਤ ਦੇਣ ਲਈ ਕਾਮਰੇਡਾਂ ਨੇ ਤਹਿਸੀਲ ਦੇ ਦਰਵਾਜ਼ੇ ਅੱਗੇ ਹੀ ਵਿਛਾਇਆ ਪਰਨਾ – ਦਲਿਤ ਧੀ ਦਾ ਦੇਰ ਸ਼ਾਮ ਵਿਆਹ ਰਜਿਸਟਰਡ ਹੋ ਸਕਿਆ

ਰਾਏਕੋਟ/ਗਿੱਲ
ਪਿੰਡ ਨੂਰਪੁਰਾ ਦੇ ਦਲਿਤ ਪਰਿਵਾਰ ਨਾਲ ਸਬੰਧਿਤ ਰੱਬ ਨੂੰ ਪਿਆਰੇ ਹੋ ਚੁੱਕੇ ਗ਼ਰੀਬ ਮਜ਼ਦੂਰ ਮੁਖ਼ਤਿਆਰ ਸਿੰਘ ਦੀ ਧੀ ਬਲਜੀਤ ਕੌਰ ਦਾ ਵਿਆਹ ਤਾਂ ਉਸ ਦੇ ਭਰਾ ਡੀਸੀ ਸਿੰਘ ਨੇ ਔਖੇ ਸੌਖੇ ਹੋ ਕੇ ਕਰ ਦਿੱਤਾ ਸੀ। ਪਰ ਆਪਣੀ ਭੈਣ ਦੇ ਵਿਆਹ ਲਈ ਸ਼ਗਨ ਸਕੀਮ ਤਹਿਤ ਸਰਕਾਰ ਤੋਂ ਮਿਲਣ ਵਾਲੀ ਸਹਾਇਤਾ ਰਾਸ਼ੀ ਹਾਸਲ ਕਰਨ ਲਈ ਜਦੋਂ ਉਹ ਵਿਆਹ ਰਜਿਸਟਰਡ ਕਰਾਉਣ ਲਈ ਰਾਏਕੋਟ ਤਹਿਸੀਲ ਵਿਚ ਗਿਆ ਤਾਂ ਗ਼ਰੀਬ ਡੀਸੀ ਸਿੰਘ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਦੇ ਕਥਿਤ ਤੌਰ 'ਤੇ ਰੱਖੇ ਨਿੱਜੀ ਮੁਲਾਜ਼ਮ (ਰੀਡਰ) ਮਨਦੀਪ ਸਿੰਘ ਉਰਫ਼ ਵਿੱਕੀ ਨੇ ਵਿਆਹ ਰਜਿਸਟਰਡ ਕਰਾਉਣ ਲਈ ਸਰਕਾਰੀ ਫ਼ੀਸ ਤੋਂ ਇਲਾਵਾ "ਅਫ਼ਸਰਾਂ ਲਈ ਸ਼ਗਨ" ਤਹਿਤ ਫ਼ੀਸ ਪੰਜ ਹਜ਼ਾਰ ਰੁਪਏ ਦੇਣ ਲਈ ਕਿਹਾ।
ਗ਼ਰੀਬ ਡੀਸੀ ਸਿੰਘ ਆਪਣੇ ਪਿੰਡ ਦੇ ਪੰਚ ਅਤੇ ਆਪਣੀ ਵਕੀਲ ਪ੍ਰਭਜੋਤ ਕੌਰ ਨੂੰ ਲੈ ਕੇ ਸਵੇਰ ਤੋਂ ਤਹਿਸੀਲ ਵਿਚ ਹਾਜ਼ਰ ਸੀ ਅਤੇ ਉਸ ਨੇ ਸਰਕਾਰੀ ਫ਼ੀਸ ਜਮ੍ਹਾ ਕਰਵਾ ਕੇ ਫਾਈਲ ਵੀ ਸੇਵਾ ਕੇਂਦਰ ਵਿਚ ਜਮ੍ਹਾ ਕਰਵਾ ਦਿੱਤੀ ਸੀ। ਪਰ ਪੰਜ ਹਜ਼ਾਰ ਰੁਪਏ ਦਾ ਉਹ ਜੁਗਾੜ ਨਾ ਕਰ ਸਕਿਆ ਤਾਂ ਮਾਮਲਾ ਸੀਟੂ ਆਗੂ ਦਲਜੀਤ ਕੁਮਾਰ ਗੋਰਾ ਕੋਲ ਪੁੱਜਿਆ ਤਾਂ ਤਹਿਸੀਲਦਾਰ ਸਾਹਿਬ ਨੇ ਉਨ੍ਹਾਂ ਨੂੰ ਵੀ ਕੋਈ ਰਾਹ ਨਾ ਦਿੱਤਾ। ਭਰੇ ਪੀਤੇ ਮਜ਼ਦੂਰ ਆਗੂਆਂ ਨੇ ਤਹਿਸੀਲਦਾਰ ਦੇ ਦਫ਼ਤਰ ਦੇ ਦਰਵਾਜ਼ੇ ਅੱਗੇ ਮੋਢੇ ਤੋਂ ਲਾਹ ਕੇ ਪਰਨਾ ਵਿਛਾ ਦਿੱਤਾ ਅਤੇ ਅਫ਼ਸਰਸ਼ਾਹੀ ਨੂੰ ਰਿਸ਼ਵਤ ਦੇਣ ਲਈ ਲੋਕਾਂ ਨੂੰ ਧੀ ਦਾ ਵਾਸਤਾ ਪਾ ਕੇ ਸਹਾਇਤਾ ਲਈ ਅਪੀਲ ਕੀਤੀ। ਸ਼ਾਮ ਤੱਕ ਲੋਕਾਂ ਵੱਲੋਂ ਦਿੱਤੀ ਸਹਾਇਤਾ ਰਾਸ਼ੀ ਵੀ ਮਸਾਂ ਬਾਰਾਂ ਕੁ ਸੌ ਹੀ ਇਕੱਤਰ ਹੋ ਸਕੀ। ਸੀਟੂ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਮੌਕੇ 'ਤੇ ਮੌਜੂਦ ਐਸ.ਡੀ.ਐਮ ਡਾਕਟਰ ਹਿਮਾਂਸ਼ੂ ਕੁਮਾਰ ਗੁਪਤਾ ਵੀ ਤਹਿਸੀਲਦਾਰ ਦਾ ਪੱਖ ਪੂਰਦੇ ਹੀ ਨਜ਼ਰ ਆਏ। ਪਰ ਸੰਪਰਕ ਕਰਨ 'ਤੇ ਐਸ.ਡੀ.ਐਮ ਡਾਕਟਰ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਲੜਕੇ ਦਾ ਪਰਿਵਾਰ ਹਰਿਆਣੇ ਨਾਲ ਸਬੰਧਿਤ ਹੋਣ ਕਾਰਨ ਪਹਿਚਾਣ ਦੀ ਪੁਸ਼ਟੀ ਕਰਨ ਵਿਚ ਦਿੱਕਤ ਸੀ, ਪਰ ਅਸੀਂ ਲੋਕਲ ਸਰਪੰਚ ਤੋਂ ਤਸਦੀਕ ਕਰਵਾ ਕੇ ਮਸਲਾ ਸੁਲਝਾ ਦਿੱਤਾ ਸੀ। ਅਫ਼ਸਰਸ਼ਾਹੀ ਨੂੰ ਰਿਸ਼ਵਤ ਦੇਣ ਲਈ ਇਕੱਤਰ ਕੀਤੀ ਬਾਰਾਂ ਸੌ ਪੰਜ ਰੁਪਏ ਦੀ ਰਾਸ਼ੀ ਸੀਟੂ ਆਗੂਆਂ ਨੇ ਬਾਅਦ ਵਿਚ ਤਹਿਸੀਲ ਕੰਪਲੈਕਸ ਵਿਚ ਲਾਏ ਜਾਣ ਵਾਲੇ ਵਾਟਰ ਕੂਲਰ ਲਈ ਦਾਨ ਕਰ ਦਿੱਤੀ ਸੀ