• Home
  • ਕਾਂਗਰਸੀ ਪੰਜਾਬ ਚ ਅਕਾਲੀਆਂ ਦਾ ਘਿਰਾਓ ਕਰਨਗੇ ਕੈਪਟਨ ਨੇ ਦਿੱਤਾ ਬਿਆਨ:- ਪੜ੍ਹੋ ਕੀ ਹੈ ਮਾਮਲਾ

ਕਾਂਗਰਸੀ ਪੰਜਾਬ ਚ ਅਕਾਲੀਆਂ ਦਾ ਘਿਰਾਓ ਕਰਨਗੇ ਕੈਪਟਨ ਨੇ ਦਿੱਤਾ ਬਿਆਨ:- ਪੜ੍ਹੋ ਕੀ ਹੈ ਮਾਮਲਾ

ਪਟਿਆਲਾ, :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੀ ‘ਮੈਂ ਵੀ ਚੌਕੀਦਾਰ’ ਚੋਣ ਮੁਹਿੰਮ ਨੂੰ ‘ਜੁਮਲਾ’ ਦੱਸਦਿਆਂ ਇਸ ਦਾ ਮਜ਼ਾਕ ਉਡਾਇਆ ਅਤੇ ਆਖਿਆ ਕਿ ਅਜਿਹੀ ਮੁਹਿੰਮ ਨਾਲ ਦੇਸ਼ ਵਾਸੀਆਂ ਦੀਆਂ ਅਸਲ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ।  ਅੱਜ ਪਟਿਆਲਾ ਵਿੱਖੇ ਪਾਰਟੀ ਵਿਧਾਇਕਾਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ੋਨ ਇੰਚਾਰਜਾਂ ਅਤੇ ਫਰੰਟਲ ਆਰਗਨਾਈਜੇਸ਼ਨਾਂ ਦੇ ਮੁਖੀਆਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਅਜਿਹੇ ਨਾਅਰਿਆਂ ਨਾਲ ਸਾਡੇ ਗਰੀਬ ਲੋਕਾਂ ਨਾਲ ਢਿੱਡ ਨਹੀਂ ਭਰੇਗਾ ਅਤੇ ਨਾ ਹੀ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਨਸੀਬ ਹੋਣਗੀਆਂ।’’ ਇਹ ਮੀਟਿੰਗ ਪਟਿਆਲਾ ਲੋਕ ਸਭਾ ਹਲਕੇ ਤੋਂ ਪਾਰਟੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਗਈ ਸੀ।  ਮੁੱਖ ਮੰਤਰੀ ਨੇ ਆਖਿਆ ਕਿ ‘ਜੁਮਲਾ’ ਪਾਰਟੀ ਆਪਣੇ ਇਨਾਂ ਸਾਲਾਂ ਦੌਰਾਨ ਕੋਈ ਵੀ ਵਾਅਦਾ ਪੁਗਾਉਣ ਵਿੱਚ ਨਾਕਾਮ ਰਹੀ ਹੈ ਅਤੇ ਹੁਣ ਵੋਟਾਂ ਹਾਸਲ ਕਰਨ ਲਈ ਮਾਯੂਸੀ ਦੇ ਆਲਮ ’ਚ ਹੋਰ ਜੁਮਲੇਬਾਜ਼ੀ ’ਤੇ ਉਤਰ ਆਈ ਹੈ। ਉਨਾਂ ਕਿਹਾ ਕਿ ਦੇਸ਼ ਦੇ ਲੋਕ ਅਜਿਹੇ ਖੋਖਲੇ ਨਾਅਰਿਆਂ ਤੇ ਵਾਅਦਿਆਂ ਤੋਂ ਬੁਰੀ ਤਰਾਂ ਅੱਕ ਗਏ ਹਨ ਅਤੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਪਿਛਲੇ ਪੰਜ ਸਾਲਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਉਨਾਂ ਲਈ ਕੀ ਕੀਤਾ ਹੈ।  ਲੋਕ ਸਭਾ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪੂਰੀ ਤਿਆਰੀ ਹੋਣ ਦਾ ਐਲਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨਾਂ ਨੂੰ ਭਰੋਸਾ ਹੈ ਕਿ ਪਾਰਟੀ 13 ਦੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਥਿਤੀ ਸੂਬੇ ਵਿੱਚ ਬਹੁਤ ਮਜ਼ਬੂਤ ਹੈ ਅਤੇ ਉਨਾਂ ਨੇ ਆਪਣੇ ਪਹਿਲੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਪਾਰਟੀ ਨੂੰ ਕਿਸੇ ਹੋਰ ਨਾਲ ਗਠਜੋੜ ਦੀ ਲੋੜ ਨਹੀਂ ਅਤੇ ਸੂਬੇ ਵਿੱਚ ਇਕਲਿਆਂ ਹੀ ਚੋਣ ਮੈਦਾਨ ਵਿੱਚ ਨਿਤਰੇਗੀ।  ਹਾਲ ਹੀ ਵਿੱਚ ਭਾਰਤੀ ਹਵਾਈ ਫੌਜ ਦੇ ਹਵਾਈ ਹਮਲਿਆਂ ਦਾ ਚੋਣ ਦਿ੍ਰਸ਼ ’ਤੇ ਕੋਈ ਅਸਰ ਪੈਣ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਕੁਝ ਵੀ ਵਾਪਰਰਨ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਜੋ ਕੁਝ ਵੀ ਭਾਜਪਾ ਸਰਕਾਰ ਨੇ ਕੀਤਾ ਹੈ ਉਸ ਵਿੱਚ ਕੁਝ ਵੀ ਅਸਧਾਰਨ ਨਹੀਂ ਹੈ। ਉਨਾਂ ਕਿਹਾ ਪੁਲਵਾਮਾ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਕਰਨੀ ਮੌਜੂਦਾ ਸਰਕਾਰ ਦੀ ਡਿੳੂਟੀ ਬਣਦੀ ਸੀ ਅਤੇ ਜੇਕਰ ਕਾਂਗਰਸ ਵੀ ਸੱਤਾ ਵਿੱਚ ਹੁੰਦੀ ਤਾਂ ਇਹੀ ਕਦਮ ਚੁੱਕਦੀ।  ਭਾਰਤੀ ਸੈਨਾਵਾਂ ਦਾ ਸਿਆਸੀਕਰਨ ਦੀਆਂ ਕੋਸ਼ਿਸ਼ਾਂ ਲਈ ਭਾਜਪਾ ’ਤੇ ਵਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਰੱਖਿਆ ਸੈਨਾਵਾਂ ਕੁਦਰਤੀ ਤੌਰ ’ਤੇ ਗੈਰ-ਸਿਆਸੀ ਹੁੰਦੀਆਂ ਹਨ ਜੋ ਉਨਾਂ ਨੂੰ ਭਾਰਤ ਦਾ ਅਸਲ ‘ਚੌਕੀਦਾਰ’ ਬਣਾਉਂਦੀਆਂ ਹਨ। ਉਨਾਂ ਕਿਹਾ ਕਿ ਕਾਂਗਰਸ ਨੇ ਅਜਿਹਾ ਕਦੀ ਵੀ ਨਹੀਂ ਕੀਤਾ ਅਤੇ ਨਾ ਹੀ ਕੋਈ ਸਿਆਸੀ ਪਾਰਟੀ ਅਜਿਹਾ ਚਾਹੁੰਦੀ ਹੈ ਕਿ ਉਸ ਦਾ ਨਾਂ ਅਜਿਹੇ ਸੌੜੇ ਕੰਮਾਂ ਵਿੱਚ ਸ਼ਾਮਲ ਹੋਵੇ।  ਪਟਿਆਲਾ ਵਿੱਚ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਦਾ ਘਿਰਾਓ ਕਰਨ ਦੀ ਅਕਾਲੀਆਂ ਵੱਲੋਂ ਦਿੱਤੀ ਧਮਕੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੇ ਪੰਜਾਬ ਵਿੱਚ ਅਕਾਲੀ ਦਲ ਦਾ ਘਿਰਾਓ ਕਰੇਗੀ ਤੇ ਉਨਾਂ ਨੂੰ ਲੁਕਣ ਲਈ ਕੋਈ ਖੂੰਜਾ ਵੀ ਨਹੀਂ ਲੱਭਣਾ।  ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਪਾਸੋਂ ਪਟਿਆਲਾ ਤੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਪੁੱਛੇ ਜਾਣ ’ਤੇ ਉਨਾਂ ਕਿਹਾ ਕਿ ਉਹ ਆਪਣੇ ਵੱਲੋਂ ਵਿਰੋਧੀਆਂ ਨੂੰ ਟੱਕਰ ਦੇਣ ਲਈ ਪੂਰੀ ਤਰਾਂ ਤਿਆਰ ਹਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਟਿਆਲਾ ਸਮੇਤ ਪੰਜਾਬ ਦੇ ਵਿਕਾਸ ਲਈ ਕੰਮ ਕੀਤਾ ਹੈ ਅਤੇ ਲੋਕਾਂ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ। ----------