• Home
  • ਏਸ਼ੀਆਈ ਖੇਡਾਂ ‘ਚ ਮੱਲਾਂ ਮਾਰ ਕੇ ਆਏ ਲਾਲਾਂ ਦਾ ਸ਼ਾਨਦਾਰ ਸਵਾਗਤ

ਏਸ਼ੀਆਈ ਖੇਡਾਂ ‘ਚ ਮੱਲਾਂ ਮਾਰ ਕੇ ਆਏ ਲਾਲਾਂ ਦਾ ਸ਼ਾਨਦਾਰ ਸਵਾਗਤ

ਮਾਨਸਾ, (ਖ਼ਬਰ ਵਾਲੇ ਬਿਊਰੋ): ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸਵਰਨ, ਸੁਖਮੀਤ ਅਤੇ ਮਨਪ੍ਰੀਤ ਕੌਰ ਨੂੰ ਮਾਨਸਾ ਦੇ ਸਿਰ ਤੇ ਸੋਨੇ—ਚਾਂਦੀ ਦੀ ਕਲਗ਼ੀ ਸਜਾਉਣ ਵਾਲੇ ਖਿਡਾਰੀ ਐਲਾਨਦਿਆਂ ਮਾਨਸਾ ਪੁੱਜਣ 'ਤੇ ਇਨਾਂ ਖਿਡਾਰੀਆਂ ਅਤੇ ਇਨਾਂ ਦੇ ਮਾਪਿਆਂ ਨੂੰ ਬੱਚਤ ਭਵਨ ਵਿਖੇ ਇਕ ਜ਼ਿਲਾ ਪੱਧਰੀ ਸਮਾਰੋਹ ਦੌਰਾਨ ਅੱਜ ਸਨਮਾਨਤ ਕੀਤਾ।
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਹੋਈਆਂ 18ਵੀਆਂ ਏਸ਼ੀਆਈ ਖੇਡਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਮਗ਼ੇ ਫੁੰਡਣ ਵਾਲੇ ਸਟਾਰ ਖਿਡਾਰੀਆਂ ਸਵਰਨ ਸਿੰਘ, ਸੁਖਮੀਤ ਸਿੰਘ ਅਤੇ ਮਨਪ੍ਰੀਤ ਕੌਰ ਦਾ ਜ਼ਿਲਾ ਪ੍ਰਸ਼ਾਸਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।।
ਉਨਾਂ ਉਮੀਦ ਜਤਾਈ ਕਿ ਸਾਰੇ ਖਿਡਾਰੀ ਨੌਜਵਾਨੀ ਨੂੰ ਨਿਰੰਤਰ ਸੇਧ ਦੇਣ ਲਈ ਇਸੇ ਤਰਾਂ ਮੋਹਰੀ ਭੂਮਿਕਾ ਨਿਭਾਉਂਦੇ ਰਹਿਣਗੇ। ਮਾਨਸਾ ਦੇ ਐਸ.ਐਸ.ਪੀ. ਸ੍ਰੀ ਮਨਧੀਰ ਸਿੰਘ ਨੇ ਖਿਡਾਰੀਆਂ ਨੂੰ ਵਕਾਰੀ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਉਨਾਂ ਨੂੰ ਨਸ਼ਾ ਮੁਕਤ ਮੁਹਿੰਮ ਵਿੱਚ ਵੱਧ-ਚੜ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।। ।
ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ 'ਤੇ ਪੁੱਜਣ ਮੌਕੇ ਜ਼ਿਲਾ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸੈਂਕੜੇ ਲੋਕਾਂ ਵੱਲੋਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਕਾਰਾਂ, ਗੱਡੀਆਂ ਤੇ ਮੋਟਰ ਸਾਈਕਲਾਂ ਦੇ ਕਾਫ਼ਲੇ ਦੇ ਰੂਪ ਵਿੱਚ ਰੇਲਵੇ ਸਟੇਸ਼ਨ ਤੋਂ ਗਊਸ਼ਾਲਾ ਰੋਡ, ਮੇਨ ਬਾਜ਼ਾਰ, ਬੱਸ ਸਟੈਂਡ ਚੌਕ, ਕੋਰਟ ਰੋਡ ਅਤੇ ਦਫ਼ਤਰ ਡਿਪਟੀ ਕਮਿਸ਼ਨਰ ਮਾਨਸਾ, ਮਾਨਸਾ ਖ਼ੁਰਦ, ਐਚ.ਐਸ. ਰੋਡ, ਮਾਨਸਾ ਕੈਂਚੀਆਂ, ਤਿੰਨਕੋਣੀ, ਜਵਾਹਰਕੇ ਕੈਂਚੀਆਂ, ਨੰਗਲ ਕਲਾਂ, ਡੇਲੂਆਣਾ ਤੋਂ ਸਵਰਨ ਸਿੰਘ ਦੇ ਪਿੰਡ ਦਲੇਲ ਵਾਲਾ ਤੱਕ, ਉਸ ਤੋਂ ਅੱਗੇ ਆਲਮਪੁਰ ਮੰਦਰਾਂ ਤੋਂ ਮਨਪ੍ਰੀਤ ਕੌਰ ਦੇ ਪਿੰਡ ਕਾਸਿਮਪੁਰ ਛੀਨਾ ਤੱਕ ਅਤੇ  ਕੈਂਚੀਆਂ ਤੋਂ ਮਾਨਸਾ ਖ਼ੁਰਦ, ਲੱਲੂਆਣਾ, ਦਲੇਲ ਸਿੰਘ ਵਾਲਾ ਤੋਂ ਸੁਖਮੀਤ ਸਿੰਘ ਦੇ ਪਿੰਡ ਕਿਸ਼ਨਗੜ• ਫਰਵਾਹੀ ਤਕ ਮਾਰਚ ਕੀਤਾ ਗਿਆ।। ਸਮਾਗਮ ਦੌਰਾਨ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ• ਸ੍ਰੀ ਲਤੀਫ਼ ਅਹਿਮਦ, ਐਸ.ਪੀ. (ਐਚ) ਸ੍ਰੀ ਮੇਜਰ ਸਿੰਘ, ਸੀਨੀਅਰ ਕਾਂਗਰਸੀ ਆਗੂ ਸ. ਅਜੀਤ ਇੰਦਰ ਸਿੰਘ ਮੋਫ਼ਰ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਬਿਕਰਮਜੀਤ ਸਿੰਘ ਮੋਫ਼ਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।