• Home
  • ਰਾਹਾਂ ਵਿਚ ਘੁੰਮਦੇ ਅਵਾਰਾ ਬੱਚਿਆਂ ਨੂੰ ਬਣਾਇਆ ਖਿਡਾਰੀ:-ਖਿਡਾਰੀਆਂ ਦਾ ਮਸੀਹਾ ਕੋਚ ਇੰਦਰਜੀਤ ਸਿੰਘ

ਰਾਹਾਂ ਵਿਚ ਘੁੰਮਦੇ ਅਵਾਰਾ ਬੱਚਿਆਂ ਨੂੰ ਬਣਾਇਆ ਖਿਡਾਰੀ:-ਖਿਡਾਰੀਆਂ ਦਾ ਮਸੀਹਾ ਕੋਚ ਇੰਦਰਜੀਤ ਸਿੰਘ

"ਵਿਚ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣੁ ਪਾਈਐ"
ਗੁਰਬਾਣੀ ਦੇ ਇਹਨਾਂ ਮਹਾਵਾਕਾਂ ਨੂੰ ਆਪਣੀ ਜ਼ਿੰਦਗੀ ਦਾ ਹਿਸਾ ਬਣਾਉਣ ਲਈ ਬੰਦੇ ਨੂੰ ਪਤਾ ਨਹੀਂ ਕਿੰਨੀਆ ਹੀ ਮੰਗਰੋੜ ਰਾਹਾਂ ਵਿਚੋਂ ਲੰਘਣਾ ਪੈਂਦਾ ਹੈ ਤੇ ਕਿੰਨੇਂ ਹੀ ਆਲੋਚਨਾ ਰੂਪੀ ਸੂਰਜ ਦਾ ਸੇਕ ਆਪਣੇ ਪਿੰਡੇ ਉੱਪਰ ਹੰਢਾਉਣਾ ਪੈਂਦਾ ਹੈ ਤਾਂ ਜਾਕੇ ਦਰਗਹ ਵਿਚ ਥਾਂ ਮਿਲਦੀ ਹੈ।ਪਰ ਰੋਪੜ ਸ਼ਹਿਰ ਦਾ ਵਸਨੀਕ ਤੇ ਹਾਕੀ ਕੋਚ ਸ:ਇੰਦਰਜੀਤ ਸਿੰਘ ਇਹਨਾਂ ਗੁਰਵਾਕਾਂ ਨੂੰ ਆਪਣੀ ਜ਼ਿੰਦਗੀ ਦਾ ਨੇਮ ਬਣਾ ਚੁੱਕਾ ਹੈ।ਉਸਨੇ ਆਪਣੀ ਜ਼ਿੰਦਗੀ ਨੂੰ ਸਮਾਜ ਤੇ ਹਾਕੀ ਪ੍ਰਤਿ ਇਸ ਕਦਰ ਸਮਰਪਿਤ ਕੀਤਾ ਹੈ ਕਿ ਅੱਜ ਉਹ ਖਿਡਾਰੀਆਂ ਵਿਚ ਮਸੀਹਾ ਬਣ ਗਿਆ ਹੈ ਤੇ ਖਿਡਾਰੀ ਉਸਨੂੰ ਰੱਬ ਵਾਂਗ ਪੂਜਦੇ ਹਨ। ਰੋਪੜ ਸ਼ਹਿਰ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਅਵਾਰਾ ਘੁੰਮਦੇ ਬੱਚਿਆਂ ਨੂੰ ਵੇਖ ਉਸਦੇ ਮਨ ਵਿਚ ਹਾਕੀ ਅਕੈਡਮੀ ਖੋਲਣ ਦਾ ਖਿਆਲ ਆਇਆ ਤਾਂ ਕਿ ਬੱਚਿਆਂ ਨੂੰ ਸਹੀ ਸੇਧ ਦਿੱਤੀ ਜਾ ਸਕੇ।
ਫੇਰ ਕੀ ਸੀ ਰੱਬ ਅੱਗੇ ਅਰਦਾਸ ਕਰ ਉਸਨੇ 1999 ਵਿਚ ਰੂਪਨਗਰ ਹਾਕੀ ਅਕੈਡਮੀ (ਗੋਬਿੰਦ ਵੈਲੀ) ਦਾ ਦਰ ਖਿਡਾਰੀਆਂ ਲਈ ਖੋਲ ਦਿੱਤਾ।
ਬਤੌਰ ਬਿਜਲੀ ਬੋਰਡ ਦੀ ਨੌਕਰੀ ਕਰਦਿਆਂ ਉਸਨੇ ਆਪਣੀ ਤਨਖਾਹ ਵਿਚੋਂ ਹੀ ਪੈਸੇ ਬਚਾਕੇ ਖਿਡਾਰੀਆਂ ਨੂੰ ਮੁਫ਼ਤ ਵਿਚ ਹਾਕੀਆਂ, ਬਾਲਾਂ, ਵਰਦੀਆਂ ਦਿਤੀਆਂ। ਰੇਲਵੇ ਸਟੇਸ਼ਨ, ਬੱਸ ਅੱਡੇ,ਸੜਕਾਂ ਉੱਪਰ ਜਿਹੜਾ ਵੀ ਬੱਚਾ ਉਸਨੂੰ ਅਵਾਰਾ ਘੁੰਮਦਾ ਦਿਖਦਾ ਉਹ ਉਸਦੀ ਬਾਂਹ ਫੜ ਲੈਂਦਾ ਤੇ ਆਪਣੇ ਮੈਦਾਨ ਵਿਚ ਲੈ ਆਉਂਦਾ ਅਤੇ ਆਪਣੇ ਹੁਨਰ ਨਾਲ ਉਹਨਾਂ ਨੂੰ ਚੰਗੀ ਤਰਾਂ ਮਾਂਜਦਾ।
ਇਸ ਤਰਾਂ ਹੋਲੀ ਹੋਲੀ ਅਕੈਡਮੀ ਵਿਚ 80 ਦੇ ਕਰੀਬ ਖਿਡਾਰੀ ਹੋ ਗਏ। ਬਸ ਇੰਦਰਜੀਤ ਸਿੰਘ ਨੇ ਜਿਸਨੂੰ ਵੀ ਹੱਥ ਲਾਇਆ ਉਹ ਹੀਰਾ ਹੋ ਗਿਆ।
ਅੱਜ ਇਸ ਅਕੈਡਮੀ ਨੂੰ ਖੁੱਲ੍ਹੇ ਕਈ ਸਾਲ ਹੋ ਗਏ ਹਨ ਤੇ ਇੰਦਰਜੀਤ ਉਸੀ ਤਰ੍ਹਾਂ ਖਿਡਾਰੀਆਂ ਦੀ ਸੇਵਾ ਵਿਚ ਦਿਨ ਰਾਤ ਹਾਜ਼ਿਰ ਰਹਿੰਦਾ ਹੈ।ਰੱਬ ਦੀ ਰਹਿਮਤ ਦਾ ਵੀ ਕਮਾਲ ਦੇਖੋ ਕਿ ਅੱਜ ਇਸ ਬਾਗ ਦੀ ਮਹਿਕ ਪੰਜਾਬੋਂ ਬਾਹਰ ਤੱਕ ਫੈਲੀ ਹੈ। ਇਸ ਅਕੈਡਮੀ ਦੇ ਖਿਡਾਰੀ ਪੰਜਾਬ ਦੀਆਂ ਨਾਮੀ ਅਕੈਡਮੀਆਂ ਵਿਚ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਹੇ ਹਨ। 50 ਤੋਂ ਵੱਧ ਖਿਡਾਰੀ ਜਰਖੜ ਅਕੈਡਮੀ,ਸੁਰਜੀਤ ਅਕੈਡਮੀ,ਚੰਡੀਗੜ੍ਹ ਅਕੈਡਮੀ ਵਿਚ ਖੇਡ ਰਹੇ ਹਨ,ਇਹਨਾਂ ਖਿਡਾਰੀਆਂ ਨੇ ਅੱਗੇ ਬਿਜਲੀ ਬੋਰਡ,ਪੰਜਾਬ ਪੁਲਿਸ,ਬਾਰਡਰ ਫੋਰਸ ਆਦਿ ਵਿਭਾਗਾਂ ਵਿਚ ਖੇਡ ਕੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ।
ਮਹਿਕਦੇ ਬਾਗਾਂ ਨੂੰ ਵੇਖਕੇ ਅਕਸਰ ਸ਼ਿਕਾਰੀ ਇਹਨਾਂ ਨੂੰ ਉਜਾੜਨ ਦਾ ਯਤਨ ਕਰਦੇ ਹਨ ਪਰ ਉਸਨੇ ਇਸ ਬਾਗ ਨੂੰ ਉਜੜਨ ਨਾ ਦਿੱਤਾ ਸਗੋਂ ਆਲੋਚਕਾਂ ਦੀ ਹਿੱਕ ਤੇ ਦੀਵਾ ਬਾਲਕੇ ਰੱਖਿਆ। ਉਸਦੇ ਸੰਘਰਸ਼ ਨੂੰ ਇਹ ਸਤਰਾਂ ਪੇਸ਼ ਕਰਦੀਆਂ ਹਨ
"ਮੌਸਮਾਂ ਦੀ ਫਿਤਰਤ ਹੈ ਬਦਲਣਾ ਬਿਨਾ ਦੱਸੇ ਤੂਫਾਨ ਲਿਆਉਂਦੇ ਨੇ
ਮੈਂ ਖੜਾ ਰਿਹਾ ਇਕ ਦੀਵਾ ਲੈਕੇ
ਮੌਸਮਾਂ ਦੀ ਫ਼ਿਤਰਤ ਬਦਲਣ ਲਈ"ਏਨੇ ਸਾਲਾਂ ਦੇ ਉਤਰਾਅ ਚੜਾਅ ਤੋਂ ਬਾਅਦ ਵੀ ਇਹ ਕੋਚ ਥੱਕਿਆ ਨਹੀਂ ਤੇ ਅੱਜ ਵੀ ਡਿਊਟੀ ਖਤਮ ਹੁੰਦੇ ਸਾਰ ਮੈਦਾਨ ਵਿਚ ਪਹੁੰਚ ਜਾਂਦਾ ਤੇ ਆਪਣੇ ਹੁਨਰ ਦੇ ਹਥੋੜ੍ਹਿਆ ਨਾਲ ਤਰਾਸ਼ਣ ਲੱਗ ਜਾਂਦਾ ਕੋਈ ਰਾਹ ਤੋਂ ਫੜਿਆ ਖਿਡਾਰੀ।