• Home
  • ਬੱਸ! ਹੁਣ ਹੋਰ ਨਹੀਂ :-ਸੰਤ ਰਾਮ ਉਦਾਸੀ ਦੇ ਜਨਮ ਦਿਨ ਤੇ

ਬੱਸ! ਹੁਣ ਹੋਰ ਨਹੀਂ :-ਸੰਤ ਰਾਮ ਉਦਾਸੀ ਦੇ ਜਨਮ ਦਿਨ ਤੇ

ਰਚਨਾ ਤੇ ਪੇਸ਼ਕਸ਼ :- ਪ੍ਰੋਫੈਸਰ ਗੁਰਭਜਨ ਗਿੱਲ

ਅੱਜ ਛੇ ਨਵੰਬਰ ਹੈ

ਅੱਜ ਦੇ ਦਿਨ ਪੰਜਾਬੀ ਲੋਕ ਕਵੀ ਸੰਤ ਰਾਮ ਉਦਾਸੀ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ ਸੀ।
ਉਸ ਬਾਰੇ ਅੱਜ ਪੰਜਾਬੀ ਟ੍ਰਿਬਿਊਨ ਨੇ ਬਹੁਤ ਖ਼ੂਬਸੂਰਤ ਨਿੱਕੇ ਨਿੱਕੇ ਦੋ ਲੇਖ ਛਾਪੇ ਹਨ। ਉਦਾਸੀ ਦੀ ਧੀ ਇਕਬਾਲ ਕੌਰ ਤੇ ਰਾਜਿੰਦਰਜੀਤ ਕਾਲਾ ਬੂਲਾ ਦਾ। ਕਦੇ ਮੈਂ ਵਾ ਇੱਕ ਵੱਡਾ ਲੇਖ ਲਿਖਿਆ ਸੀ ਜੋ ਅਜਮੇਰ ਸਿੱਧੂ ਵੱਲੋਂ ਉਦਾਸੀ ਬਾਰੇ ਸੰਪਾਦਿਤ ਪੁਸਤਕ ਚ ਸ਼ਾਮਿਲ ਹੈ।
ਪੰਜਾਬ ਦੀ ਵਰਤਮਾਨ ਰਾਜਨੀਤਕ ਖਿੱਚੋਤਾਣ ਵੱਲ ਵੇਖਦਿਆਂ ਸੰਤ ਰਾਮ ਉਦਾਸੀ ਬੜਾ ਚੇਤੇ ਆਉਂਦਾ ਹੈ। ਜਿਸ ਲਿਖਿਆ ਸੀ
ਹਨੂਮਾਨ ਲਲਕਾਰੇ ਕਿਹੜੇ ਰਾਵਣ ਨੂੰ,
ਰਾਵਣ ਦੇ ਤਾਂ ਸਾਹਵੇਂ ਰਾਮ ਖਲੋਇਆ ਹੈ।
ਸੰਤ ਰਾਮ ਉਦਾਸੀ ਨੂੰ ਸ਼ਰਧਾਂਜਲੀ ਵਜੋਂ ਪਾਕਿਸਤਾਨ ਚ ਪੰਜਾਬੀ ਸ਼ਾਇਰ ਅਫ਼ਜ਼ਲ ਸਾਹਿਰ ਵੀ ਕਾਫੀ ਕੰਮ ਕਰ ਰਿਹੈ। ਰਾਜਵਿੰਦਰ ਰਾਹੀ ਨੇ ਬੁਨਿਆਦੀ ਕਾਵਿ ਸੰਗ੍ਰਹਿ ਤਿਆਰ ਕਰਕੇ ਯਾਦਗਾਰੀ ਕਾਰਜ ਕਰ ਦਿੱਤਾ ਸੀ ਸਭ ਤੋਂ ਪਹਿਲਾਂ।
ਪਰ ਅਜੇ ਵੀ ਬਹੁਤ ਕੁਝ ਬਾਕੀ ਹੈ।
ਮੇਰੀ ਇਹ ਨਜ਼ਮ ਸੰਤ ਰਾਮ ਉਦਾਸੀ
ਨੂੰ ਸ਼ਰਧਾਂਜਲੀ ਵਜੋਂ ਪ੍ਰਵਾਨ ਕਰੋ।

ਬੱਸ! ਹੁਣ ਹੋਰ ਨਹੀਂ।

ਗੁਰਭਜਨ ਗਿੱਲ

ਅੱਗ ਨੂੰ ਕਹੋ
ਚੁੱਲ੍ਹਿਆਂ ਚ ਰਹੇ
ਸਿਵਿਆਂ ਦੇ ਰਾਹ ਨਾ ਪਵੇ।
ਸਾਥੋਂ ਹੁਣ ਹੋਰ ਨਹੀਂ
ਰੋਇਆ ਜਾਂਦਾ।

ਪੀਪਿਆਂ ਚ ਆਟੇ ਦੀ ਥਾਂ
ਮੋਈਆਂ ਰੀਝਾਂ ਦੇ ਕੰਕਾਲ ਨੇ।
ਪਰਾਤ ਵਿੱਚ ਰੋਟੀਆਂ ਨਹੀਂ
ਸੁਪਨਿਆਂ ਦੀਆਂ ਬੋਟੀਆਂ ਨੇ।
ਨੈਣਾਂ ਚ ਸੁੱਕ ਰਹੇ ਨੇ ਸੱਤ ਸਮੁੰਦਰ
ਮੱਥੇ ਤੇ ਆਣ ਬੈਠੀਆਂ ਨੇ
ਕਲਜੋਗਣਾਂ
ਘੂਕਦੀਆਂ ਕਾਰਾਂ ਚ
ਸਾਡਾ ਖ਼ੂਨ ਬਾਲ ਕੇ।
ਸਾਡੇ ਹੀ ਦਮੜਿਆਂ ਨਾਲ ਉਣੀ
ਸੁਰੱਖਿਆ ਛਤਰੀ ਲੈ ਕੇ।
ਆ ਪਹੁੰਚੀ ਹੈ ਧਾੜ!
ਕਹੋ!
ਇਹ ਜ਼ਿੰਦਗੀ ਨਾਲ
ਮਜ਼ਾਕ ਦਾ ਵੇਲਾ ਨਹੀਂ।

ਇਨ੍ਹਾਂ ਨੂੰ ਕਹੋ
ਕੀਰਨਿਆਂ ਦੇ ਮੌਸਮ ਚ
ਸਾਨੂੰ ਇਨ੍ਹਾਂ ਦੇ ਫੋਕੇ ਦਿਲਾਸੇ
ਚੰਗੇ ਨਹੀਂ ਲੱਗਦੇ।
ਇੱਕ ਦੂਸਰੇ ਤੇ ਦੰਦੀਆਂ ਪੀਂਹਦੇ
ਨਾਟਕਬਾਜ਼
ਆਪਣਾ ਤਮਾਸ਼ਾ ਬੰਦ ਕਰਨ।
ਦਰਦਾਂ ਵੇਲੇ
ਨਰਦਾਂ ਨਹੀਂ ਚਲਾਈਦੀਆਂ।

ਤੁਹਾਨੂੰ ਗ਼ਰਜ਼ਾਂ ਪਿਆਰੀਆਂ ਨੇ
ਤਾਂ ਆਪਣੇ ਰਾਹ ਪਵੋ।
ਡੰਡੀ ਲੱਗੋ ,ਬੇਹਯਾਉ!
ਸਾਨੂੰ ਫ਼ਰਜ਼ ਨਿਭਾਉਣ ਦਿਉ।
ਸ਼ੀਸ਼ੇ ਚ ਮੂੰਹ ਵੇਖੋ!
ਸਾਡਾ ਮੂੰਹ ਨਾ ਖੁੱਲਾਉ।
ਤੁਰੰਤ ਤੁਰ ਜਾਉ।

ਅੰਗੀਠੀ ਚ ਕੋਲੇ
ਮਘਾਉਂਦਿਆਂ ਨੂੰ ਕਹੋ
ਬੱਸ ਕਰੋ
ਕਮਰੇ ਬੰਦ ਨੇ
ਸਾਹ ਲੈਣ ਵਾਲੀ ਕੋਈ ਖਿੜਕੀ
ਤੁਸੀਂ ਖੁੱਲ੍ਹੀ ਨਹੀਂ ਰਹਿਣ ਦਿੱਤੀ।
ਸਾਵਧਾਨ! ਬਦਹਵਾਸੋ
ਜ਼ਹਿਰੀਲੇ ਧੂੰਏਂ ਚ
ਸਾਨੂੰ ਨਾ ਮਾਰੋ।
ਕਿੱਥੇ ਤੁਰ ਗਈ ਏ ਸੱਜਰੀ ਹਵਾ
ਸ਼ਾਇਦ ਮਰ ਗਈ ਹੈ
ਅੱਖੀਆਂ ਚ ਖੁਸ਼ੀ ਵਾਂਗ।
ਦਰਖ਼ਤੋ ਝੂਮਦੇ ਰਹੋ!
ਤੁਸੀਂ ਹੀ ਬਚੇ ਹੋ
ਆਸ ਦੀ ਆਖ਼ਰੀ ਤੰਦ।
ਚਲੋ !
ਇਨ੍ਹਾਂ ਬਚੇ ਕੁਝ ਹਰਿਆਵਲੇ
ਬਿਰਖਾਂ ਨੂੰ ਸਲਾਮ ਕਹੀਏ
ਪਾਣੀ ਪਾਈਏ।