• Home
  • GHG ਖ਼ਾਲਸਾ ਕਾਲਜ ਸੁਧਾਰ ਚ ਜਲ ਸੈਨਾ ਮੁਖੀ ਨੇ “ਸ਼ੂਟਿੰਗ ਰੇਂਜ” ਦਾ ਕੀਤਾ ਉਦਘਾਟਨ:-ਪੜ੍ਹੋ ਸੰਬੋਧਨ ਚ ਕੀ ਕਿਹਾ ?

GHG ਖ਼ਾਲਸਾ ਕਾਲਜ ਸੁਧਾਰ ਚ ਜਲ ਸੈਨਾ ਮੁਖੀ ਨੇ “ਸ਼ੂਟਿੰਗ ਰੇਂਜ” ਦਾ ਕੀਤਾ ਉਦਘਾਟਨ:-ਪੜ੍ਹੋ ਸੰਬੋਧਨ ਚ ਕੀ ਕਿਹਾ ?

ਗੁਰੂਸਰ ਸੁਧਾਰ / ਗਿੱਲ
ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਵੱਲੋਂ ਨਵੀਂ ਉਸਾਰੀ ਅੰਤਰਰਾਸ਼ਟਰੀ ਪੱਧਰ ਦੀ ਸ਼ੂਟਿੰਗ ਰੇਂਜ ਦੇ ਉਦਘਾਟਨ ਤੋਂ ਬਾਅਦ ਭਾਰਤ ਦੀ ਜਲ ਸੈਨਾ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਕਿਹਾ ਕਿ ਹੁਣ ਪੇਂਡੂ ਖੇਤਰ ਦੇ ਬੱਚੇ ਵੀ ਬਿਹਤਰੀਨ ਨਿਸ਼ਾਨੇਬਾਜ਼ ਬਣਨਗੇ। ਉਨ੍ਹਾਂ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਜਲ ਸੈਨਾ ਦਾ ਹਿੱਸਾ ਬਣ ਕੇ ਆਪਣੇ ਸ਼ਾਨਦਾਰ ਭਵਿੱਖ ਅਤੇ ਦੇਸ਼ ਸੇਵਾ ਲਈ ਸਮਰਪਿੱਤ ਹੋਣ ਦਾ ਸੱਦਾ ਦਿੱਤਾ। ਪੇਂਡੂ ਇਲਾਕੇ ਵਿਚ ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਸੰਸਥਾ ਦੇ ਸਥਾਪਕਾਂ ਅਤੇ ਬੁਲੰਦੀਆਂ 'ਤੇ ਪਹੁੰਚਾਉਣ ਵਾਲ਼ੀ ਪ੍ਰਬੰਧਕ ਕਮੇਟੀ ਦੀ ਉਨ੍ਹਾਂ ਰੱਜ ਕੇ ਤਾਰੀਫ ਕੀਤੀ ਅਤੇ ਖੁੱਦ ਨੂੰ ਭਾਗਸ਼ਾਲੀ ਦੱਸਿਆ ਜਿਸ ਨੂੰ ਗੁਰੂਆਂ ਦੇ ਨਾਂ 'ਤੇ ਨਿਹੰਗ ਸ਼ਮਸ਼ੇਰ ਸਿੰਘ ਵਰਗੇ ਮਹਾਂਪੁਰਸ਼ਾਂ ਵੱਲੋਂ ਉਸਾਰੀ ਸੰਸਥਾ ਵਿੱਚ ਇੱਕ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ।
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਹੁਤ ਹੀ ਖ਼ੂਬਸੂਰਤ ਵਾਤਾਵਰਨ ਵਾਲੇ ਇਸ ਪੇਂਡੂ ਕਾਲਜ ਵਿਚ ਜਦੋਂ ਐਡਮਿਰਲ ਸੁਨੀਲ ਲਾਂਬਾ ਪਹੁੰਚੇ ਤਾਂ ਸਭ ਤੋਂ ਪਹਿਲਾਂ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਕਾਲਜ ਕੈਂਪਸ ਵਿਚ ਸੰਸਥਾ ਦੀਆਂ ਮਹੱਤਵਪੂਰਨ ਪ੍ਰਾਪਤੀਆਂ 'ਤੇ ਨਜ਼ਰਸਾਨੀ ਕਰਨ ਬਾਅਦ ਉਨ੍ਹਾਂ ਆਡੀਟੋਰੀਅਮ ਵਿਚ ਆਪਣੇ ਸੰਖੇਪ ਭਾਸ਼ਣ ਦੌਰਾਨ ਉਨ੍ਹਾਂ ਸੰਸਥਾ ਦੀਆਂ ਪ੍ਰਾਪਤੀਆਂ ਦੀ ਬੇਹੱਦ ਤਾਰੀਫ਼ ਕੀਤੀ। ਕਾਲਜ ਦੇ ਡਾਇਰੈਕਟਰ ਸੇਵਾ ਮੁਕਤ ਲੈਫ਼ਟੀਨੈਂਟ ਜਨਰਲ ਇਕਬਾਲ ਸਿੰਘ ਸਿੰਘਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਸ਼ਾਨਦਾਰ ਸੈਨਿਕ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ। ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਜਸਵੰਤ ਸਿੰਘ ਗੁਰਾਇਆ ਨੇ ਇਸ ਮੌਕੇ ਦੱਸਿਆ ਕਿ ਪਹਿਲਾਂ ਇਸ ਸੰਸਥਾ ਦੇ ਵਿਦਿਆਰਥੀ ਸ਼ੂਟਿੰਗ ਦੀ ਸਿਖਲਾਈ ਲਈ ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਜਾਣ ਲਈ ਮਜਬੂਰ ਸਨ, ਪਰ ਹੁਣ ਇੱਥੇ ਹੀ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ।
ਪੱਤਰਕਾਰਾਂ ਦੇ ਪ੍ਰਸ਼ਨ ਦਾ ਉਤਰ ਦਿੰਦਿਆਂ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਦੱਸਿਆ ਕਿ ਤੱਟੀ ਖੇਤਰ ਵਿਚ ਉੱਠੇ ਚੱਕਰਵਰਤੀ ਤੁਫ਼ਾਨ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨਾਲ ਤਾਲਮੇਲ ਕਰ ਕੇ ਜਲ ਸੈਨਾ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ, ਉਨ੍ਹਾਂ ਕਿਹਾ ਕਿ ਜਲ ਸੈਨਾ ਜੋਖ਼ਮ ਅਤੇ ਅਨੰਦ ਦਾ ਹੀ ਸੁਮੇਲ ਹੈ। ਕਾਲਜ ਦੀ ਭੰਗੜਾ ਟੀਮ ਨੇ ਮੁੱਖ ਮਹਿਮਾਨ ਦੇ ਸਾਹਮਣੇ ਸ਼ਾਨਦਾਰ ਪੇਸ਼ਕਾਰੀ ਕਰ ਕੇ ਵਾਹ-ਵਾਹ ਖੱਟੀ। ਇਸ ਮੌਕੇ ਕਾਲਜ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਨੂੰ ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿਚ ਭਾਰਤੀ ਹਵਾਈ ਸੈਨਾ ਦੇ ਏਅਰ ਕੋਮੋਡੋਰ ਅੰਜਨਾ ਬੱਦਰਾ, ਗਰੁੱਪ ਕੈਪਟਨ ਰਾਜੇਸ਼ ਨਿਗਮ, ਪ੍ਰਿੰਸੀਪਲ ਡਾਕਟਰ ਸਤਿੰਦਰ ਕੌਰ, ਪ੍ਰਿੰਸੀਪਲ ਡਾਕਟਰ ਸਰਵਜੀਤ ਕੌਰ, ਪ੍ਰਿੰਸੀਪਲ ਡਾਕਟਰ ਸਵਰਨਜੀਤ ਸਿੰਘ ਦਿਉਲ, ਡਾਕਟਰ ਹਰਜਿੰਦਰ ਸਿੰਘ ਬਰਾੜ ਅਤੇ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਸਮੇਤ ਹੋਰ ਅਨੇਕਾਂ ਸ਼ਖ਼ਸੀਅਤਾਂ ਮੌਜੂਦ ਸਨ।