• Home
  • ਬਾਦਲ ਦਲ ਸੰਕਟ :-ਢੀਂਡਸਾ ਗੁਪਤਵਾਸ ‘ਚ ! ਮਜੀਠੀਆ ਸਾਡਾ ਜਰਨੈਲ ਨਹੀਂ – ਕਈ ਪ੍ਰਧਾਨ ਆਏ ਤੇ ਕਈ ਗਏ ,ਕਿਉਂ ਕਿਹਾ ਟਕਸਾਲੀਆਂ ਨੇ ? ਪੜ੍ਹੋ

ਬਾਦਲ ਦਲ ਸੰਕਟ :-ਢੀਂਡਸਾ ਗੁਪਤਵਾਸ ‘ਚ ! ਮਜੀਠੀਆ ਸਾਡਾ ਜਰਨੈਲ ਨਹੀਂ – ਕਈ ਪ੍ਰਧਾਨ ਆਏ ਤੇ ਕਈ ਗਏ ,ਕਿਉਂ ਕਿਹਾ ਟਕਸਾਲੀਆਂ ਨੇ ? ਪੜ੍ਹੋ

ਪਰਮਿੰਦਰ ਸਿੰਘ ਜੱਟਪੁਰੀ

ਚੰਡੀਗੜ੍ਹ ,ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਕੋਰ ਕਮੇਟੀ ਮੈਂਬਰ ਸੁਖਦੇਵ ਸਿੰਘ ਢੀਂਡਸਾ ਭਾਵੇਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਉਪਰੰਤ ਆਪਣੇ ਆਪਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹੋਣ ਵਾਲੀ ਚਿੱਠੀ ਲਿਖ ਕੇ  ਭਾਵੇਂ ਗੁਪਤ ਵਾਸ ਚ ਚਲੇ ਗਏ ,ਪਰ  ਇਸ ਨਾਲ ਅਕਾਲੀ ਦਲ ਦੇ ਹੁਕਮਰਾਨ ਬਾਦਲ ਪਰਿਵਾਰ ਦੀ ਨੀਂਦ ਹਰਾਮ ਜ਼ਰੂਰ ਹੋ ਗਈ ਹੈ ,ਕਿਉਂਕਿ ਵੱਡੀ ਗਿਣਤੀ ਚ ਛੋਟੇ ਵਰਕਰ ਤੋਂ ਲੈ ਕੇ ਵੱਡੇ ਕੱਦ ਵਾਲੇ ਟਕਸਾਲੀ ਆਗੂ ਇੱਕ ਵਾਰ ਅੰਦਰੋਂ ਅੰਦਰੀ ਬਗਾਵਤ ਦੇ ਰੋਅ ਚ ਜ਼ਰੂਰ ਆ ਗਏ ਹਨ ,ਜੋ ਕਿ ਅਕਾਲੀ ਦਲ ਦੇ ਫੇਰ ਬਦਲ ਚ ਤਿਆਰ ਹੋਣ ਵਾਲੇ ਪਲੇਟਫਾਰਮ ਦੀ ਉਡੀਕ ਚ ਬੈਠੇ ਹਨ ।

ਅਕਾਲੀ ਦਲ ਦੇ ਮਾਝੇ ਦੇ ਤਿੰਨ ਥੰਮ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ ਰਤਨ ਸਿੰਘ ਅਜਨਾਲਾ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਚ ਸਭ ਕੁਝ ਅੱਛਾ ਨਹੀਂ ਹੋ ਰਿਹਾ ਆਦਿ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ  ਤੇ ਸ੍ਰੀ ਅਕਾਲ ਤਖਤ ਸਾਹਿਬ ਚ ਹੋ ਰਹੀਆਂ ਊਣਤਾਈਆਂ ਬਾਰੇ ਦਿੱਤੇ ਚੁਣੌਤੀ ਵਾਲੇ ਬਿਆਨ ਤੋਂ ਬਾਅਦ ਸਿੱਖ ਰਾਜਨੀਤੀ ਚ ਭੂਚਾਲ ਆ ਗਿਆ ਹੈ ।

ਭਾਵੇਂ ਤਿੰਨਾਂ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੇ ਇੱਕ ਸੁਰ ਹੋ ਕੇ ਮਾਝੇ ਚ ਟਕਸਾਲੀ ਅਕਾਲੀਆਂ ਨੂੰ ਨੁਕਰੇ ਲਾਉਣ ਵਾਲੇ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੂੰ ਆਪਣਾ ਜਰਨੈਲ ਮੰਨਣ ਤੋਂ ਇਨਕਾਰ ਕਰ ਦਿੱਤਾ,ਪਰ ਨਾਲ ਹੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਵਿਅਕਤੀ ਵਿਸ਼ੇਸ਼  ਦਾ ਨਹੀਂ ਸਗੋਂ ਸ਼ਹੀਦਾਂ ਦੀ ਜਥੇਬੰਦੀ ਹੈ । ਉਸ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਪ੍ਰਧਾਨ ਆਏ ਤੇ ਕਈ ਗਏ । ਰਾਜਸੀ ਮਾਹਿਰ ਦੱਸਦੇ ਹਨ 'ਵੱਡੇ ਟਕਸਾਲੀ ਅਕਾਲੀਆਂ ਵੱਲੋਂ ਆਪਣੇ ਪ੍ਰਧਾਨ ਦੀ ਕਾਰਜਸ਼ੈਲੀ ਤੇ ਉਂਗਲ ਉਠਾਉਣਾ ਸਮੁੰਦਰ ਚ ਜਵਾਰਭਾਟਾ ਆਉਣ ਤੋਂ  ਪਹਿਲਾਂ  ਉੱਠਣ ਵਾਲੀਆਂ ਲਹਿਰਾਂ ਦੇ ਸੰਕੇਤ ਹਨ ।

ਮਾਝੇ ਚ ਅਕਾਲੀ ਦਲ ਦੀ ਗਰਾਊਂਡ ਨਾਲ ਜੁੜੇ ਹੋਏ ਤਿੰਨੇ ਨੇਤਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਦੀ ਕਿਸੇ ਸਮੇਂ ਅਗਵਾਈ ਕਬੂਲੀ ਹੈ ਅਤੇ ਜਿੱਥੇ ਪੰਜਾਬੀ ਸੂਬੇ ਤੋਂ ਇਲਾਵਾ ਹੋਰ ਵੱਖ ਵੱਖ ਮੋਰਚਿਆਂ ਲਈ  ਜੇਲ੍ਹਾਂ ਕੱਟੀਆਂ ਉੱਥੇ ਤਸ਼ੱਦਦ ਵੀ ਆਪਣੇ ਉੱਤੇ ਹੰਢਾਇਆ ਹੈ । ਪਰ ਮਾਝੇ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ  ਇਨ੍ਹਾਂ ਨੂੰ ਬਾਦਲ ਪਾਲਿਸੀ ਅਨੁਸਾਰ ਪਿਛਲੇ ਦਸ ਸਾਲਾਂ ਤੋਂ ਨੁੱਕਰੇ ਲਗਾਇਆ ਹੋਇਆ ਸੀ ।ਜਿਸ ਕਾਰਨ ਇਹ ਪਾਰਟੀ ਚ ਆਪਣੀ ਘੁੱਟਣ ਮਹਿਸੂਸ ਕਰਦੇ ਸਨ ।ਪਰ ਬਾਦਲਾਂ ਵੱਲੋਂ ਪਿਛਲੇ ਇਤਿਹਾਸ ਅਨੁਸਾਰ ਆਪਣੇ ਖਿਲਾਫ ਬੋਲਣ ਵਾਲੇ ਵੱਡੇ  ਟਕਸਾਲੀ ਅਕਾਲੀਆਂ ਦੇ ਹਸਰ ਨੂੰ ਦੇਖਦਿਆਂ ਕਿਸੇ ਦੀ ਵੀ ਅਕਾਲੀ ਦਲ ਦੇ ਹੁਕਮਰਾਨ ਬਾਦਲ ਪਰਿਵਾਰ ਵਿਰੁੱਧ ਉਂਗਲ ਚੁੱਕਣ ਦੀ ਜ਼ਰੁਅਤ ਨਹੀਂ ਪੈਂਦੀ ਸੀ ,ਕਿਉਂਕਿ ਵੱਡੀ ਗਿਣਤੀ ਸਿੱਖਾਂ ਦੇ ਮਨਾਂ ਵਿੱਚ  ਕਿਤੇ ਨਾ ਕਿਤੇ ਪੰਥਕ ਪਾਰਟੀ ਹੋਣ ਕਾਰਨ  ਸ਼੍ਰੋਮਣੀ ਅਕਾਲੀ ਦਲ ਲਈ ਵਿਸ਼ੇਸ਼ ਥਾਂ ਸੀ ।

ਪਰ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਉਪਰੋਥਲੀ ਹੋਈਆਂ ਘਟਨਾਵਾਂ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਗਾੜੀ ਮਾਮਲੇ ,ਡੇਰਾ ਸੱਚਾ ਸੌਦਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਾਟਕੀ ਢੰਗ ਨਾਲ  ਮੁਆਫੀ ਦਿਵਾਉਣਾ ,ਬਹਿਬਲ ਕਲਾਂ ਗੋਲੀ ਕਾਂਡ ਆਦਿ ਨੇ ਦੇਸ਼ਾਂ ਵਿਦੇਸ਼ਾਂ ਚ ਬੈਠੀ ਸਿੱਖ ਸੰਗਤ ਦੇ ਹਿਰਦਿਆਂ ਤੇ ਗਹਿਰੇ ਜ਼ਖਮ ਕਰ ਦਿੱਤੇ ਸਨ ,ਜੋ ਕਿ ਅਜੇ ਤੱਕ ਵੀ ਹਰੇ ਹਨ ।

ਦੂਜੇ ਪਾਸੇ ਕਾਂਗਰਸ ਪਾਰਟੀ ਜਿਸ ਨੂੰ ਅਕਾਲੀ ਦਲ ਵੱਲੋਂ ਸਿੱਖਾਂ ਦੀ ਨੰਬਰ ਇਕ ਦੁਸ਼ਮਣ ਪਾਰਟੀ ਗਰਦਾਨਿਆ ਗਿਆ ਸੀ ਉਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਏ ਗਏ ਬੇਅਦਬੀ ਘਟਨਾਵਾਂ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਚ ਪੇਸ਼ ਹੋਣ ਤੋਂ ਬਾਅਦ ਹੇਠਲੇ ਪੱਧਰ ਤੱਕ ਅਕਾਲੀ ਦਲ ਦੀ ਸਾਖ਼ ਨੂੰ ਵੱਡਾ ਧੱਕਾ ਲੱਗਾ ਹੈ ਤੇ ਇਸ ਨਾਲ ਲੋਕਾਂ ਦੇ ਮਨਾਂ ਵਿਚ ਭਾਰੀ ਰੋਸ ਵੀ ਪਾਇਆ ਜਾਣ ਲੱਗਾ। ਜਿਸ ਕਾਰਨ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੌਰਾਨ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਬਹੁਤ ਸਾਰੀਆਂ ਥਾਵਾਂ ਤੇ ਉਮੀਦਵਾਰ ਨੂੰ ਖੜ੍ਹੇ ਕਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਕਿਉਂਕਿ ਪਿੰਡਾਂ   ਦੇ ਬਹੁਗਿਣਤੀ ਲੋਕ ਅਕਾਲੀ ਆਗੂਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਬਾਰੇ ਹੀ ਸਵਾਲ ਕਰਦੇ ਸਨ ।

ਅਕਾਲੀ ਦਲ ਵਿੱਚ ਉੱਠੇ ਤੂਫਾਨ ਅਤੇ ਵਿਰੋਧੀਆਂ ਵੱਲੋਂ ਬਾਦਲ ਪਰਿਵਾਰ ਨੂੰ ਕਟਹਿਰੇ ਚ ਖੜ੍ਹੇ ਕਰਨ ਦੀ ਚਲਾਈ ਗਈ ਮੁਹਿੰਮ ਦਾ ਟਾਕਰਾ ਕਰਨ ਲਈ  ਪ੍ਰਕਾਸ਼ ਸਿੰਘ ਬਾਦਲ ਖੁਦ ਪਟਿਆਲਾ ਵਿਖੇ ਹੋ ਰਹੀ 7 ਅਕਤੂਬਰ ਦੀ ਰੈਲੀ ਲਈ ਹਲਕਾ ਪੱਧਰ ਤੇ ਮੀਟਿੰਗਾਂ ਕਰ ਰਹੇ ਹਨ ।ਪਰ ਹੁਣ ਅਕਾਲੀ ਦਲ ਚ ਉੱਠੀ ਬਗਾਵਤ ਨੂੰ ਸ਼ਾਂਤ ਕਰਨ ਲਈ ਇਹ ਦੇਖਣਾ ਹੋਵੇਗਾ ਕਿ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਬਚਾਉਣ ਲਈ ਕਿਹੜਾ ਪੈਂਤੜਾ ਖੇਡਣਗੇ ।