• Home
  • ਕੇਂਦਰੀ ਆਮਦਨ ਕਰ ਵਿਭਾਗ ਵਪਾਰੀਆਂ ਦੀ ਲੁੱਟ ਘਸੁੱਟ ਬੰਦ ਕਰੇ-ਬਿੱਟੂ ਅਤੇ ਆਸ਼ੂ

ਕੇਂਦਰੀ ਆਮਦਨ ਕਰ ਵਿਭਾਗ ਵਪਾਰੀਆਂ ਦੀ ਲੁੱਟ ਘਸੁੱਟ ਬੰਦ ਕਰੇ-ਬਿੱਟੂ ਅਤੇ ਆਸ਼ੂ

ਲੁਧਿਆਣਾ, 24 ਫਰਵਰੀ -ਕੇਂਦਰੀ ਆਮਦਨ ਕਰ ਵਿਭਾਗ ਦੇ ਜਾਂਚ ਵਿੰਗ ਵੱਲੋਂ ਆਏ ਦਿਨ ਵਪਾਰੀਆਂ ’ਤੇ ਮਾਰੇ ਜਾ ਰਹੇ ਛਾਪਿਆਂ ਨੂੰ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਗੰਭੀਰਤਾ ਨਾਲ ਲਿਆ ਹੈ। ਦੋਵਾਂ ਨੇਤਾਵਾਂ ਨੇ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਪਾਰੀ ਵਰਗ ਨੂੰ ਨਜਾਇਜ਼ ਤੌਰ ’ਤੇ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਵਿਭਾਗ ਦੇ ਦਫ਼ਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਵਿਭਾਗੀ ਅਧਿਕਾਰੀਆਂ ਨੂੰ ਦਫ਼ਤਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਸ੍ਰ. ਰਵਨੀਤ ਸਿੰਘ ਬਿੱਟੂ ਅਤੇ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸ਼ਹਿਰ ਦੇ ਵਪਾਰੀ ਲੋਕਾਂ ਵੱਲੋਂ ਨਿੱਤ ਦਿਨ ਕੇਂਦਰੀ ਆਮਦਨ ਕਰ ਵਿਭਾਗ ਦੇ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ ਕਿ ਵਿਭਾਗ ਦੇ ਜਾਂਚ ਵਿੰਗ ਵੱਲੋਂ ਆਏ ਦਿਨ ਅਚਨਚੇਤ ਉਨ੍ਹਾਂ ਦੇ ਵਪਾਰਕ ਅਦਾਰਿਆਂ ਵਿੱਚ ਛਾਪੇਮਾਰੀ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਛਾਪੇਮਾਰੀ ਦੇ ਸਹਾਰੇ ਭਿ੍ਰਸ਼ਟਾਚਾਰ ਨੂੰ ਵਧਾਇਆ ਜਾ ਰਿਹਾ ਹੈ, ਜਿਸ ਨਾਲ ਵਪਾਰੀ ਵਰਗ ਬਹੁਤ ਹੀ ਪ੍ਰੇਸ਼ਾਨ ਹੈ।  ਸ੍ਰ. ਬਿੱਟੂ ਨੇ ਕਿਹਾ ਕਿ ਵਪਾਰੀਆਂ ਦੀ ਇਸ ਲੁੱਟ ਘਸੁੱਟ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਹ ਵਪਾਰੀ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਵਿਰੋਧ ਦਰਜ ਕਰਾਉਣਗੇ। ਜੇਕਰ ਜ਼ਰੂਰਤ ਪਈ ਤਾਂ ਵਿਭਾਗੀ ਦਫ਼ਤਰਾਂ ਦਾ ਘਿਰਾਉ ਕੀਤਾ ਜਾਵੇਗਾ ਅਤੇ ਅਧਿਕਾਰੀਆਂ ਨੂੰ ਦਫ਼ਤਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ। ਇਸ ਉਪਰੰਤ ਜੇਕਰ ਕਿਸੇ ਵੀ ਤਰ੍ਹਾਂ ਦਾ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਇਸ ਲਈ ਵਿਭਾਗ ਜਿੰਮੇਵਾਰ ਹੋਵੇਗਾ। ਸ੍ਰ. ਬਿੱਟੂ ਅਤੇ ਸ੍ਰੀ ਆਸ਼ੂ ਨੇ ਵਪਾਰੀ ਵਰਗ ਨੂੰ ਵੀ ਭਰੋਸਾ ਦਿੱਤਾ ਕਿ ਇਸ ਲੁੱਟ ਘਸੁੱਟ ਨੂੰ ਰੋਕਣ ਲਈ ਉਹ ਹਮੇਸ਼ਾਂ ਉਨ੍ਹਾਂ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੇ ਹਨ।