• Home
  • ਜਮਹੂਰੀ ਗੱਠਜੋੜ ਦੇ ਉਮੀਦਵਾਰ ਡਾ. ਗਾਂਧੀ ਨੇ ਜ਼ੀਰਕਪੁਰ ਚ ਖੋਲਿਆ ਚੋਣ ਦਫ਼ਤਰ

ਜਮਹੂਰੀ ਗੱਠਜੋੜ ਦੇ ਉਮੀਦਵਾਰ ਡਾ. ਗਾਂਧੀ ਨੇ ਜ਼ੀਰਕਪੁਰ ਚ ਖੋਲਿਆ ਚੋਣ ਦਫ਼ਤਰ

ਪੰਜਾਬ ਜਮਹੂਰੀ ਗੱਠਜੋੜ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਅੱਜ ਜ਼ੀਰਕਪੁਰ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਉਨ੍ਹਾਂ ਵਿਧਾਨ ਸਭਾ ਹਲਕਾ ਡੇਰਾਬਸੀ ਦੇ ਦਰਜਨਾਂ ਪਿੰਡਾਂ ਵਿੱਚ ਜਨ ਸਭਾਵਾਂ ਕਰਕੇ ਵੋਟਾਂ ਵੀ ਮੰਗੀਆਂ। ਡਾ. ਗਾਂਧੀ ਨੇ ਜ਼ੀਰਕਪੁਰ ਪਟਿਆਲਾ ਰੋਡ ਤੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਮਗਰੋਂ ਸ਼ਹਿਰ ’ਚ ਇਕ ਰਿਕਸ਼ੇ ’ਤੇ ਬੈਠਕੇ ਖੁਦ ਚੋਣ ਪ੍ਰਚਾਰ ਕੀਤਾ। ਅਨਹਾ ਸੰਬੋਧਨ ਕਰਦਿਆਂ ਕਿਹਾ ਕਿ ਉਹ ਕੁਰਸੀ ਦਾ ਸੁਖ ਭੋਗਣ ਲਈ ਨਹੀਂ ਸਗੋਂ ਰਾਜਨੀਤੀ ’ਚ ਬਦਲਾਅ ਲਈ ਚੋਣ ਮੈਦਾਨ ’ਚ ਆਏ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ਕੱਖੋਂ ਹੌਲੇ ਕੀਤੇ ਪੰਜਾਬ ਦੀ ਰਾਖੀ ਲਈ ਨੌਜਵਾਨਾਂ ਨੂੰ ਰਾਜਨੀਤੀ ਦੀ ਸੂਝ ਹੋਣਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਇਕ ਇਕ ਵੋਟ ਤੇ ਚੋਣ ਪ੍ਰਚਾਰ ਕਰਨ ਲਈ ਆਪਣੀ ਕਿਰਤ ਕਮਾਈ ’ਚੋਂ ਇਕ ਇਕ ਰੁਪਿਆ ਵੀ ਦੇਣ। ਉਨ੍ਹਾਂ ਝੋਲੀ ਵਿੱਚ ਰੁਪਿਆ ਪਾਉਣ ਵਾਲੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਵੱਲੋਂ ਦਿੱਤੇ ਇਕ ਇਕ ਪੈਸੇ ਦਾ ਉਨ੍ਹਾਂ ਨੂੰ ਹਿਸਾਬ ਦਿੱਤਾ ਜਾਵੇਗਾ। ਡਾ. ਗਾਂਧੀ ਨੇ ਕਿਹਾ ਕਿ ਮੋਦੀ ਤੋਂ ਸਿੱਖਿਆਂ ਲੈਂਦਿਆਂ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਚਲਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਦੇ ਕਹੇ ਤੇ ਕੁਰਸੀ ਦੀ ਲਾਲਸਾ ’ਚ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਦੇ ਭੋਲੇ ਲੋਕਾਂ ਨੂੰ ਵਰਗਲਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦੀ ਲੋਕ ਰਾਹ ਤੱਕ ਰਹੇ ਹਨ ਤੇ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ। ਡਾ. ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਪੰਜਾਬ ਦੇ ਨੌਜਵਾਨਾਂ ਦਾ ਹਰ ਘਰ ਨੌਕਰੀ ਮੁਹਿੰਮ ਤਹਿਤ ਕਾਰਡ ਬਣਾਉਣ ਵਾਲੇ ਕੈਪਟਨ ਅਮਰਿੰਦਰ ਨੇ ਕਾਲਜ ਪਲੇਸਮੈਂਟ ਜਿਹੜੀ ਕਿ ਪਹਿਲਾਂ ਵੀ ਵਿਦਿਆਰਥੀਆਂ ਲਈ ਮੌਜੂਦ ਸੀ, ਕਰਵਾ ਕਿ ਕਿਹੜਾ ਨਵਾਂ ਆਯਾਮ ਹਾਸਲ ਕਰ ਲਿਆ ਹੈ। ਇੱਕ ਦਿਹਾੜੀਦਾਰ ਤੋਂ ਵੀ ਘੱਟ ਤਨਖ਼ਾਹ ’ਤੇ ਪੜ੍ਹੇ ਲਿਖੇ ਨੌਜਵਾਨਾਂ ਦੀ ਪਲੇਸਮੈਂਟ ਕਰਵਾ ਕੇ ਕੈਪਟਨ ਅਮਰਿੰਦਰ ਨੇ ਉਨ੍ਹਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਹੈ। ਡਾ. ਗਾਂਧੀ ਨੇ ਕਿਹਾ ਕਿ 19 ਮਈ ਨੂੰ ਪੰਜਾਬ ਦੇ ਨੌਜਵਾਨ ਇਸ ਕਾਂਗਰਸ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਖ਼ਿਲਾਫ਼ ਇਕ ਮਤ ਹੋ ਕੇ ਪੰਜਾਬ ਜਮਹੂਰੀ ਗੱਠਜੋੜ ਨੂੰ ਕਾਮਯਾਬ ਬਣਾਉਣਗੇ।

ਇਸ ਮੌਕੇ ਉਨ੍ਹਾਂ ਦੇ ਨਾਲ ਬਲਦੇਵ ਸਿੰਘ ਮਹਿਰਾ ਸੂਬਾ ਸਕੱਤਰ ਬੀਐਸਪੀ, ਸਾਹਿਬ ਸਿੰਘ ਨੈਣਾਂ ਲੋਕ ਸਭਾ ਇੰਚਾਰਚ ਬਸਪ, ਅਵਤਾਰ ਸਿੰਘ ਹਰਪਾਲਪੁਰ ਪੰਜਾਬ ਏਕਤਾ ਪਰਟੀ, ਸੰਨੀ ਬਰਾੜ ਲੋਕ ਇਨਸਾਫ ਪਾਰਟੀ, ਨਵਾਂ ਪੰਜਾਬ ਪਾਰਟੀ ਤੋਂ ਗੁਰਪ੍ਰੀਤ ਕੌਰ ਗਿੱਲ, ਸਤਨਾਮ ਦਾਊਂ, ਸੁਮੀਤ ਸਿੰਘ, ਕਾਮਰੇਡ ਬਲਵਿੰਦਰ ਸਿੰਘ ਜੜ੍ਹੋਤ ਸੀ.ਪੀ.ਆਈ ਜਿਲ੍ਹਾ ਪ੍ਰਧਾਨ, ਗੁਰਨਾਮ ਸਿੰਘ ਮਹਿਰਾ,ਬਖਸੀਸ ਚੌਹਾਨ, ਐਡਵੋਕੇਟ ਤੇਜਿੰਦਰ ਸਿੱਧੂ, ਐਡਵੋਕੇਟ ਅਮਰਦੀਪ ਕੌਰ, ਦਿਲਪ੍ਰੀਤ ਗਿੱਲ ਆਦਿ ਹਾਜ਼ਰ ਸਨ।