• Home
  • ਹੁਣ ਸੂਰ ਕਰਨਗੇ ਪੰਜਾਬ ਨੂੰ ਖ਼ੁਸ਼ਹਾਲ

ਹੁਣ ਸੂਰ ਕਰਨਗੇ ਪੰਜਾਬ ਨੂੰ ਖ਼ੁਸ਼ਹਾਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਲੋਂ 200 ਕਰੋੜ ਰੁਪਏ ਦੀ ਕੀਮਤ ਦੇ ਜ਼ਿੰਦਾ ਸੂਰ ਹਰ ਸਾਲ ਨਾਗਾਲੈਂਡ ਨੂੰ ਸਪਲਾਈ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਸਬੰਧੀ ਅੱਜ ਨਾਗਾਲੈਂਡ ਸਰਕਾਰ ਇੱਕ ਉੱਚ ਪੱਧਰੀ ਵਫ਼ਦ ਨਾਲ ਮੀਟਿੰਗ ਦੌਰਾਨ ਆਪਸੀ ਸਹਿਮਤੀ ਬਣੀ ਹੈ। ਇਸ ਸਬੰਧੀ ਰਸਮੀ ਸਮਝੌਤਾ ਆਉਣ ਵਾਲੇ ਦਿਨਾਂ 'ਚ ਕੀਤਾ ਜਾਵੇਗਾ।
ਸ. ਸਿੱਧੂ ਨੇ ਦੱਸਿਆ ਕਿ ਵਫ਼ਦ ਨੇ ਵਿਸ਼ੇਸ਼ ਕਰ ਕੇ ਪੰਜਾਬ ਦੇ ਸੂਰਾਂ ਵਿੱਚ ਆਪਣੀ ਦਿਲਚਸਪੀ ਵਿਖਾਈ ਹੈ ਕਿਉਂਕਿ ਨਾਗਾਲੈਂਡ ਦੇ ਲੋਕ ਦੇਸ਼ ਦੇ ਹੋਰਨਾਂ ਖਿੱਤਿਆਂ ਦੇ ਸੂਰਾਂ ਦੇ ਮੁਕਾਬਲੇ ਪੰਜਾਬ ਦੇ ਸੂਰਾਂ ਨੂੰ ਵਧੀਆ ਅਤੇ ਨਰੋਆ ਮੰਨਦੇ ਹਨ।। ਉਨਾਂ ਦੱਸਿਆ ਕਿ ਸਹਿਮਤੀ ਅਨੁਸਾਰ 8000 ਸੂਰ ਹਰ ਮਹੀਨੇ ਨਾਗਾਲੈਂਡ ਨੂੰ ਭੇਜੇ ਜਾਣਗੇ ਅਤੇ ਸਾਲਾਨਾ 200 ਕਰੋੜ ਰੁਪਏ ਦੀ ਆਮਦਨ ਪੰਜਾਬ ਦੇ ਸੂਰ ਪਾਲਕਾਂ ਨੂੰ ਹੋਵੇਗੀ।
ਸ. ਸਿੱਧੂ ਨੇ ਦੱਸਿਆ ਕਿ ਫਿਲਹਾਲ ਪੰਜਾਬ ਦੇ 100 ਜ਼ਿੰਦਾ ਸੂਰ ਨਾਗਾਲੈਂਡ ਨੂੰ ਭੇਜੇ ਜਾਣਗੇ ਜਿਨਾਂ ਦੀ ਪ੍ਰਦਰਸ਼ਨੀ ਨਾਗੇਲੈਂਡ ਦੇ ਵੱਖ-ਵੱਖ ਹਿੱਸਿਆਂ 'ਚ ਲਗਾਈ ਜਾਵੇਗੀ।
ਸ. ਸਿੱਧੂ ਨੇ ਅੱਗੇ ਦੱਸਿਆ ਕਿ ਇਹ ਕਦਮ ਨਾਲ ਪੰਜਾਬ ਦੇ ਸੂਰ ਪਾਲਣ ਦੇ ਧੰਦੇ ਨਾਲ ਜੁੜੇ ਲੋਕਾਂ ਅਤੇ ਕਿਸਾਨਾਂ ਨੂੰ ਆਮਦਨ ਵਧਾਉਣ ਦਾ ਮੌਕਾ ਮਿਲੇਗਾ। ਉਨਾਂ ਦੱਸਿਆ ਕਿ ਇਸ ਦੇ ਨਾਲ ਹੀ ਨਾਗਾਲੈਂਡ ਦੇ ਵਫ਼ਦ ਨਾਲ ਚਿਕਨ ਮੀਟ ਅਤੇ ਮੱਛੀ ਸਪਲਾਈ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।